ਸੀ-295 ਜਹਾਜ਼ਾਂ ਦੇ ਨਿਰਮਾਣ ਕਾਰਖਾਨੇ ਦਾ ਪ੍ਰਧਾਨ ਮੰਤਰੀ ਨੇ ਰੱਖਿਆ ਨੀਂਹ ਪੱਥਰ
ਵਡੋਦਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੁਲਕ ਟਰਾਂਸਪੋਰਟ ਏਅਰਕ੍ਰਾਫਟ ਦਾ ਹੁਣ ਵੱਡਾ ਨਿਰਮਾਤਾ ਬਣੇਗਾ। ਮੋਦੀ ਨੇ ਭਾਰਤੀ ਹਵਾਈ ਫ਼ੌਜ ਲਈ ਯੂਰੋਪੀਅਨ ਸੀ-295 ਮੀਡੀਅਮ ਟਰਾਂਸਪੋਰਟ ਜਹਾਜ਼ ਨਿਰਮਾਣ ਕਾਰਖਾਨੇ ਦਾ ਨੀਂਹ ਪੱਥਰ ਰੱਖਦਿਆਂ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਦੇਸ਼ ਮੈਨੂੰਫੈਕਚਰਿੰਗ ਦਾ ਵੱਡਾ ਕੇਂਦਰ ਬਣ ਗਿਆ ਹੈ ਅਤੇ ਆਰਥਿਕ ਸੁਧਾਰਾਂ ਦੀ ਨਵੀਂ ਇਬਾਰਤ ਲਿਖੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਸਥਿਰ, ਸੁਧਰੀਆਂ ਹੋਈਆਂ ਅਤੇ ਭਵਿੱਖ ਆਧਾਰਿਤ ਹਨ। ਗੁਜਰਾਤ ਦੇ ਵਡੋਦਰਾ ‘ਚ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,”ਅੱਜ ਦੇਸ਼ ਨਵੀਂ ਮਾਨਸਿਕਤਾ ਅਤੇ ਨਵੇਂ ਸੱਭਿਆਚਾਰ ਨਾਲ ਕੰਮ ਕਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ‘ਚ ਵੱਡੇ ਕਮਰਸ਼ੀਅਲ ਜਹਾਜ਼ ਬਣਨੇ ਸ਼ੁਰੂ ਹੋ ਜਾਣਗੇ। ‘ਮੇਕ ਇਨ ਇੰਡੀਆ ਅਤੇ ਮੇਕ ਫਾਰ ਵਰਲਡ ਪਹੁੰਚ ਨਾਲ ਦੇਸ਼ ਆਪਣੀ ਤਾਕਤ ਵਧਾ ਰਿਹਾ ਹੈ। ਵਡੋਦਰਾ ‘ਚ ਸੀ-295 ਜਹਾਜ਼ਾਂ ਦੇ ਨਿਰਮਾਣ ਨਾਲ ਨਾ ਸਿਰਫ਼ ਫ਼ੌਜ ਨੂੰ ਤਾਕਤ ਮਿਲੇਗੀ ਸਗੋਂ ਇਹ ਐਰੋਸਪੇਸ ਈਕੋਸਿਸਟਮ ਵੀ ਪੈਦਾ ਕਰੇਗਾ।’ ਜਹਾਜ਼ਾਂ ਦਾ ਨਿਰਮਾਣ ਯੂਰੋਪੀਅਨ ਐਰੋਸਪੇਸ ਕੰਪਨੀ ਏਅਰਬੱਸ ਅਤੇ ਟਾਟਾ ਗਰੁੱਪ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਭਾਰਤੀ ਪ੍ਰਾਈਵੇਟ ਸੈਕਟਰ ਵੱਲੋਂ ਦੇਸ਼ ‘ਚ ਜਹਾਜ਼ਾਂ ਦਾ ਮੁਕੰਮਲ ਤੌਰ ‘ਤੇ ਨਿਰਮਾਣ ਕੀਤਾ ਜਾਵੇਗਾ। ਟਾਟਾ ਸੰਨਜ਼ ਦੇ ਚੇਅਰਮੈਨ ਐੱਲ ਚੰਦਰਸ਼ੇਖਰਨ ਨੇ ਕਿਹਾ ਕਿ ਇਹ ਦੇਸ਼ ਦੇ ਨਾਲ ਨਾਲ ਟਾਟਾ ਗਰੁੱਪ ਲਈ ਵੀ ਇਤਿਹਾਸਕ ਪਲ ਹੈ ਕਿਉਂਕਿ ਇਹ ਪ੍ਰਧਾਨ ਮੰਤਰੀ ਦੇ ਆਤਮ-ਨਿਰਭਰ ਮੁਲਕ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨ ਵਾਲਾ ਪ੍ਰਾਜੈਕਟ ਹੈ। ਏਅਰਬੱਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੁਇਲੌਮ ਫਾਊਰੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੂੰ ਭਾਰਤ ‘ਚ ਜਹਾਜ਼ਾਂ ਦੇ ਨਿਰਮਾਣ ਦਾ ਮਾਣ ਹਾਸਲ ਹੋਇਆ ਹੈ। ਪਿਛਲੇ ਸਾਲ ਸਤੰਬਰ ‘ਚ ਏਅਰਬੱਸ ਡਿਫੈਂਸ ਅਤੇ ਸਪੇਸ ਨਾਲ 56 ਜਹਾਜ਼ (ਸੀ-295) ਖ਼ਰੀਦਣ ਲਈ 21935 ਕਰੋੜ ਰੁਪਏ ਦਾ ਸੌਦਾ ਹੋਇਆ ਸੀ। ਇਹ ਜਹਾਜ਼ ਹਵਾਈ ਫ਼ੌਜ ਦੇ ਪੁਰਾਣੇ ਐਵਰੋ-748 ਜਹਾਜ਼ਾਂ ਦਾ ਸਥਾਨ ਲੈਣਗੇ। ਸਮਝੌਤੇ ਤਹਿਤ ਏਅਰਬੱਸ 16 ਜਹਾਜ਼ਾਂ ਦੀ ਪਹਿਲੀ ਖੇਪ ਸਤੰਬਰ 2023 ਅਤੇ ਅਗਸਤ 2025 ਦਰਮਿਆਨ ਸੌਂਪੇਗੀ ਅਤੇ ਬਾਕੀ ਦੇ 40 ਜਹਾਜ਼ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਵੱਲੋਂ ਦੇਸ਼ ‘ਚ ਤਿਆਰ ਕੀਤੇ ਜਾਣਗੇ। ਵਡੋਦਰਾ ਕਾਰਖਾਨੇ ‘ਚੋਂ ਪਹਿਲਾਂ ਜਹਾਜ਼ ਸਤੰਬਰ 2026 ‘ਚ ਬਣ ਕੇ ਨਿਕਲੇਗਾ ਅਤੇ ਬਾਕੀ ਦੇ 39 ਹੋਰ ਜਹਾਜ਼ਾਂ ਦਾ ਨਿਰਮਾਣ ਅਗਸਤ 2031 ਤੱਕ ਹੋਵੇਗਾ। ਸਮਾਗਮ ਮੌਕੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਹਾਜ਼ਰ ਸਨ।
ਹਵਾਈ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਹਵਾਈ ਜਹਾਜ਼ ਐਡਵਾਂਸਡ ਲੈਂਡਿੰਗ ਗਰਾਊਂਡਜ਼ ਅਤੇ ਇਥੋਂ ਤੱਕ ਕਿ ਅੱਧੇ-ਅਧੂਰੇ ਰਨਵੇਅ ਤੋਂ ਉੱਡਣ ਦੇ ਸਮਰੱਥ ਵੀ ਹੋਣਗੇ। ਇਹ ਪਹਿਲੀ ਵਾਰ ਹੈ ਕਿ ਸੀ-295 ਜਹਾਜ਼ਾਂ ਦਾ ਨਿਰਮਾਣ ਯੂਰੋਪ ਤੋਂ ਬਾਹਰ ਹੋਣ ਜਾ ਰਿਹਾ ਹੈ। ਹਵਾਈ ਸੈਨਾ ਨੂੰ 56 ਜਹਾਜ਼ ਸੌਂਪਣ ਮਗਰੋਂ ਏਅਰਬੱਸ ਡਿਫੈਂਸ ਅਤੇ ਸਪੇਸ ਭਾਰਤ ‘ਚ ਬਣੇ ਜਹਾਜ਼ਾਂ ਨੂੰ ਵੇਚ ਸਕੇਗੀ।
ਦੇਸ਼ ਦੇ ਰੱਖਿਆ ਖੇਤਰ ‘ਚ ਮੀਲ ਦਾ ਪੱਥਰ ਸਾਬਤ ਹੋਵੇਗਾ ਕਾਰਖਾਨਾ: ਰਾਜਨਾਥ
ਵਡੋਦਰਾ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਵਾਈ ਸੈਨਾ ਲਈ ਸੀ-295 ਟਰਾਂਸਪੋਰਟ ਏਅਰਕ੍ਰਾਫਟ ਦਾ ਨਿਰਮਾਣ ਰੱਖਿਆ ਖੇਤਰ ‘ਚ ਆਤਮ-ਨਿਰਭਰਤਾ ਵੱਲ ਦੇਸ਼ ਦੇ ਸਫ਼ਰ ‘ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਆਪਣੇ ਸੰਬੋਧਨ ‘ਚ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਪਹਿਲੀ ਵਾਰ ਹੈ ਕਿ ਕੋਈ ਪ੍ਰਾਈਵੇਟ ਕੰਪਨੀ ਜਹਾਜ਼ਾਂ ਦੇ ਨਿਰਮਾਣ ਦਾ ਕਾਰਖਾਨਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰੇ ਮੁਲਕ ਲਈ ਮਾਣ ਦਾ ਪਲ ਹੈ। ਉਨ੍ਹਾਂ ਟਾਟਾ ਗਰੁੱਪ, ਏਅਰਬੱਸ ਅਤੇ ਇਸ ਪ੍ਰਾਜੈਕਟ ਨਾਲ ਜੁੜੇ ਹੋਰ ਲੋਕਾਂ ਵੀ ਵਧਾਈ ਦਿੱਤੀ। ਰਾਜਨਾਥ ਨੇ ਕਿਹਾ ਕਿ ਆਧੁਨਿਕ ਟਰਾਂਸਪੋਰਟ ਜਹਾਜ਼ ਹਵਾਈ ਸੈਨਾ ਦੀ ਰਣਨੀਤਕ ਸਮਰੱਥਾ ਨੂੰ ਹੋਰ ਵਧਾਏਗਾ। ਇਨ੍ਹਾਂ ਜਹਾਜ਼ਾਂ ‘ਚ ਸਵਦੇਸ਼ੀ ਜੰਗੀ ਸੂਟ ਵੀ ਫਿਟ ਹੋਣਗੇ ਜੋ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਭਾਰਤ ਡਾਇਨਾਮਿਕਸ ਲਿਮਟਿਡ ਵੱਲੋਂ ਤਿਆਰ ਕੀਤੇ ਗਏ ਹਨ।