Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਵਿਚ ਤਨਖਾਹਾਂ ਦੇ ਮਾਮਲੇ ‘ਚ ਲਿੰਗਕ ਪਾੜਾ ਹੋਵੇਗਾ ਖਤਮ

ਓਨਟਾਰੀਓ ਵਿਚ ਤਨਖਾਹਾਂ ਦੇ ਮਾਮਲੇ ‘ਚ ਲਿੰਗਕ ਪਾੜਾ ਹੋਵੇਗਾ ਖਤਮ

ਸਰਕਾਰ ਵਲੋਂ ਪੇਅ ਟਰਾਂਸਪੇਰੈਂਸੀ ਬਿਲ ਕੀਤਾ ਜਾਵੇਗਾ ਪੇਸ਼
ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓ ਵਿਚ ਤਨਖਾਹਾਂ ਦੇ ਮਾਮਲੇ ਵਿਚ ਲਿੰਗਕ ਪਾੜਾ ਖਤਮ ਕਰਨ ਲਈ ਸਰਕਾਰ ਯਤਨਸ਼ੀਲ ਹੈ। ਹੁਣ ਸਰਕਾਰ ਵਲੋਂ ਜਲਦ ਹੀ ਪੇਅ ਟਰਾਂਸਪੇਰੈਂਸੀ ਬਿੱਲ ਪੇਸ਼ ਕੀਤਾ ਜਾਵੇਗਾ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਲਿੰਗ ਦੇ ਅਧਾਰ ਉੱਤੇ ਤਨਖਾਹਾਂ ਵਿਚਲਾ ਪਾੜਾ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਖ਼ਤਮ ਨਹੀਂ ਹੋ ਰਿਹਾ। ਇਸ ਲਈ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਫਰਮਾਂ ਨੂੰ ਰੋਜ਼ਗਾਰ ਲਈ ਦਿੱਤੇ ਜਾਣ ਵਾਲੇ ਇਸ਼ਤਿਹਾਰ ਵਿੱਚ ਤਨਖਾਹ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦੇਣ ਲਈ ਦਬਾਅ ਪਾਵੇਗੀ। ਇਸ ਦੇ ਨਾਲ ਹੀ ਅਜਿਹੀਆਂ ਫਰਮਾਂ ਨੂੰ ਆਪਣੇ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਬਾਰੇ ਪ੍ਰੋਵਿੰਸ ਨੂੰ ਰਿਪੋਰਟ ਕਰਨ ਲਈ ਵੀ ਆਖਿਆ ਜਾਵੇਗਾ। ਓਨਟਾਰੀਓ ਵਿੱਚ ਜਲਦ ਹੀ ਤਨਖਾਹਾਂ ਦੇ ਮਾਮਲੇ ਵਿੱਚ ਲਿੰਗਕ ਪਾੜੇ ਨੂੰ ਖਤਮ ਕਰਨ ਲਈ ਪੇਅ ਟਰਾਂਸਪੇਰੈਂਸੀ ਬਿੱਲ ਪੇਸ਼ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਬਰ ਮੰਤਰੀ ਕੈਵਿਨ ਫਲਿਨ ਨੇ ਆਖਿਆ ਕਿ ਓਨਟਾਰੀਓ ਵਿੱਚ ਹੀ ਸਾਡੇ ਕੋਲ ਲਿੰਗ ਦੇ ਆਧਾਰ ਉੱਤੇ ਤਨਖਾਹਾਂ ਦੇ ਮਾਮਲੇ ਵਿੱਚ 29 ਫੀਸਦੀ ਦਾ ਪਾੜਾ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ ਕੀਤੀਆਂ ਜਾਣ ਵਾਲੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਪਾਸੇ ਸਾਨੂੰ ਕੋਈ ਖਾਸ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ। ਅਸੀਂ ਇਹ ਨਿਯਮ ਲਿਆਉਣਾ ਚਾਹੁੰਦੇ ਹਾਂ ਕਿ ਮਹਿਲਾਵਾਂ ਵੀ ਬਰਾਬਰ ਦੀਆਂ ਭਾਈਵਾਲ ਹਨ ਤੇ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੀ ਵੀ ਪੂਰੀ ਅਹਿਮੀਅਤ ਹੈ। ਉਨ੍ਹਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ।
ਉਨ੍ਹਾਂ ਆਖਿਆ ਕਿ ਸਾਡੇ ਕੋਲ ਦੁਨੀਆ ਦਾ ਬਿਹਤਰੀਨ ਤਨਖਾਹ ਦੀ ਬਰਾਬਰੀ ਵਾਲਾ ਕਾਨੂੰਨ ਹੈ। ਪਰ ਅਸੀਂ ਇਸ ਨੂੰ ਲਾਗੂ ਕਰਨ ਵਿੱਚ ਉੱਕ ਰਹੇ ਹਾਂ। ਇਸ ਲਈ ਅਸੀਂ ਕਾਰੋਬਾਰਾਂ ਨੂੰ ਵਾਲੰਟੀਅਰ ਤੌਰ ਉੱਤੇ ਇਸ ਪਾਸੇ ਕਦਮ ਚੁੱਕਣ ਲਈ ਅੱਗੇ ਆਉਣ ਵਾਸਤੇ ਆਖਿਆ। ਅਸੀਂ ਉਨ੍ਹਾਂ ਨੂੰ ਆਖਿਆ ਕਿ ਮਹਿਲਾਵਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਤੇ ਲੀਡਰਸ਼ਿਪ ਵਾਲੀਆਂ ਭੂਮਿਕਾਵਾਂ ਦਿੱਤੀਆਂ ਜਾਣ। ਪਰ ਇਹ ਸੱਭ ਕੰਮ ਨਹੀਂ ਕਰ ਰਿਹਾ। ਉਨ੍ਹਾਂ ਆਖਿਆ ਕਿ ਆਸਟਰੇਲੀਆ, ਜਰਮਨੀ ਤੇ ਯੂਨਾਈਟਿਡ ਕਿੰਗਡਮ ਦੀ ਤਰਜ਼ ਉੱਤੇ ਓਨਟਾਰੀਓ ਦਾ ਇਹ ਪ੍ਰਸਤਾਵ ਕੈਨੇਡਾ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰਸਤਾਵ ਹੈ। ਇਸ ਨਾਲ ਇਹ ਪਾੜਾ 15 ਜਾਂ 16 ਫੀਸਦੀ ਤੱਕ ਘੱਟ ਹੋ ਸਕਦਾ ਹੈ।

Check Also

ਸਰਵੇਖਣ ਏਜੰਸੀ ਨੈਨੋਜ਼ ਅਨੁਸਾਰ

ਕੰਸਰਵੇਟਿਵਾਂ ਦੇ ਸਮਰਥਨ ‘ਚ ਲਗਾਤਾਰ ਹੋ ਰਿਹਾ ਹੈ ਵਾਧਾ ਲਿਬਰਲਾਂ ਅਤੇ ਐਨਡੀਪੀ ਦਰਮਿਆਨ ਬਰਾਬਰ ਦੀ …