Breaking News
Home / ਜੀ.ਟੀ.ਏ. ਨਿਊਜ਼ / ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ
ਓਨਟਾਰੀਓ/ਬਿਊਰੋ ਨਿਊਜ਼ : ਡਗ ਫੋਰਡ ਸਰਕਾਰ ਨੇ ਓਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਧ ਖਰਚੇ ਵਾਲਾ, ਜੋ ਕਿ 214.5 ਬਿਲੀਅਨ ਡਾਲਰ ਹੈ, ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਪੀਟਰ ਬੈਥਲੈਨਫੈਲਵੀ ਨੇ ਇਸ ਬਜਟ ਨੂੰ “ਬਿਹਤਰ ਓਨਟਾਰੀਓ ਦਾ ਨਿਰਮਾਣ” ਨਾਂ ਦਿੱਤਾ। ਇਸ ਤਹਿਤ ਮਾਰਕਿਟਸ ਵਿੱਚ ਸਥਿਰਤਾ ਲਿਆਉਣ ਤੇ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਜੋ ਕੁੱਝ ਅੱਗੇ ਆਉਣ ਵਾਲਾ ਹੈ ਸਰਕਾਰ ਉਸ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਨੈਸ਼ਨਲ ਜਾਂ ਗਲੋਬਲ ਅਰਥਚਾਰੇ ਵੱਲੋਂ ਜਿਹੋ ਜਿਹੀਆਂ ਵੀ ਚੁਣੌਤੀਆਂ ਸਾਡੇ ਰਾਹ ਵਿੱਚ ਲਿਆਂਦੀਆਂ ਜਾਣਗੀਆਂ ਅਸੀਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਇਸ ਸਾਲ ਘਾਟੇ ਦੇ ਨਾਟਕੀ ਢੰਗ ਨਾਲ 98 ਬਿਲੀਅਨ ਡਾਲਰ ਤੱਕ ਵਧਣ ਦੀ ਸੰਭਾਵਨਾ ਦਰਸਾਈ ਗਈ ਹੈ ਹਾਲਾਂਕਿ ਸਰਕਾਰ ਨੇ 2026 ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਬਜਟ ਸੰਤੁਲਿਤ ਕਰਨ ਦਾ ਦਾਅਵਾ ਵੀ ਕੀਤਾ ਹੈ। ਬਜਟ ਵਿੱਚ ਕਿਸੇ ਕਿਸਮ ਦੀਆਂ ਕਟੌਤੀਆਂ ਦੀ ਗੱਲ ਨਹੀਂ ਕੀਤੀ ਗਈ। ਕਈ ਖੇਤਰਾਂ ਵਿੱਚ ਖਰਚਾ ਮਹਿੰਗਾਈ ਦੀ ਦਰ ਤੋਂ ਵੀ ਹੇਠਾਂ ਹੈ ਤੇ ਇਸ ਬਜਟ ਵਿੱਚ ਕਿਸੇ ਤਰ੍ਹਾਂ ਦੇ ਟੈਕਸਾਂ ਵਿੱਚ ਵਾਧੇ ਜਾਂ ਟੈਕਸ ਕਟੌਤੀਆਂ ਦੀ ਗੱਲ ਨਹੀਂ ਕੀਤੀ ਗਈ।
ਹੈਲਥ ਕੇਅਰ ਉੱਤੇ ਕੀਤੇ ਜਾਣ ਵਾਲੇ ਖਰਚੇ ਵਿੱਚ 1.3 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਦਕਿ ਇਨਫਰਾਸਟ੍ਰਕਚਰ ਤੇ ਹਾਈਵੇਅਜ਼ ਲਈ ਵੀ ਕਾਫੀ ਪੈਸਾ ਰੱਖਿਆ ਗਿਆ ਹੈ। ਬਜਟ ਵਿੱਚ ਪੁਲਿਸ ਲਈ ਚਾਰ ਨਵੇਂ ਹੈਲੀਕਾਪਟਰ ਖਰੀਦਣ ਲਈ ਵੀ 46 ਮਿਲੀਅਨ ਡਾਲਰ ਦੀ ਰਕਮ ਰੱਖੀ ਗਈ ਹੈ, ਇਨ੍ਹਾਂ ਵਿੱਚੋਂ ਇੱਕ ਹੈਲੀਕਾਪਟਰ ਟੋਰਾਂਟੋ ਲਈ ਦਿੱਤਾ ਜਾਵੇਗਾ। ਲਿਬਰਲ ਆਗੂ ਬੋਨੀ ਕ੍ਰੌਂਬੀ ਵੱਲੋਂ ਇਸ ਬਜਟ ਦੀ ਜਮ ਕੇ ਆਲੋਚਨਾ ਕੀਤੀ ਗਈ ਹੈ ਤੇ ਇਹ ਵੀ ਆਖਿਆ ਗਿਆ ਹੈ ਕਿ ਪਰਿਵਾਰਾਂ ਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਤੇ ਡੱਗ ਫੋਰਡ ਉਨ੍ਹਾਂ ਲਈ ਕੁੱਝ ਕਰਨ ਵਾਸਤੇ ਤਿਆਰ ਨਹੀਂ ਹਨ।
ਇਸ ਸਾਲ ਓਨਟਾਰੀਓ ਦਾ ਘਾਟਾ 9.8 ਬਿਲੀਅਨ ਡਾਲਰ ਦਰਸਾਇਆ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 3 ਬਿਲੀਅਨ ਡਾਲਰ ਵੱਧ ਹੈ। ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਇਹ ਅਰਥਚਾਰੇ ਦੀ ਮੱਠੀ ਰਫਤਾਰ ਤੇ ਕਮਜ਼ੋਰ ਆਮਦਨ ਕਾਰਨ ਹੋ ਰਿਹਾ ਹੈ। ਸਰਕਾਰ ਦਾ ਇਹ ਵੀ ਦਾਅਵਾ ਹੈ ਕਿ 2025-26 ਵਿੱਚ ਇਸ ਘਾਟੇ ਦੇ 4.6 ਬਿਲੀਅਨ ਡਾਲਰ ਰਹਿ ਜਾਣ ਤੇ 2026-27 ਵਿੱਚ 05 ਫੀ ਸਦੀ ਵਾਧੂ ਤੱਕ ਅੱਪੜਨ ਦੀ ਸੰਭਾਵਨਾ ਹੈ।
ਬਹੁਤੇ ਓਨਟਾਰੀਓ ਵਾਸੀਆਂ ਦੇ ਵਿੱਤੀ ਤੌਰ ਉੱਤੇ ਸੰਘਰਸ਼ ਕਰਦੇ ਹੋਣ ਕਾਰਨ ਬਜਟ ਵਿੱਚ ਅਫੋਰਡੇਬਿਲਿਟੀ ਸਬੰਧੀ ਕੁੱਝ ਮਾਪਦੰਡ ਸ਼ਾਮਲ ਕੀਤੇ ਗਏ ਪਰ ਇਨ੍ਹਾਂ ਵਿੱਚੋਂ ਬਹੁਤੇ ਉਹੀ ਹਨ ਜਿਹੜੇ ਪਹਿਲਾਂ ਐਲਾਨੇ ਜਾ ਚੁੱਕੇ ਹਨ। ਤਿੰਨ ਸਾਲਾਂ ਲਈ ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਕੇਅਰ ਵਾਸਤੇ 546 ਮਿਲੀਅਨ ਡਾਲਰ ਰਾਖਵੇਂ ਰੱਖੇ ਗਏ।ਸਰਕਾਰ ਅਨੁਸਾਰ ਇਸ ਨਾਲ 600,000 ਵੱਧ ਲੋਕਾਂ ਨੂੰ ਟੀਮ ਅਧਾਰਤ ਪ੍ਰਾਇਮਰੀ ਕੇਅਰ ਮਿਲ ਸਕੇਗੀ। ਇਸ ਤੋਂ ਇਲਾਵਾ ਹੈਲਥ ਇਨਫਰਾਸਟ੍ਰਕਚਰ ਲਈ ਅਗਲੇ 10 ਸਾਲਾਂ ਵਾਸਤੇ 50 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ।
ਇਨ੍ਹਾਂ ਵਿੱਚ ਕੈਪੀਟਲ ਗ੍ਰਾਂਟਸ ਲਈ 36 ਬਿਲੀਅਨ ਡਾਲਰ ਸ਼ਾਮਲ ਹਨ, ਜਿਹੜੇ ਹਸਪਤਾਲਾਂ ਨਾਲ ਜੁੜੇ 50 ਪ੍ਰੋਜੈਕਟਾਂ ਉੱਤੇ ਖਰਚੇ ਜਾਣਗੇ, ਜਿਨ੍ਹਾਂ ਰਾਹੀਂ 3,000 ਨਵੇਂ ਬੈੱਡ ਮਿਲ ਸਕਣਗੇ।
ਹਾਈਵੇਅਜ ਪਸਾਰ ਦੀ ਪਲੈਨਿੰਗ ਤੇ ਉਸਾਰੀ ਲਈ ਅਗਲੇ 10 ਸਾਲਾਂ ਵਾਸਤੇ ਸਰਕਾਰ ਨੇ ਬਜਟ ਵਿੱਚ 27.4 ਬਿਲੀਅਨ ਡਾਲਰ ਦੀ ਰਕਮ ਰੱਖੀ ਹੈ। ਸਰਕਾਰ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਹਾਈਵੇਅ 413 ਜਾਂ ਬਰੈਡਫੋਰਡ ਬਾਇਪਾਸ ਉੱਤੇ ਇਸ ਵਿੱਚੋਂ ਕਿੰਨੀ ਰਕਮ ਖਰਚੀ ਜਾਵੇਗੀ।
ਸਰਕਾਰ ਨੇ ਕਈ ਤਰ੍ਹਾਂ ਦੀ ਕਵਰੇਜ ਆਪਸ਼ਨਜ਼ ਦਾ ਲਾਹਾ ਲੈ ਕੇ ਡਰਾਈਵਰਾਂ ਨੂੰ ਆਪਣੇ ਪ੍ਰੀਮੀਅਮ ਘਟਾਉਣ ਦਾ ਮੌਕਾ ਵੀ ਦਿੱਤਾ ਹੈ। ਸਰਕਾਰ ਦਾ ਇਹ ਪ੍ਰਸਤਾਵ ਵੀ ਹੈ ਕਿ ਆਟੋ ਇੰਸ਼ੋਰੈਂਸ ਰਾਹੀਂ ਹੀ ਮੈਡੀਕਲ ਤੇ ਰੀਹੈਬਲੀਟੇਸ਼ਨ ਬੈਨੇਫਿਟਸ ਡਰਾਈਵਰਾਂ ਨੂੰ ਮੁਹੱਈਆ ਕਰਵਾਏ ਜਾਣ।
ਪ੍ਰੋਵਿੰਸ ਵਿੱਚ ਗੱਡੀਆਂ ਦੀਆਂ ਚੋਰੀਆਂ ਵਿੱਚ ਹੋਏ ਵਾਧੇ ਨੂੰ ਠੱਲ੍ਹ ਪਾਉਣ ਲਈ ਵੀ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ 49 ਮਿਲੀਅਨ ਡਾਲਰ ਖਰਚਣ ਦੀ ਤਿਆਰੀ ਕਰ ਰਹੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਸਪੋਰਟਸ, ਰੀਕ੍ਰਇਏਸ਼ਨ ਤੇ ਕਮਿਊਨਿਟੀ ਫੈਸਿਲਿਟੀਜ਼ ਨੂੰ ਨੰਵਿਆਉਣ ਤੇ ਅਪਗ੍ਰੇਡ ਕਰਨ ਉੱਤੇ 200 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨੇ ਲਿੰਗ ਅਧਾਰਤ ਹਿੰਸਾ ਨੂੰ ਕੰਟਰੋਲ ਕਰਨ ਲਈ ਅਗਲੇ ਤਿੰਨ ਸਾਲਾਂ ਵਿੱਚ 13.5 ਮਿਲੀਅਨ ਡਾਲਰ ਖਰਚਣ ਦਾ ਤਹੱਈਆ ਵੀ ਪ੍ਰਗਟਾਇਆ ਹੈ। ਸਰਕਾਰ ਆਪਣੇ ਓਨਟਾਰੀਓ ਆਟਿਜ਼ਮ ਪ੍ਰੋਗਰਾਮ ਵਿੱਚ 120 ਮਿਲੀਅਨ ਡਾਲਰ ਦਾ ਨਿਵੇਸ਼ ਵੀ ਕਰਨ ਜਾ ਰਹੀ ਹੈ।

 

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …