Breaking News
Home / ਜੀ.ਟੀ.ਏ. ਨਿਊਜ਼ / ਨਾਟੋ ਸਮਿਟ

ਨਾਟੋ ਸਮਿਟ

ਜਦੋਂ ਟਰੰਪ ਕਾਨਫਰੰਸ ਛੱਡ ਤੁਰਦੇ ਬਣੇ
ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੇਟ-ਲਤੀਫ਼ੀ ‘ਤੇ ਕਸਿਆ ਸੀ ਤੰਜ
ਲੰਡਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਕਾਰ ਬੁੱਧਵਾਰ ਨੂੰ ਇਕ ਵਾਰ ਫਿਰ ਵਿਵਾਦ ਹੋ ਗਿਆ। ਇਸ ਵਾਰ ਦੋਵਾਂ ਆਗੂਆਂ ਨੇ ਕੈਮਰੇ ਸਾਹਮਣੇ ਇਕ-ਦੂਜੇ ਦਾ ਮਜ਼ਾਕ ਉਡਾਇਆ। ਟਰੂਡੋ ਨੇ ਬਕਿੰਘਮ ਪੈਲੇਸ ਵਿਚ ਗੱਲਬਾਤ ਦੌਰਾਨ ਚਾਰ ਦੇਸ਼ਾਂ ਦੇ ਆਗੂਆਂ ਦੇ ਸਾਹਮਣੇ ਟਰੰਪ ਦਾ ਮਜ਼ਾਕ ਉਡਾਇਆ। ਉਥੇ ਟਰੰਪ ਨੇ ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਨਾਲ ਬੈਠਕ ਦੌਰਾਨ ਜਸਟਿਨ ਟਰੂਡੋ ਨੂੰ ਦੋਮੂੰਹਾ ਕਹਿ ਦਿੱਤਾ। ਏਨਾ ਹੀ ਨਹੀਂ, ਟਰੰਪ ਆਪਣੇ ਉਪਰ ਕੀਤੇ ਗਏ ਮਜ਼ਾਕ ਤੋਂ ਏਨਾ ਨਰਾਜ਼ ਹੋ ਗਏ ਕਿ ਸਮਿਟ ਦੇ ਆਖਰ ਵਿਚ ਰੱਖੀ ਗਈ ਸਾਂਝੀ ਕਾਨਫਰੰਸ ਛੱਡ ਦਿੱਤੀ ਅਤੇ ਕੁਝ ਹੀ ਦੇਰ ਬਾਅਦ ਅਮਰੀਕਾ ਵਾਪਸ ਚਲੇ ਗਏ।
ਟਰੰਪ ਅਤੇ ਟਰੂਡੋ ‘ਚ ਪਹਿਲਾਂ ਵੀ ਹੋ ਚੁੱਕਾ ਹੈ ਵਿਵਾਦ
ਟਰੰਪ ਅਤੇ ਟਰੂਡੋ ਵਿਚਕਾਰ ਪਿਛਲੇ ਸਾਲ ਕੈਨੇਡਾ ਵਿਚ ਆਯੋਜਿਤ ਜੀ7 ਸਮਿਟ ਦੌਰਾਨ ਵੀ ਤਲਖੀ ਦੇਖੀ ਗਈ ਸੀ। ਤਦ ਵੀ ਟਰੰਪ ਕਾਨਫਰੰਸ ਵਿਚਾਲੇ ਛੱਡ ਕੇ ਰਵਾਨਾ ਹੋ ਗਏ ਸਨ। ਟਰੂਡੋ ਨੇ ਜੀ7 ਵਿਚ ਟਰੰਪ ‘ਤੇ ਵਪਾਰ ਅਤੇ ਆਯਾਤ ਟੈਕਸ ਦੇ ਮੁੱਦੇ ਨੂੰ ਵਧਾਉਣ ਦਾ ਆਰੋਪ ਲਗਾਇਆ ਸੀ। ਇਸ ‘ਤੇ ਟਰੰਪ ਨੇ ਕਿਹਾ ਸੀ ਕਿ ਟਰੂਡੋ ਦੇ ਬਿਆਨ ਝੂਠੇ ਹੁੰਦੇ ਹਨ ਅਤੇ ਉਹ ਇਕ ਕਮਜ਼ੋਰ ਆਗੂ ਹਨ। ਇਸ ਤੋਂ ਇਲਾਵਾ ਜੀ7 ਵਿਚ ਰੂਸ ਨੂੰ ਸ਼ਾਮਲ ਕਰਨ ਦੀ ਟਰੰਪ ਦੀ ਪੇਸ਼ਕਸ਼ ‘ਤੇ ਬਾਕੀ 6 ਦੇਸ਼ਾਂ ਨੇ ਉਸ ਨਾਲ ਅਸਹਿਮਤੀ ਜਤਾਈ ਸੀ। ਟਰੰਪ ਨੇ ਇਸ ‘ਤੇ ਕਾਨਫਰੰਸ ਨੂੰ ਵਿਚਕਾਰ ਹੀ ਛੱਡ ਦਿੱਤਾ ਸੀ।
…ਤੇ ਟਰੰਪ ਬੋਲਦੇ ਰਹੇ ਬਿਨਾਂ ਬਰੇਕਾਂ
ਨਾਟੋ ਸੈਕਟਰੀ ਜਨਰਲ ਜੇਂਸ ਸਟੋਲਟੇਨਬਰਗ ਨਾਲ ਮੀਟਿੰਗ ਦੌਰਾਨ ਟਰੰਪ ਨੇ ਕਰੀਬ 53 ਮਿੰਟ ਭਾਸ਼ਣ ਦਿੱਤਾ। ਵਾੲ੍ਹੀਟ ਹਾਊਸ ਮੁਤਾਬਕ, ਉਨ੍ਹਾਂ ਨੇ ਸਿਰਫ 20 ਮਿੰਟ ਹੀ ਬੋਲਣਾ ਸੀ। ਇਸ ਤੋਂ ਬਾਅਦ ਟਰੰਪ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਗੱਲਬਾਤ ਲਈ ਪਹੁੰਚੇ। ਇੱਥੇ ਵੀ ਟਰੰਪ ਨੇ ਕਰੀਬ 38 ਮਿੰਟ ਦਾ ਵਾਧੂ ਸਮਾਂ ਗੱਲਬਾਤ ਅਤੇ ਪ੍ਰੈਸ ਕਾਨਫਰੰਸ ਵਿਚ ਲਗਾਇਆ। ਇਸ ਤੋਂ ਬਾਅਦ ਜਦ ਮੈਕਰੋਂ ਬਕਿੰਘਮ ਪੈਲੇਸ ‘ਚ ਹੋਰ ਆਗੂਆਂ ਨੂੰ ਮਿਲੇ ਤਾਂ ਟਰੂਡੋ ਨੇ ਉਨ੍ਹਾਂ ਦੇ ਲੇਟ ਹੋਣ ‘ਤੇ ਤਨਜ਼ ਕਸ ਦਿੱਤਾ। ਬਕਿੰਘਮ ਪੈਲੇਸ ਦੇ ਵੀਡੀਓ ਵਿਚ ਟਰੂਡੋ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਅਤੇ ਮਹਾਰਾਣੀ ਐਲਿਜਾਬੈਥ ਦੀ ਬੇਟੀ ਪ੍ਰਿੰਸੇਜ ਐਨ ਨਾਲ ਖੜ੍ਹੇ ਦਿਖਾਇਆ ਗਿਆ। ਫੁਟੇਜ ਦੀ ਸ਼ੁਰੂਆਤ ਵਿਚ ਜਾਨਸਨ ਮੈਕਰੋਂ ਕੋਲੋਂ ਪੁੱਛਦੇ ਹਨ ਕਿ ਕਿੱਥੇ ਲੇਟ ਹੋ ਗਏ? ਇਸ ‘ਤੇ ਟਰੂਡੋ ਵਿਚੋਂ ਹੀ ਟੋਕਦੇ ਹੋਏ ਕਹਿੰਦੇ ਹਨ ਕਿ ਮੈਕਰੋਂ ਲੇਟ ਹਨ, ਕਿਉਂਕਿ ਉਹ … ਆਪਣੀ ਗੱਲਬਾਤ ਤੋਂ ਅੱਗੇ 40 ਮਿੰਟ ਦੀ ਵਾਧੂ ਪ੍ਰੈਸ ਕਾਨਫਰੰਸ ਕਰਦੇ ਹਨ। ਟਰੂਡੋ ਅੱਗੇ ਕਹਿੰਦੇ ਹਨ ਕਿ ਤੁਸੀਂ ਉਨ੍ਹਾਂ ਦੀ (ਟਰੰਪ ਦੀ) ਟੀਮ ਨੂੰ ਦੇਖਿਆ, ਉਹ ਕਿਸ ਤਰ੍ਹਾਂ ਹੈਰਾਨ ਰਹਿ ਜਾਂਦੇ ਹਨ।

Check Also

ਫੈਡਰਲ ਸਰਕਾਰ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ‘ਤੇ ਲਗਾ ਸਕਦੀ ਹੈ ਟੈਕਸ : ਟਰੂਡੋ

ਕਿਊਬਿਕ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਖਿਲਾਫ ਜੰਗ ਵਿੱਚ ਇੰਸੈਂਟਿਵਜ …