ਟੋਰਾਂਟੋ/ਬਿਊਰੋ ਨਿਊਜ਼ : ਯੂਕਰੇਨ ਜੰਗ ਖਤਮ ਹੁੰਦੀ ਨਜਰ ਨਹੀਂ ਆ ਰਹੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਣ ਯੂਕਰੇਨ ਵਿਰੁੱਧ ਜੰਗ ਤੇਜ ਕਰ ਦਿੱਤੀ ਹੈ। ਰੂਸੀ ਫੌਜ ਨੇ ਪਿਛਲੇ ਦਿਨੀਂ ਆਪਣੀਆਂ ਮਿਜਾਈਲਾਂ ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਤੇ ਉਦੋਂ ਤੋਂ ਹੀ ਯੂਰਪੀਅਨ ਅਤੇ ਹੋਰ ਦੇਸ਼ਾਂ ਨੇ ਯੂਕਰੇਨ ਨੂੰ ਸਹਾਇਤਾ ਭੇਜਣੀ ਵੀ ਤੇਜ ਕਰ ਦਿੱਤੀ ਹੈ। ਮਿਜਾਇਲਾਂ ਦੇ ਨਾਲ-ਨਾਲ ਅਮਰੀਕਾ ਵੱਲੋਂ ਯੂਕਰੇਨ ਨੂੰ ਹਾਈਟੈਕ ਡਰੋਨ ਵੀ ਦਿੱਤੇ ਜਾ ਰਹੇ ਹਨ। ਇਸ ਦੌਰਾਨ ਹੁਣ ਕੈਨੇਡਾ ਨੇ ਵੀ ਯੂਕਰੇਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੈਨੇਡਾ ਨੇ ਯੂਕਰੇਨ ਲਈ ਫੰਡ ਜੁਟਾਉਣ ਲਈ ਸਰਕਾਰ-ਸਮਰਥਿਤ 5-ਸਾਲ ਬਾਂਡ ਵੇਚਣ ਦਾ ਐਲਾਨ ਕੀਤਾ ਹੈ। ਕੈਨੇਡਾ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਨੀਪੈਗ ਵਿੱਚ ਯੂਕਰੇਨੀਅਨ ਕੈਨੇਡੀਅਨ ਕਾਂਗਰਸ ਦੀ ਸਾਲਾਨਾ ਮੀਟਿੰਗ ਵਿੱਚ ਐਲਾਨ ਕੀਤਾ ਕਿ ਕੈਨੇਡੀਅਨ ਹੁਣ ਵਿਆਜ ਸਮੇਤ ਪੰਜ ਸਾਲਾਂ ਬਾਅਦ ਪਰਿਪੱਕ ਹੋਣ ਵਾਲੇ ਬਾਂਡ ਖਰੀਦਣ ਲਈ ਵੱਡੇ ਬੈਂਕਾਂ ਵਿੱਚ ਜਾ ਸਕਣਗੇ। ਇਹ ਫੰਡ ਯੂਕਰੇਨ ਦੀ ਸਰਕਾਰ ਦੀ ਸਹਾਇਤਾ ਲਈ ਵਰਤੇ ਜਾਣਗੇ।
ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 35 ਰੂਸੀ ਲੋਕਾਂ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਵਿੱਚ ਗੈਸ ਕੰਪਨੀ ਗੈਜਪ੍ਰੋਮ ਦੇ ਅਧਿਕਾਰੀ ਵੀ ਸ਼ਾਮਲ ਹਨ। ਕੈਨੇਡਾ ਵਿੱਚ ਯੂਕਰੇਨੀ ਪਰਵਾਸੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ ਅਤੇ ਉੱਥੋਂ ਦੇ ਲੋਕਾਂ ਨੇ ਰੂਸ ਦੇ ਖਿਲਾਫ ਵਧਦੀਆਂ ਸਖਤ ਪਾਬੰਦੀਆਂ ਲਗਾਉਣ ਲਈ ਕੈਨੇਡਾ ਲਈ ਲਾਬਿੰਗ ਕੀਤੀ ਹੈ।