Breaking News
Home / ਭਾਰਤ / ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਉਤੇ ਭਖੀ ਸਿਆਸਤ

‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਉਤੇ ਭਖੀ ਸਿਆਸਤ

ਕਾਂਗਰਸ ਨੇ ਡਾ.ਮਨਮੋਹਨ ਸਿੰਘ ‘ਤੇ ਬਣੀ ਫਿਲਮ ਨੂੰ ਭਾਜਪਾ ਦਾ ਭੰਡੀ ਪ੍ਰਚਾਰ ਦੱਸਿਆ
ਨਵੀਂ ਦਿੱਲੀ : ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਬਣੀ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਕਾਂਗਰਸ ਖ਼ਿਲਾਫ਼ ਭਾਜਪਾ ਦਾ ਭੰਡੀ ਪ੍ਰਚਾਰ ਕਰਾਰ ਦਿੱਤਾ ਹੈ। ਫ਼ਿਲਮ ਵਿੱਚ ਅਦਾਕਾਰ ਅਨੁਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਫ਼ਿਲਮ ਰਾਹੀਂ ਪਾਰਟੀ ਖ਼ਿਲਾਫ਼ ਕੀਤਾ ਜਾ ਰਿਹੈ ਕੂੜ ਪ੍ਰਚਾਰ ਕਿਸੇ ਕੰਮ ਨਹੀਂ ਆਉਣਾ ਤੇ ਸੱਚ ਜ਼ਰੂਰ ਸਾਹਮਣੇ ਆਏਗਾ। ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਭਾਜਪਾ ਵੱਲੋਂ ‘ਫ਼ਿਲਮ ਦੀ ਸਫਲਤਾ ਬਾਬਤ ਦਿੱਤੀਆਂ ਸ਼ੁਭਕਾਮਨਾਵਾਂ’ ਲਈ ਆਪਣੀ ਪਾਰਟੀ ਦਾ ਬਚਾਅ ਕਰਦਿਆਂ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਜਿਹੜੀ ਪਾਰਟੀ ‘ਅਜ਼ਾਦੀ ਦਾ ਝੰਡਾਬਰਦਾਰ’ ਹੋਣ ਦਾ ਦਮ ਭਰਦੀ ਸੀ, ਅੱਜ ਉਹੀ ਆਪਣੀ ਗੱਲ ਕਹਿਣ ਦੀ ਅਜ਼ਾਦੀ ‘ਤੇ ਸਵਾਲ ਉਠਾ ਰਹੀ ਹੈ। ‘ਦਿ ਐਕਸੀਡੈਂਟਲ’ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੈ ਬਾਰੂ ਵੱਲੋਂ ਇਸੇ ਨਾਂ ਹੇਠ ਲਿਖੀ ਪੁਸਤਕ ‘ਤੇ ਆਧਾਰਿਤ ਹੈ। ਫ਼ਿਲਮ ਦਾ ਟੀਜ਼ਰ ਲੰਘੇ ਦਿਨੀਂ ਮੁੰਬਈ ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ। ਕਾਂਗਰਸ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ, ‘ਭਾਜਪਾ ਵੱਲੋਂ ਕੀਤਾ ਜਾ ਰਿਹੈ ਝੂਠਾ ਪ੍ਰਚਾਰ’ ਪਾਰਟੀ ਨੂੰ ‘ਗ੍ਰਾਮੀਣ ਸਮੱਸਿਆਵਾਂ, ਬੇਰੁਜ਼ਗਾਰੀ, ਨੋਟਬੰਦੀ ਦੀ ਆਫ਼ਤ, ਬੇਲਗਾਮ ਜੀਐਸਟੀ, ਨਾਕਾਮ ਮੋਦੀਚਾਰਾ ਤੇ ਭ੍ਰਿਸ਼ਟਾਚਾਰ’ ਜਿਹੇ ਮੁੱਦਿਆਂ ‘ਤੇ ਸਵਾਲ ਪੁੱਛਣ ਤੋਂ ਨਹੀਂ ਰੋਕ ਸਕਦਾ। ਉਧਰ ਕਾਂਗਰਸ ਦੇ ਸਦਰਮੁਕਾਮ ‘ਤੇ ਪਾਰਟੀ ਦੇ ਸਥਾਪਨਾ ਦਿਵਸ ਸਮਾਗਮਾਂ ਵਿਚ ਸ਼ਿਰਕਤ ਲਈ ਆਏ ਸਾਬਕਾ ਪ੍ਰਧਾਨ ਮੰਤਰੀ ਫ਼ਿਲਮ ਸਬੰਧੀ ਪੁੱਛੇ ਸਵਾਲ ਦਾ ਕੋਈ ਜਵਾਬ ਦਿੱਤੇ ਬਿਨਾਂ ਉਥੋਂ ਲੰਘ ਗਏ। ਕਾਂਗਰਸੀ ਆਗੂ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਤੇ ਉਹਦੇ ਆਗੂਆਂ ਖ਼ਿਲਾਫ਼ ਕੀਤਾ ਜਾ ਰਿਹੈ ਪ੍ਰਚਾਰ ਕਿਸੇ ਕੰਮ ਨਹੀਂ ਆਉਣਾ ਤੇ ਸੱਚ ਜ਼ਰੂਰ ਬਾਹਰ ਆਏਗਾ। ਉਨ੍ਹਾਂ ਕਿਹਾ, ‘ਇਹ ਸਭ ਭਾਜਪਾ ਦਾ ਕੀਤਾ ਕਰਾਇਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਪੰਜ ਸਾਲ ਪੂਰੇ ਹੋਣ ਵਾਲੇ ਹਨ ਤੇ ਇਹ ਲੋਕਾਂ ਨੂੰ ਜਵਾਬ ਦੇਣ ਦਾ ਸਮਾਂ ਹੈ। ਉਹ ਹੁਣ ਧਿਆਨ ਭਟਕਾਉਣ ਲਈ ਅਜਿਹੇ ਮੁੱਦੇ ਚੁੱਕ ਰਹੇ ਹਨ।’
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਟਵੀਟ ਕਰਦਿਆਂ ਕਿਹਾ, ‘ਮੈਨੂੰ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਰਹੇਗੀ ਜਦੋਂ ਉਹ ‘ਦਿ ਇਨਸੈਂਸੀਬਲ ਪ੍ਰਾਈਮ ਮਨਿਸਟਰ’ (ਅਸੰਵੇਦਨਹੀਣ ਪ੍ਰਧਾਨ ਮੰਤਰੀ) ਫਿਲਮ ਬਣਾਉਣਗੇ।’ ਵਿਜੈ ਰਤਨਾਕਰ ਗੁੱਟੇ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਅਨੁਪਮ ਖੇਰ ਜਿੱਥੇ ਮੁੱਖ ਭੂਮਿਕਾ ਵਿੱਚ ਹੈ, ਉਥੇ ਅਕਸ਼ੈ ਖੰਨਾ ‘ਸੰਜੈ ਬਾਰੂ’ ਦੇ ਕਿਰਦਾਰ ਵਿੱਚ ਨਜ਼ਰ ਆਏਗਾ। ਕਾਂਗਰਸ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਉਸ ਨੇ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਰਿਲੀਜ਼ ‘ਤੇ ਕੋਈ ਪਾਬੰਦੀ ਨਹੀਂ ਲਾਈ ਹੈ।
ਰਾਫ਼ਾਲ ਤੇ ਨੋਟਬੰਦੀ ‘ਤੇ ਵੀ ਫ਼ਿਲਮਾਂ ਬਣਨ : ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਲਈ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਪਾਰਟੀ ਨੇ ਇਸ ਫ਼ਿਲਮ ਲਈ ਆਪਣੇ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ। ਝਾਅ ਨੇ ਕਿਹਾ ਕਿ ਰਾਫ਼ਾਲ ਕਰਾਰ ਵਿਚ ਕਥਿਤ ਬੇਨਿਯਮੀਆਂ, ਨੋਟਬੰਦੀ ਤੇ ਕਿਸਾਨ ਖੁਦਕੁਸ਼ੀਆਂ ‘ਤੇ ਵੀ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ। ਆਰਜੇਡੀ ਆਗੂ ਨੇ ਕਿਹਾ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਮੋਹੁਲ ਚੌਕਸੀ ‘ਤੇ ਵੀ ਫਿਲਮਾਂ ਬਣਨ।
‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਉੱਤੇ ਗਿਣੀ ਮਿਥੀ ਸਿਆਸਤ
‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ (ਸਬੱਬੀਂ ਬਣਿਆ ਪ੍ਰਧਾਨ ਮੰਤਰੀ) ਡਾ. ਮਨਮੋਹਨ ਸਿੰਘ ‘ਤੇ ਬਣਾਈ ਗਈ ਫ਼ਿਲਮ ਹੈ ਜਿਸ ਵਿਚ ਮਨਮੋਹਨ ਸਿੰਘ ਦਾ ਕਿਰਦਾਰ ਅਨੂਪਮ ਖੇਰ ਨੇ ਨਿਭਾਇਆ ਹੈ। ਇਹ ਫ਼ਿਲਮ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ ਕਾਰਜ ਕਾਲ ਦੌਰਾਨ ਉਨ੍ਹਾਂ ਨਾਲ ਕੰਮ ਕਰ ਚੁੱਕੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਇਸੇ ਨਾਂ ਦੀ ਕਿਤਾਬ ‘ਤੇ ਆਧਾਰਿਤ ਹੈ ਤੇ ਇਸ ਦਾ ਨਿਰਦੇਸ਼ਨ ਵਿਜੈ ਗੁੱਟੇ ਨੇ ਕੀਤਾ ਹੈ। ਸੰਜੇ ਬਾਰੂ ਦਾ ਕਿਰਦਾਰ ਅਕਸ਼ੈ ਖੰਨਾ ਤੇ ਸੋਨੀਆ ਗਾਂਧੀ ਦਾ ਕਿਰਦਾਰ ਜਰਮਨ ਅਦਾਕਾਰਾ ਸੁਜ਼ੈਨ ਬਰਨੈਟ ਨੇ ਨਿਭਾਇਆ ਹੈ। ਇਹ ਫ਼ਿਲਮ 11 ਜਨਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਦੇ ਨਾਲ-ਨਾਲ ਇਸ ਬਾਰੇ ਵਾਦ-ਵਿਵਾਦ ਸ਼ੁਰੂ ਹੋ ਗਿਆ ਹੈ।
‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਟੰਟ : ਕੈਪਟਨ
ਚੰਡੀਗੜ੍ਹ : ਹਾਲ ਹੀ ਦੀਆਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਫ਼ਲਤਾ ਹਾਸਲ ਕਰ ਚੁੱਕੀ ਕਾਂਗਰਸ ਨੂੰ ਢਾਹ ਲਾਉਣ ਦੇ ਉਦੇਸ਼ ਨਾਲ ਆਪਣੇ ਸਿਆਸੀ ਸਟੰਟ ਵਜੋਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਬੜ੍ਹਾਵਾ ਦੇਣ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਹੋਣ ਵਾਲੀ ਪੱਕੀ ਹਾਰ ਦੇ ਸੰਦਰਭ ‘ਚ ਭਾਜਪਾ ਦੀ ਇਹ ਨਿਰਾਸ਼ਾ ਭਰੀ ਬੁਖਲਾਹਟ ਦਾ ਪ੍ਰਗਟਾਵਾ ਹੈ। ਮੁੱਖ ਮੰਤਰੀ ਨੇ ਭਾਜਪਾ ਆਗੂਆਂ ਨੂੰ ਲੋਕਾਂ ਦਾ ਸਮਰਥਨ ਗੁਆ ਚੁੱਕੇ ਹੋਣ ਦੀ ਕੌੜੀ ਸਚਾਈ ਪ੍ਰਵਾਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਡਾ. ਮਨਮੋਹਨ ਸਿੰਘ ਦੇ ਤਿੱਖੇ ਆਲੋਚਕਾਂ ਨੂੰ ਵੀ ਉਨ੍ਹਾਂ ਦਾ ਕੋਈ ਔਗੁਣ ਨਹੀਂ ਲੱਭਾ ਜਦ ਕਿ ਭਾਰਤੀ ਜਨਤਾ ਪਾਰਟੀ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਵਰਤ ਰਹੀ ਹੈ। ਇਸ ਦਾ ਉਦੇਸ਼ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੂੰ ਢਾਹ ਲਾਉਣਾ ਹੈ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …