Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਸਰਕਾਰ ਦੀ ਰਿਪੋਰਟ ਤੇ ਸੰਸਦ ਮੈਂਬਰਾਂ ਤੋਂ ਸਿੱਖ ਨਿਰਾਸ਼

ਕੈਨੇਡਾ ‘ਚ ਸਰਕਾਰ ਦੀ ਰਿਪੋਰਟ ਤੇ ਸੰਸਦ ਮੈਂਬਰਾਂ ਤੋਂ ਸਿੱਖ ਨਿਰਾਸ਼

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਡੇਢ ਦਰਜਨ ਦੇ ਕਰੀਬ ਸਿੱਖ ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਵਿਚੋਂ ਚਾਰ ਕੈਬਨਿਟ ਮੰਤਰੀ ਹਨ ਪਰ ਲੰਘੀ 11 ਦਸੰਬਰ ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰੇ ਬਾਰੇ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿਚ (ਪਹਿਲੀ ਵਾਰੀ) ਸਿੱਖਾਂ ਨੂੰ ਸ਼ਾਮਿਲ ਕੀਤੇ ਜਾਣ ਤੋਂ ਕੈਨੇਡੀਅਨ ਸਿੱਖ ਨਿਰਾਸ਼ ਹੋਏ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਪਾਰਲੀਮੈਂਟ ਮੈਂਬਰਾਂ ਨੂੰ ਪਬਲਿਕ ਸੇਫਟੀ ਕੈਨੇਡਾ ਦੀ 31 ਸਫਿਆਂ ਦੀ ਰਿਪੋਰਟ (ਪਬਲਿਕ ਰਿਪੋਰਟ ਆਨ ਟੈਰੇਰਿਜ਼ਮ ਥਰੈਟ ਟੂ ਕੈਨੇਡਾ) ਵਿਚ ਸਿੱਖ (ਖਾਲਿਸਤਾਨੀ) ਐਕਸਟ੍ਰੀਮਇਜ਼ਮ ਸਿਰਲੇਖ ਹੇਠ ਦਰਜ 7 ਕੁ ਸਤਰਾਂ (5 ਵਾਕ) ਦੇ ਇਕ ਪੈਰ੍ਹੇ ਬਾਰੇ ਮੀਡੀਆ ਵਿਚ ਚਰਚਿਤ ਹੋਈਆਂ ਖਬਰਾਂ ਅਤੇ ਉੱਤਰੀ ਅਮਰੀਕਾ ‘ਚ ਸਿੱਖ ਸੰਸਥਾਵਾਂ ਦੇ ਸਖਤ ਵਿਰੋਧ ਤੋਂ ਬਾਅਦ ਪਤਾ ਲੱਗਣਾ ਸ਼ੁਰੂ ਹੋਇਆ।
2013 ਤੋਂ ਅਜਿਹੀ ਰਿਪੋਰਟ ਹਰੇਕ ਸਾਲ ਜਾਰੀ ਕੀਤੀ ਜਾਂਦੀ ਹੈ, ਜਿਸ ਵਿਚ ਸਿੱਖਾਂ ਨੂੰ ਪਹਿਲੀ ਵਾਰੀ ਸ਼ਾਮਿਲ ਕੀਤਾ ਗਿਆ ਹੈ ਜਦਕਿ ਇਸ ਸਮੇਂ ਦੌਰਾਨ ਕਿਸੇ ਸਿੱਖ ਵਲੋਂ ਕੈਨੇਡਾ ਦੀ ਸੁਰੱਖਿਆ ਨੂੰ ਠੇਸ ਪਹੁੰਚਾਉਣ ਵਾਲ਼ੀ ਕੋਈ ਘਟਨਾ ਸਾਹਮਣੇ ਨਹੀਂ ਆਈ। ਹੁਣ ਤੱਕ ਭਾਰਤ ਸਰਕਾਰ ਵਲੋਂ ਕੈਨੇਡਾ ਦੀ ਸਰਕਾਰ ਨੂੰ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਦੇ ਉਲਾਂਭੇ ਦਿੱਤੇ ਜਾਂਦੇ ਰਹੇ ਪਰ ਹੁਣ ਤਾਂ ਕੈਨੇਡਾ ਸਰਕਾਰ ਨੇ ਹੀ ਸਿੱਖਾਂ ਨੂੰ ਅੱਤਵਾਦ ਦੇ ਹਊਏ ਦੇ ਵਲੇਵੇਂ ਵਿਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਕਿ ਕੁਝ ਸਰਕਾਰੀ ਨੁਮਾਇੰਦਿਆਂ ਵਲੋਂ ਸਫਾਈਆਂ ਦਿੱਤੀਆਂ ਗਈਆਂ ਹਨ ਕਿ ਸਾਰੀ ਸਿੱਖ ਕੌਮ ਨੂੰ ਕੁਝ ਨਹੀਂ ਕਿਹਾ ਗਿਆ ਸਗੋਂ ਰਿਪੋਰਟ ਦਾ ਇਸ਼ਾਰਾ ਸਿੱਖ (ਖਾਲਿਸਤਾਨੀ) ਕੱਟੜ ਵਿਚਾਰਧਾਰਾ ਅਤੇ ਲਹਿਰ ਦਾ ਸਮਰਥਨ ਕਰਨ ਵਾਲ਼ੇ ਕੈਨੇਡਾ ਵਾਸੀ ਕੁਝ ਵਿਅਕਤੀਆਂ ਵੱਲ ਹੈ। ਪਰ ਬਿਨਾ ਕਿਸੇ ਦੇ ਨਾਮ, ਸਬੂਤ ਅਤੇ ਢੁਕਵੇਂ ਵਿਸਥਾਰ ਤੋਂ ਰਿਪੋਰਟ ਵਿਚ ਸਿੱਖ (ਖਾਲਿਸਤਾਨੀ) ਕੱਟੜਵਾਦ ਸਿਰਲੇਖ ਤਹਿਤ ਲਿਖੀਆਂ ਸਤਰਾਂ ਉਪਰ ਸਿੱਖ ਨੇ ਇਤਰਾਜ਼ ਜ਼ਾਹਿਰ ਕੀਤੇ ਹਨ ਅਤੇ ਸਮਝਿਆ ਜਾ ਰਿਹਾ ਹੈ ਕਿ ਬੀਤੇ ਸਮੇਂ ਦੀ ਘਾਲਣਾ ਤੋਂ ਬਾਅਦ ਕੈਨੇਡਾ ਵਿਚ ਸਿੱਖਾਂ ਦੇ ਬਣੇ ਅਕਸ ਦਾ ਵੱਡਾ ਨੁਕਸਾਨ ਕਰ ਦਿੱਤਾ ਗਿਆ ਹੈ। ਇਹ ਵੀ ਕਿ ਇਸ ਦਾ ਵਿਰੋਧ ਕਰਨ ‘ਚ ਸਿੱਖ ਸੰਸਦ ਮੈਂਬਰਾਂ ਦੀ ਦੇਰੀ ਉਪਰ ਨਿਰਾਸ਼ਾ ਪ੍ਰਗਟਾਈ ਜਾ ਰਹੀ ਹੈ।
ਬ੍ਰਿਟਿਸ਼ ਕੋਲੰਬੀਆ ਅਤੇ ਉਨਟਾਰੀਓ ਤੋਂ ਕੁਝ ਸਿੱਖ ਸੰਸਦ ਮੈਂਬਰਾਂ ਨੇ ਆਪਣੇ ਵਲੋਂ ਤਰਕ ਦਿੱਤਾ ਹੈ ਕਿ ਇਹ ਰਿਪੋਰਟ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦੀ ਹੈ ਜਿਸ ਬਾਰੇ ਸੰਸਦ ਮੈਂਬਰਾਂ ਅਤੇ ਸੰਸਦੀ ਕਮੇਟੀਆਂ ਨੂੰ ਅਗਾਊਂ ਨਹੀਂ ਦੱਸਿਆ ਜਾਂਦਾ ਪਰ ਜਿਓਂ ਹੀ ਇਸ ਬਾਰੇ ਪਤਾ ਲੱਗਾ ਤਾਂ ਸਾਰਿਆਂ ਨੇ ਇਕੱਠੇ ਹੋ ਕੇ ਤੁਰੰਤ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨਾਲ਼ ਮੀਟਿੰਗ ਕੀਤੀ। ਇਸੇ ਦੌਰਾਨ ਮੰਤਰੀ ਗੁਡੇਲ ਨੇ ਕਿਹਾ ਹੈ ਕਿ ਰਿਪੋਰਟ ਰਾਹੀਂ ਕਿਸੇ ਧਰਮ/ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਰਿਪੋਰਟ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸਿੱਖ, ਸ਼ੀਆ, ਸੁੰਨੀ ਭਾਈਚਾਰਿਆਂ ਬਾਰੇ ਵਰਤੀ ਗਈ ਸ਼ਬਦਾਵਲੀ ਵਿਚ ਢੁਕਵੀਂ ਦਰੁੱਸਤੀ ਕੀਤੀ ਜਾਵੇਗੀ। ਜਦਕਿ ਵੱਖ-ਵੱਖ ਕੈਨੇਡੀਅਨ ਸਿੱਖ ਆਗੂਆਂ ਦਾ ਮੰਨਣਾ ਹੈ ਕਿ ਸ਼ਬਦਾਂ ਦੇ ਹੇਰ-ਫੇਰ ਨਾਲ ਕੌਮ ਦੀ ਤਸੱਲੀ ਨਹੀਂ ਹੋਵੇਗੀ ਅਤੇ ਰਿਪੋਰਟ ਵਿਚੋਂ ਸਿੱਖਾਂ ਬਾਰੇ ਪੂਰਾ ਪੈਰ੍ਹਾ ਕੱਢਣ ‘ਤੇ ਕੌਮ ਤੋਂ ਮੁਆਫੀ ਮੰਗਣ ਤੱਕ ਦੀ ਮੰਗ ਕੀਤੀ ਜਾ ਰਹੀ ਹੈ।
ਉਨਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਅਤੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾਜ਼ ਕਾਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਮੰਤਰੀ ਗੁਡੇਲ ਨਾਲ ਮੀਟਿੰਗ ਕਰਨ ਲਈ ਸਮਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਸੰਸਦ ਮੈਂਬਰ ਸੁੱਖ ਧਾਲੀਵਾਲ, ਰਮੇਸ਼ਵਰ ਸੰਘਾ ਅਤੇ ਸੋਨੀਆ ਸਿੱਧੂ ਨੇ ਇਸ ਪੱਤਰਕਾਰ ਨਾਲ਼ ਵਿਸਥਾਰ ਵਿਚ ਗੱਲਬਾਤ ਕੀਤੀ ਅਤੇ ਦੱਸਿਆ ਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਮੁੱਦੇ ‘ਤੇ ਇਕਜੁੱਟਤਾ ਨਾਲ਼ ਕੰਮ ਕੀਤਾ ਜਾ ਰਿਹਾ ਹੈ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …