Breaking News
Home / ਜੀ.ਟੀ.ਏ. ਨਿਊਜ਼ / ਕੋਵਿਡ-19 ਲਈ ਘਰ ‘ਚ ਹੀ ਲਈ ਜਾ ਸਕਣ ਵਾਲੀ ਐਂਟੀਵਾਇਰਲ ਦਵਾਈ ਨੂੰ ਹੈਲਥ ਕੈਨੇਡਾ ਦੀ ਮਨਜ਼ੂਰੀ

ਕੋਵਿਡ-19 ਲਈ ਘਰ ‘ਚ ਹੀ ਲਈ ਜਾ ਸਕਣ ਵਾਲੀ ਐਂਟੀਵਾਇਰਲ ਦਵਾਈ ਨੂੰ ਹੈਲਥ ਕੈਨੇਡਾ ਦੀ ਮਨਜ਼ੂਰੀ

ਓਟਵਾ/ਬਿਊਰੋ ਨਿਊਜ਼ : ਹੈਲਥ ਕੈਨੇਡਾ ਨੇ ਫਾਈਜ਼ਰ ਦੇ ਕੋਵਿਡ-19 ਐਂਟੀਵਾਇਰਲ ਟਰੀਟਮੈਂਟ ਪੈਕਸਲੋਵਿਡ ਨੂੰ ਦੇਸ਼ ਵਿੱਚ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲੀ ਅਜਿਹੀ ਐਂਟੀਵਾਇਰਲ ਦਵਾਈ ਹੈ ਜਿਸ ਨੂੰ ਘਰ ਵਿੱਚ ਹੀ ਕੈਨੇਡੀਅਨ ਲੈ ਸਕਣਗੇ ਤੇ ਇਹ ਕੋਵਿਡ-19 ਦੇ ਹਲਕੇ ਤੋਂ ਦਰਮਿਆਨੇ ਲੱਛਣਾਂ ਦਾ ਇਲਾਜ਼ ਕਰ ਸਕੇਗੀ।
ਫੈਡਰਲ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਇਹ ਪ੍ਰਿਸਕ੍ਰਿਪਸ਼ਨ ਵਾਲੀ ਦਵਾਈ ਹੈ ਜਿਸ ਨੂੰ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗ ਲੈ ਸਕਣਗੇ, ਬਸਰਤੇ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੋਵੇ ਤੇ ਉਹ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੇ ਕੰਢੇ ਉੱਤੇ ਹੋਣ। ਇਹ ਮਨਜ਼ੂਰੀ ਸਖਤ ਹਦਾਇਤਾਂ ਨਾਲ ਮਿਲੀ ਹੈ, ਬਾਕਾਇਦਾ ਇਹ ਦੱਸਿਆ ਗਿਆ ਹੈ ਕਿ ਕਿਸ ਸੂਰਤ ਵਿੱਚ ਇਸ ਦਵਾਈ ਦੀ ਵਰਤੋਂ ਨਹੀਂ ਹੋ ਸਕੇਗੀ। ਇਸ ਦਵਾਈ ਦੀ ਵਰਤੋਂ ਕੋਵਿਡ-19 ਇਨਫੈਕਸ਼ਨ ਰੋਕਣ ਲਈ ਨਹੀਂ ਹੋ ਸਕੇਗੀ ਜਾਂ ਉਨ੍ਹਾਂ ਮਰੀਜ਼ਾਂ ਦਾ ਇਲਾਜ਼ ਕਰਨ ਲਈ ਨਹੀਂ ਹੋ ਸਕੇਗੀ ਜਿਹੜੇ ਕੋਵਿਡ-19 ਦੇ ਗੰਭੀਰ ਰੂਪ ਲੈਣ ਕਾਰਨ ਪਹਿਲਾਂ ਹੀ ਹਸਪਤਾਲਾਂ ਵਿੱਚ ਭਰਤੀ ਹਨ। ਇਹ ਦਵਾਈ-ਦੋ ਐਂਟੀਵਾਇਰਲ ਮੈਡੀਸਿਨਜ਼ ਨੂੰ ਇੱਕਠਿਆਂ ਪੈਕ ਕੀਤਾ ਗਿਆ ਹੈ-ਲਗਾਤਾਰ ਪੰਜ ਦਿਨ ਤੋਂ ਜਿਆਦਾ ਇੱਕਠਿਆਂ ਨਹੀਂ ਲਈ ਜਾ ਸਕਦੀ, ਨਾ ਹੀ ਇਹ ਟੀਨਏਜ਼ ਜਾਂ ਬੱਚਿਆਂ ਨੂੰ ਹੀ ਦਿੱਤੀ ਜਾ ਸਕਦੀ ਹੈ। ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾ. ਸੁਪਰੀਆ ਸ਼ਰਮਾ ਨੇ ਆਖਿਆ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਖਿਲਾਫ ਇਹ ਨਵਾਂ ਟੂਲਕਿੱਟ ਮਿਲਿਆ ਹੈ ਤੇ ਹਾਈ ਰਿਸਕ ਲੋਕਾਂ ਲਈ ਇਹ ਵਧੇਰੇ ਪਹੁੰਚ ਵਿੱਚ ਰਹਿਣ ਵਾਲਾ ਐਂਟੀਵਾਇਰਲ ਇਲਾਜ਼ ਹੈ।
ਉਨ੍ਹਾਂ ਆਖਿਆ ਕਿ ਭਾਵੇਂ ਇਸ ਇਲਾਜ ਨਾਲ ਕੋਵਿਡ-19 ਮਰੀਜਾਂ ਦੀ ਗਿਣਤੀ ਘਟਾਉਣ ਵਿੱਚ ਮਦਦ ਮਿਲੇਗੀ ਪਰ ਪੈਕਸਲੋਵਿਡ ਸਮੇਤ ਕੋਈ ਵੀ ਦਵਾਈ ਵੈਕਸੀਨੇਸ਼ਨ ਦਾ ਬਦਲ ਨਹੀਂ ਹੈ। ਇਸ ਓਰਲ ਦਵਾਈ ਲਈ ਫਾਈਜ਼ਰ ਨੇ ਪਹਿਲੀ ਦਸੰਬਰ, 2021 ਨੂੰ ਕਲੀਨਿਕਲ ਡਾਟਾ ਜਮ੍ਹਾਂ ਕਰਵਾਇਆ ਸੀ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …