Breaking News
Home / ਰੈਗੂਲਰ ਕਾਲਮ / ਮੇਰਾ ਭਾਰਤ ਦੇਸ਼ ਮਹਾਨ…..

ਮੇਰਾ ਭਾਰਤ ਦੇਸ਼ ਮਹਾਨ…..

ਮੇਰਾ ਭਾਰਤ ਦੇਸ਼ ਮਹਾਨ, ਕਹਿਣ ਨੂੰ ਜੀਅ ਨਹੀਂ ਕਰਦਾ।
ਤੇਰੀ ਉੱਚੀ ਜੱਗ ਤੇ ਸ਼ਾਨ, ਕਹਿਣ ਨੂੰ ਜੀਅ ਨਹੀਂ ਕਰਦਾ।
ਜਿੱਥੇ ਲੁੱਟ ਮਚਾਈ ਲੋਟੂਆਂ, ਘਰ ਆਪਣੇ ਭਰ ਲਏ
ਫਿਟਕਾਰਾਂ ਪੈਣ ਗਰੀਬ ਨੂੰ, ਹੱਕ ਲੋਟੂਆਂ ਚਰ ਲਏ
ਸੁਣਦਾ ਕੋਈ ਪੁਕਾਰ ਨਾ, ਹੰਝੂ ਨੈਣਾ ਜਰ ਲਏ
ਕਦੇ ਜ਼ੱਨਤ ਸੀ ਆਖਦੇ, ਹੁਣ ਉੱਠਿਆ ਪਰਦਾ
ਮੇਰਾ ਭਾਰਤ ਦੇਸ਼ ਮਹਾਨ, ਕਹਿਣ ਨੂੰ ਜੀਅ ਨਹੀਂ ਕਰਦਾ।
ਇੱਥੇ ਲੁੱਟ ਅਬਲਾ ਦੀ ਹੋ ਰਹੀ, ਸ਼ਰੇਆਮ ਬਜ਼ਾਰਾਂ
ਨਾ ਕੋਈ ਫੜ੍ਹਦਾ ਬਾਂਹ, ਤੇ ਨਾ ਲੈਂਦਾ ਸਾਰਾਂ
ਮਿਲਣਾ ਕੀ ਇਨਸਾਫ਼, ਰੁਲਦੇ ਰਹਿਣ ਹਜ਼ਾਰਾਂ
ਰਿਸ਼ਵਤਖੋਰੀ ਹੋ ਰਹੀ, ਅੰਤ ਨੂੰ ਮਾੜਾ ਹਰਦਾ
ਮੇਰਾ ਭਾਰਤ ਦੇਸ਼ ਮਹਾਨ, ਕਹਿਣ ਨੂੰ ਜੀਅ ਨਹੀਂ ਕਰਦਾ।
ਹੁਣ ਲਾਉਣੇ ਪੈ ਗਏ ਮੋਰਚੇ, ਕਿਸਾਨ ਦੁਖੀ ਵਿਚਾਰੇ
ਹਾਕਮ ਸੁਣਦਾ ਇੱਕ ਨਾ, ਸਭ ਸਮਝਾਅ ਕੇ ਹਾਰੇ
ਗੋਂਗਲੂਆਂ ਤੋਂ ਮਿੱਟੀ ਝਾੜਦੇ, ਸਾਨੂੰ ਲਾਉਂਦੇ ਲਾਰੇ
ਅੰਨਦਾਤਾ ਭੁੱਖਾ ਮਰਦਾ, ਸਭ ਦਾ ਪੇਟ ਜੋ ਭਰਦਾ
ਮੇਰਾ ਭਾਰਤ ਦੇਸ਼ ਮਹਾਨ, ਕਹਿਣ ਨੂੰ ਜੀਅ ਨਹੀਂ ਕਰਦਾ।
ਪੜ੍ਹਣ ਸਕੂਲੇ ਨਾ ਜਾ ਸਕੇ, ਜਿੱਥੇ ਮਸੂਮ ਜਿਹੇ ਬੱਚੇ
ਬਾਲ ਮਜ਼ਦੂਰੀ ਕਰ ਰਹੇ, ਉਹ ਮਨ ਦੇ ਸੱਚੇ
ਭਵਿੱਖ ਦੇਸ਼ ਦਾ ਰੁਲ਼ ਰਿਹਾ, ਸੀਨੇ ਭਾਂਬੜ ਮੱਚੇ
ਇਹ ਸੋਚ ਕੇ ਦਿਲ ਮੇਰਾ, ਸਦਾ ਰਹਿੰਦਾ ਡਰਦਾ
ਮੇਰਾ ਭਾਰਤ ਦੇਸ਼ ਮਹਾਨ, ਕਹਿਣ ਨੂੰ ਜੀਅ ਨਹੀਂ ਕਰਦਾ।
ਵਾੜ ਹੀ ਖੇਤ ਨੂੰ ਖਾ ਰਹੀ ਕੁੱਝ ਸੋਚ ਵਿਚਾਰੋ
ਜਾਗ ਜਾਓ ਤੁਸੀਂ ਸੁੱਤਿਉ, ਉੱਠ ਹੰਭਲ਼ਾ ਮਾਰੋ
ਜੜ੍ਹੋਂ ਪੁੱਟੋ ਮਾੜੇ ਨਿਜ਼ਾਮ ਨੂੰ, ਇਹ ਮਨ ‘ਚ ਧਾਰੋ
ਕਿਉਂ ਲੋਟੂ ਵਿਹਲੜ ਲੁੱਟ ਕੇ ਅੰਗੂਰੀ ਚਰਦਾ
ਮੇਰਾ ਭਾਰਤ ਦੇਸ਼ ਮਹਾਨ,ਕਹਿਣ ਨੂੰ ਜੀਅ ਨਹੀਂ ਕਰਦਾ।
ਪੜ੍ਹ ਲਿਖ ਵਿਹਲੇ ਘੁੰਮਦੇ, ਬਾਹਰ ਘੱਤਣ ਵਹੀਰਾਂ
ਸਰਮਾਇਆ ਜਾਵੇ ਲੁੱਟਿਆ, ਤੇ ਲੁੱਟੀਆਂ ਜਗੀਰਾਂ
ਇੱਥੇ ਕੌਣ ਸੰਭਾਲ਼ੂ ਦੇਸ਼ ਨੂੰ, ਬਿਨਾਂ ਭੈਣਾ ਵੀਰਾਂ
‘ਹਕੀਰ’ ਇਹੀ ਸੋਚ ਸੋਚ ਕੇ, ਦਿਲ ਹਾਉਂਕੇ ਭਰਦਾ
ਮੇਰਾ ਭਾਰਤ ਦੇਸ਼ ਮਹਾਨ, ਕਹਿਣ ਨੂੰ ਜੀਅ ਨਹੀਂ ਕਰਦਾ।

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …