ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਪੀਡੀਐਟ੍ਰਿਕ ਹੈਲਥ ਕੇਅਰ ਨਾਲ ਸਬੰਧਤ ਫੰਡਾਂ ਵਿੱਚ 330 ਮਿਲੀਅਨ ਡਾਲਰ ਦਾ ਵਾਧਾ ਕੀਤਾ ਜਾ ਰਿਹਾ ਹੈ। ਸਰਕਾਰ ਨਹੀਂ ਚਾਹੁੰਦੀ ਕਿ ਪਿਛਲੇ ਸਾਲ ਰੈਸਪੀਰੇਟਰੀ ਵਾਇਰਸ ਫੈਲਣ ਨਾਲ ਬੱਚਿਆਂ ਦੇ ਹਸਪਤਾਲਾਂ ਉੱਤੇ ਜਿਹੜਾ ਬੋਝ ਪਿਆ ਸੀ ਉਹੋ ਜਿਹਾ ਭਵਿੱਖ ਵਿੱਚ ਕਦੇ ਹੋਵੇ।
ਬੁੱਧਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਸ ਨਾਲ ਬੱਚਿਆਂ ਦੇ ਹਸਪਤਾਲਾਂ ਨੂੰ ਆਪਣੇ ਸਟਾਫ ਵਿੱਚ ਵਾਧਾ ਕਰਨਾ ਹੋਵੇਗਾ ਤੇ ਹੋਰ ਸੇਵਾਵਾਂ ਦੇਣੀਆਂ ਹੋਣਗੀਆਂ। ਓਟਵਾ ਵਿੱਚ ਚਿਲਡਰਨਜ਼ ਹੌਸਪਿਟਲ ਆਫ ਈਸਟਰਨ ਓਨਟਾਰੀਓ ਵਿੱਚ ਇਹ ਐਲਾਨ ਕਰਦਿਆਂ ਫੋਰਡ ਨੇ ਆਖਿਆ ਕਿ ਅਸੀਂ ਸੱਭ ਜਾਣਦੇ ਹਾਂ ਕਿ ਜਦੋਂ ਬੱਚੇ ਬਿਮਾਰ ਹੁੰਦੇ ਹਨ ਤਾਂ ਮਾਪੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਦਾ ਨਾਂ ਬੈਕਲਾਗ ਲਿਸਟ ਜਾਂ ਵੇਟਲਿਸਟ ਵਿੱਚ ਆਵੇ। ਤੁਸੀਂ ਚਾਹੁੰਦੇ ਹੋਂ ਕਿ ਬੱਚੇ ਦੀ ਪੂਰੀ ਸੰਭਾਲ ਹੋਵੇ ਤੇ ਜਲਦ ਤੋਂ ਜਲਦ ਬੱਚਾ ਠੀਕ ਹੋ ਜਾਵੇ।
ਉਨ੍ਹਾਂ ਆਖਿਆ ਕਿ ਇਸੇ ਲਈ ਇਸ ਪਾਸੇ ਨਿਵੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਤੇ ਨੌਜਵਾਨਾਂ ਲਈ ਉਡੀਕ ਸੂਚੀ ਖ਼ਤਮ ਕੀਤੀ ਜਾ ਸਕੇ ਤੇ ਲੋੜ ਪੈਣ ਉੱਤੇ ਵਧੇਰੇ ਬੱਚਿਆਂ ਨੂੰ ਸਹੀ ਕੇਅਰ ਮਿਲ ਸਕੇ ਜਿਸਦੀ ਉਨ੍ਹਾਂ ਨੂੰ ਜ਼ਰੂਰਤ ਹੈ। ਇਸ ਫੰਡਿੰਗ ਨਾਲ 100 ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਇੱਕ ਦਿਨ ਵਿੱਚ ਹੋਣ ਵਾਲੀਆਂ ਸਰਜਰੀਜ਼ ਦੀ ਗਿਣਤੀ ਵਧਾਈ ਜਾਵੇਗੀ, ਡਾਇਗਨੌਸਟਿਕ ਇਮੇਜਿੰਗ ਤੱਕ ਪਹੁੰਚ ਵਿੱਚ ਵਾਧਾ ਕੀਤਾ ਜਾਵੇਗਾ ਤੇ ਰੈਪਿਡ ਐਕਸੈੱਸ ਕਲੀਨਿਕਸ ਵਧਾਏ ਜਾਣਗੇ ਤਾਂ ਕਿ ਵਾਇਰਸ ਵਾਲੇ ਸੀਜ਼ਨ ਵਿੱਚ ਲੋਕਾਂ ਨੂੰ ਐਮਰਜੰਸੀ ਰੂਮ ਨਾ ਜਾਣਾ ਪਵੇ। ਇਸ ਦੇ ਨਾਲ ਹੀ ਸਰਕਾਰ ਦਾ ਦਾਅਵਾ ਹੈ ਕਿ ਇਹ ਰਕਮ ਮੈਂਟਲ ਹੈਲਥ ਸੇਵਾਵਾਂ ਲਈ ਉਡੀਕ ਟਾਈਮ ਨੂੰ ਘੱਟ ਕਰਨ ਲਈ ਵਰਤੀ ਜਾਵੇਗੀ, ਅੱਠ ਨਵੇਂ ਯੂਥ ਵੈੱਲਨੈੱਸ ਹੱਬ ਖੋਲ੍ਹੇ ਜਾਣਗੇ, ਕੈਂਸਰ ਦੇ ਮਰੀਜ਼ ਬੱਚਿਆਂ ਲਈ ਸਾਈਕੋਸੋਸ਼ਲ ਮਦਦ ਵਿੱਚ ਵਾਧਾ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਵੱਡੀ ਪੱਧਰ ਉੱਤੇ ਚਲਾਇਆ ਜਾਵੇਗਾ।