Breaking News
Home / ਜੀ.ਟੀ.ਏ. ਨਿਊਜ਼ / ਇਮੀਗ੍ਰੇਸ਼ਨ ਵਿਭਾਗਨੇ ਨਵੇਂ ਪਰਵਾਸੀਆਂ ਕੋਲੋਂ ਵਸੇਬੇ ਲਈ ਮੰਗੀਆਂ ਅਰਜ਼ੀਆਂ

ਇਮੀਗ੍ਰੇਸ਼ਨ ਵਿਭਾਗਨੇ ਨਵੇਂ ਪਰਵਾਸੀਆਂ ਕੋਲੋਂ ਵਸੇਬੇ ਲਈ ਮੰਗੀਆਂ ਅਰਜ਼ੀਆਂ

ਨਵੇਂ ਪਰਵਾਸੀਆਂ ਲਈ ਵਸੇਬਾ ਅਤੇ ਮੁੜ ਵਸੇਬਾ ਯੋਜਨਾਵਾਂ ਦੀ ਪ੍ਰਕਿਰਿਆ ਬੇਹੱਦ ਅਸਰਦਾਰ ਤੇ ਪਾਰਦਰਸ਼ੀ : ਅਹਿਮਦ ਹੁਸੈਨ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵੇਂ ਪਰਵਾਸੀਆਂ ਤੇ ਉਨ੍ਹਾਂ ਦੇ ਵਸੇਬੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਅਰਜ਼ੀਆਂ ਕੈਨੇਡਾ ਆਉਣ ਵਾਲੇ ਨਵੇਂ ਪਰਵਾਸੀਆਂ ਨੂੰ ਹੁਨਰ ਅਤੇ ਤਜਰਬੇ ਮੁਤਾਬਕ ਰੁਜ਼ਗਾਰ ਲੱਭਣ ਵਿਚ ਮੱਦਦ ਕਰਨ, ਭਾਸ਼ਾਈ ਸਹੂਲਤਾਂ ਦੀ ਸਿਖਲਾਈ ਦੇਣ ਅਤੇ ਸਫਲ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਿਚ ਸਹਾਈ ਹੋਣ ਦੇ ਮਕਸਦ ਨਾਲ ਮੰਗੀਆਂ ਜਾ ਰਹੀਆਂ ਹਨ। ਇਹ ਅਰਜ਼ੀਆਂ ਦੇਣ ਦੀ ਆਖਰੀ ਮਿਤੀ 12 ਅਪ੍ਰੈਲ ਤੈਅ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ 2019 ਦੇ ਪਹਿਲੇ ਸੱਦੇ ਤਹਿਤ ਅਰਜ਼ੀਆਂ 12 ਅਪ੍ਰੈਲ ਨੂੰ ਸ਼ਾਮ 5.00 ਵਜੇ ਤੱਕ ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਵਿਭਾਗ ਕੋਲ ਪੁੱਜ ਜਾਣੀਆਂ ਚਾਹੀਦੀਆਂ ਹਨ।
ਕੈਨੇਡਾ ਸਰਕਾਰ ਵਲੋਂ ਨਵੇਂ ਪਰਵਾਸੀਆਂ ਦੀਆਂ ਵਸੇਬਾ ਜ਼ਰੂਰਤਾਂ ਤੇ 2019-20 ਦੌਰਾਨ 778 ਮਿਲੀਅਨ ਡਾਲਰ ਖਰਚ ਕੀਤੇ ਜਾਣ ਦੀ ਤਜਵੀਜ਼ ਹੈ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਨਵੇਂ ਪਰਵਾਸੀਆਂ ਲਈ ਵਸੇਬਾ ਅਤੇ ਮੁੜ ਵਸੇਬਾ ਯੋਜਨਾਵਾਂ ਤਹਿਤ ਤਜਵੀਜ਼ਾਂ ਲਈ ਸੱਦੇ ਦੀ ਪ੍ਰਕਿਰਿਆ ਬੇਹੱਦ ਅਸਰਦਾਰ ਅਤੇ ਪਾਰਦਰਸ਼ੀ ਹੈ। ਕਾਲ ਫਾਰ ਪ੍ਰਪੋਜ਼ਲਜ਼ ਭਾਵ ਸੀ.ਐਫ.ਪੀ. ਅਧੀਨ ਆਉਣ ਵਾਲੀਆਂ ਅਰਜ਼ੀਆਂ ਦਾ ਮੁਲਾਂਕਣ ਪਰਵਾਸੀਆਂ ਦੀ ਯੋਗਤਾ ਅਤੇ ਹੋਰਨਾਂ ਪਹਿਲੂਆਂ ਨੂੰ ਧਿਆਨ ‘ਚ ਰੱਖਦਿਆਂ ਕੀਤਾ ਜਾਂਦਾ ਹੈ। ਵਸੇਬਾ ਯੋਜਨਾ ਤਹਿਤ ਨਵੇਂ ਪਰਵਾਸੀਆਂ ਨੂੰ ਕੈਨੇਡਾ ਵਿਚ ਜ਼ਿੰਦਗੀ ਬਤੀਤ ਕਰਨ ਵਾਲੇ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤੇ ਉਨ੍ਹਾਂ ਕੋਲੋਂ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੀ ਕਮਿਊਨਿਟੀ ਵਿਚ ਵਸਣਾ ਪਸੰਦ ਕਰਨਗੇ।
ਇਸ ਤਰੀਕੇ ਨਾਲ ਨਾ ਸਿਰਫ ਪਰਵਾਸੀਆਂ ਨੂੰ ਫਾਇਦਾ ਹੁੰਦਾ ਹੈ, ਸਗੋਂ ਉਹ ਛੇਤੀ ਤੋਂ ਛੇਤੀ ਕੈਨੇਡੀਅਨ ਅਰਥਚਾਰੇ ਵਿਚ ਯੋਗਦਾਨ ਪਾਉਣ ਦੇ ਸਮਰੱਥ ਬਣ ਜਾਂਦੇ ਹਨ। ਦੂਜੇ ਪਾਸੇ ਮੁੜ ਵਸੇਬਾ ਯੋਜਨਾ ਤਹਿਤ ਰਫਿਊਜ਼ੀਆਂ ਅਤੇ ਵਿਦੇਸ਼ ਤੋਂ ਪੁੱਜੇ ਹੋਰਨਾਂ ਯੋਗ ਪਰਵਾਸੀਆਂ ਲਈ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਕੈਨੇਡੀਅਨ ਸਮਾਜ ਦਾ ਹਿੱਸਾ ਬਣਨ ਲਈ ਤਿਆਰ ਹੋ ਸਕਣ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …