ਕਿਹਾ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਦੌਰਾਨ ਕਿਸਾਨੀ ਅੰਦੋਲਨ ਬਾਰੇ ਵੀ ਕਰਨ ਚਰਚਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਤਿੰਨ ਦਿਨਾਂ ਯਾਤਰਾ ‘ਤੇ ਗਏ ਹੋਏ ਹਨ। ਜਿਸ ਦੇ ਚਲਦਿਆਂ ਅੱਜ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕਰਨਗੇ। ਇਸੇ ਮੁਲਾਕਾਤ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਕ ਟਵੀਟ ਕੀਤਾ ਹੈ। ਟਵੀਟ ਵਿਚ ਜੋ ਬਾਈਡਨ ਨੂੰ ਟੈਗ ਕਰਕੇ ਮੰਗ ਕੀਤੀ ਗਈ ਹੈ ਕਿ ਅੱਜ ਜਦੋਂ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ, ਇਸ ਦਰਮਿਆਨ ਕਿਸਾਨੀ ਅੰਦੋਲਨ ‘ਤੇ ਵੀ ਉਨ੍ਹਾਂ ਨਾਲ ਚਰਚਾ ਕੀਤੀ ਜਾਵੇ। ਉਨ੍ਹਾਂ ਨੇ ਲਿਖਿਆ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ ਪਿਛਲੇ 11 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਹਨ ਅਤੇਇਸ ਪ੍ਰਦਰਸ਼ਨ ਦੌਰਾਨ 700 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਪ੍ਰੰਤੂ ਭਾਰਤ ਦੀ ਮੋਦੀ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ ਅਤੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅਮਰੀਕਾ ‘ਚ ਵਸਦੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ 25 ਸਤੰਬਰ ਨੂੰ ਮੋਦੀ ਯੂਐਨਓ ਦੇ ਸੰਮੇਲਨ ਵਿਚ ਸੰਬੋਧਨ ਕਰਨਗੇ ਤਾਂ ਉਹ ਉਸ ਸਮੇਂ ਉਨ੍ਹਾਂ ਦਾ ਕਾਲੇ ਝੰਡਿਆਂ ਅਤੇ ਨੋ ਫਾਰਮਰ ਨੋ ਫੂਡ ਆਦਿ ਦੇ ਬੈਨਰ ਲੈ ਕੇ ਯੂ ਐਨ ਓ ਦੇ ਦਫ਼ਤਰ ਬਾਹਰ ਖੜ੍ਹੇ ਆਪਣਾ ਵਿਰੋਧ ਦਰਜ ਕਰਵਾਉਣ ਤਾਂ ਜੋ ਦੂਜੇ ਦੇਸ਼ਾਂ ਨੁਮਾਇੰਦਿਆਂ ਨੂੰ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਪਤਾ ਲੱਗ ਸਕੇ।