ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਜੂਨ ਵਿੱਚ ਕੈਨੇਡਾ ਦੀ ਮਹਿੰਗਾਈ ਦਰ 2.8 ਫੀ ਸਦੀ ਤੱਕ ਡਿੱਗ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਕੈਨੇਡੀਅਨਜ਼ ਨੂੰ ਹੁਣ ਥੋੜ੍ਹੀ ਰਾਹਤ ਮਿਲੇਗੀ।
ਮਈ ਵਿੱਚ 3.4 ਫੀਸਦੀ ਤੋਂ ਹੇਠਾਂ ਆਈ ਇਹ ਸਾਲਾਨਾ ਮਹਿੰਗਾਈ ਦਰ ਮਾਰਚ 2021 ਤੋਂ ਲੈ ਕੇ ਹੁਣ ਤੱਕ ਬੈਂਕ ਆਫ ਕੈਨੇਡਾ ਦੀ ਇੱਕ ਤੇ ਤਿੰਨ ਫੀਸਦੀ ਦਰਮਿਆਨ ਟਾਰਗੈਟ ਰੇਂਜ ਦੇ ਵੀ ਅੰਦਰ ਨਹੀਂ ਹੈ। ਦਿੱਲੀ ਵਿੱਚ ਜੀ-20 ਵਿੱਤ ਮੰਤਰੀਆਂ ਦੀ ਹੋ ਰਹੀ ਮੀਟਿੰਗ ਤੋਂ ਬਾਅਦ ਟੈਲੀਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਹ ਬਹੁਤ ਹੀ ਅਹਿਮ ਘੜੀ ਹੈ। ਇਸ ਨਾਲ ਕੈਨੇਡੀਅਨਜ਼ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਇਹ ਵੀ ਆਖਿਆ ਕਿ ਉਹ ਕੈਨੇਡੀਅਨਜ਼ ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਕੋਵਿਡ ਦੀ ਮਾਰ ਜਦੋਂ ਪਹਿਲੀ ਵਾਰੀ ਪਈ ਸੀ ਉਦੋਂ ਤੋਂ ਹੀ ਆਰਥਿਕ ਤੌਰ ਉੱਤੇ ਕਾਫੀ ਮਾੜੀ ਸਥਿਤੀ ਚੱਲ ਰਹੀ ਹੈ। ਇਸ ਲਈ ਇਹ ਕਾਫੀ ਖੁਸ਼ੀ ਦਾ ਮੌਕਾ ਹੈ।
ਪਿਛਲੇ ਸਾਲ ਜੂਨ ਵਿੱਚ 8.1 ਫੀ ਸਦੀ ਤੱਕ ਅੱਪੜ ਜਾਣ ਤੋਂ ਬਾਅਦ ਦੋ ਸਾਲਾਂ ਵਿੱਚ ਇਸ ਸਮੇਂ ਮਹਿੰਗਾਈ ਦਰ ਸੱਭ ਤੋਂ ਹੇਠਲੇ ਪੱਧਰ ਉੱਤੇ ਆਈ ਹੈ। ਜਿਵੇਂ ਕਿ ਫਰੀਲੈਂਡ ਨੇ ਜ਼ਿਕਰ ਕੀਤਾ, ਹਰੇਕ ਜੀ-7 ਦੇਸ਼ ਦੇ ਮੁਕਾਬਲੇ ਕੈਨੇਡਾ ਵਿੱਚ ਮਹਿੰਗਾਈ ਸੱਭ ਨਾਲੋਂ ਘੱਟ ਹੈ। ਇੱਥੇ ਦੱਸਣਾ ਬਣਦਾ ਹੈ ਕਿ ਯੂਕੇ ਵਿੱਚ ਮਹਿੰਗਾਈ ਦਰ 8.7 ਫੀ ਸਦੀ ਤੇ ਜਾਪਾਨ ਵਿੱਚ 3.2 ਫੀ ਸਦੀ ਹੈ। ਫਰੀਲੈਂਡ ਭਾਵੇਂ ਮਹਿੰਗਾਈ ਘਟਣ ਦੇ ਗੁਣਗਾਣ ਕਰ ਰਹੀ ਹੋਵੇ ਪਰ ਅਜੇ ਵੀ ਬਹੁਤੇ ਕੈਨੇਡੀਅਨਜ਼ ਅਜਿਹੇ ਹਨ ਜਿਹੜੇ ਰੋਜ਼ਾਨਾ ਮਹਿੰਗਾਈ ਦੀ ਮਾਰ ਸਹਿਣ ਲਈ ਮਜਬੂਰ ਹਨ, ਖਾਸਤੌਰ ਉੱਤੇ ਗਰੌਸਰੀ ਸਟੋਰਜ਼ ਉੱਤੇ ਜਿਨ੍ਹਾਂ ਨੂੰ ਅਜੇ ਵੀ ਮਹਿੰਗਾਈ ਦਾ ਨਿੱਤ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਕੰਸਰਵੇਟਿਵ ਐਮਪੀ ਤੇ ਫਾਇਨਾਂਸ ਕ੍ਰਿਟਿਕ ਜਸਰਾਜ ਸਿੰਘ ਹੱਲਾਂ ਨੇ ਆਖਿਆ ਕਿ ਇੱਕ ਪਾਸੇ ਕੈਨੇਡੀਅਨਜ਼ ਨੂੰ ਗਰੌਸਰੀ ਖਰੀਦਣ, ਕਿਰਾਇਆ ਦੇਣ ਜਾਂ ਆਪਣੀ ਕਾਰ ਵਿੱਚ ਗੈਸ ਭਰਵਾਉਣ ਲਈ ਜੱਦੋ ਜਹਿਦ ਕਰਨੀ ਪੈ ਰਹੀ ਹੈ ਅਜਿਹੇ ਵਿੱਚ ਉਨ੍ਹਾਂ ਨੂੰ ਇਹ ਆਖਣਾ ਕਿ ਹੁਣ ਤਾਂ ਸੱਭ ਠੀਕ ਹੈ ਕਿਆਸ ਤੋਂ ਬਾਹਰੀ ਗੱਲ ਹੈ। ਉਨ੍ਹਾਂ ਆਖਿਆ ਕਿ ਇੰਜ ਲੱਗਦਾ ਹੈ ਕਿ ਜਿਵੇਂ ਲਿਬਰਲ ਕਿਸੇ ਹੋਰ ਦੁਨੀਆ ਵਿੱਚ ਰਹਿ ਰਹੇ ਹੋਣ ਤੇ ਜਿਵੇਂ ਉਹ ਹਕੀਕਤ ਤੋਂ ਜਾਣੂ ਹੀ ਨਹੀਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …