Breaking News
Home / ਦੁਨੀਆ / ਪੰਜਾਬ ਭਵਨ ਸਰੀ ਵਿਖੇ ਉਤਰੀ ਅਮਰੀਕਾ ਸਾਹਿਤ ਤੇ ਸਭਿਆਚਾਰ ਸੰਮੇਲਨ

ਪੰਜਾਬ ਭਵਨ ਸਰੀ ਵਿਖੇ ਉਤਰੀ ਅਮਰੀਕਾ ਸਾਹਿਤ ਤੇ ਸਭਿਆਚਾਰ ਸੰਮੇਲਨ

ਗੁਲਾਮੀ ਦੇ ਸੰਗਲ ਤੋੜਦੀਆਂ ਹਨ ਖੇਤਰੀ ਭਾਸ਼ਾਵਾਂ
ਪੰਜਾਬ ਭਵਨ ਇਕ ਇਮਾਰਤ ਨਹੀਂ ਸਗੋਂ ਇੱਥੇ ਵਸਦੇ ਪੰਜਾਬੀਆਂ ਦੀ ਵਿਰਾਸਤ ਦਾ ਪ੍ਰਤੀਕ : ਸੁਰਜੀਤ ਪਾਤਰ
ਸਰੀ : ਕੈਨੇਡਾ ਦੇ ਸ਼ਹਿਰ ਸਰੀ ਵਿਚ ਉਤਰੀ ਅਮਰੀਕਾ ਸਾਹਿਤ ਸਭਿਆਚਾਰ ਸੰਮੇਲਨ ਦਾ ਉਦਘਾਟਨ ਆਰਟਸ ਕੌਂਸਲ ਪੰਜਾਬ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ। ਡਾ.ਸਾਧੂ ਸਿੰਘ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਨੂੰ ਗੁਰਭਜਨ ਸਿੰਘ ਗਿੱਲ, ਵੈਨਕੂਵਰ ਵਿਚ ਭਾਰਤ ਦੇ ਕੌਂਸਲੇਟ ਜਨਰਲ ਅਮਰਜੀਤ ਸਿੰਘ ਤੇ ਪੰਜਾਬ ਪਵਨ ਦੇ ਬਾਨੀ ਸੁੱਖੀ ਬਾਠ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਸਥਾਪਿਤ ਪੰਜਾਬ ਭਵਨ ਮੇਰੇ ਲਈ ਸਿਰਫ ਇਮਾਰਤ ਨਹੀਂ ਸਗੋਂ ਇੱਥੇ ਵਸਦੇ ਪੰਜਾਬੀਆਂ ਦੀ ਤੜਪ, ਤਾਂਘ, ਵਿਕਾਸ ਤੇ ਵਿਰਾਸਤ ਦਾ ਪ੍ਰਤੀਕ ਹੈ। ਇਸ ਇਮਾਰਤ ਪਿੱਛੇ ਸਾਡੀ ਇਤਿਹਾਸਕ, ਸਾਹਿਤਕ ਤੇ ਸਭਿਆਚਾਰਕ ਇਬਾਰਤ ਹੈ। ਉਤਰੀ ਅਮਰੀਕਾ ਤੋਂ ਹੁੰਮ ਹੁੰਮਾ ਕੇ ਆਏ ਸਾਹਿਤਕਾਰ, ਦਾਨਿਸ਼ਵਰ ਇਸ ਇਮਾਰਤ ਨੂੰ ਇਬਾਰਤ ਵਿਚ ਤਬਦੀਲ ਕਰ ਰਹੇ ਹਨ। ਦੋ ਰੋਜ਼ਾ ਸੰਮੇਲਨ ਦਾ ਮੁੱਖ ਭਾਸ਼ਣ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ. ਸਾਧੂ ਸਿੰਘ ਨੇ ਕਿਹਾ ਕਿ ਉੋਤਰੀ ਅਮਰੀਕਾ ਦੀ ਧਰਤੀ ਨੇ ਇਕ ਸਦੀ ਪਹਿਲਾਂ ਇਹ ਸੁਨੇਹਾ ਦੇ ਦਿੱਤਾ ਸੀ ਕਿ ਖੇਤਰੀ ਭਾਸ਼ਾਵਾਂ ਹੀ ਗੁਲਾਮੀ ਦੇ ਸੰਗਲ ਤੋੜਨ ਦੇ ਸਮਰੱਥ ਹਨ।
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਹ ਆਪਣੇ ਬੋਲਾਂ ਦੀ ਪਹਿਰੇਦਾਰੀ ਕਰਨ ਕਾਰਨ ਹੀ ਅਫਗਾਨਿਸਤਾਨ ਦੀ ਹੱਦ ਤੋਂ ਪਰਤ ਆਏ ਤੇ ਲਾਇਲਪੁਰੋਂ ਫੜੇ ਗਏ। ਉਨ੍ਹਾਂ ਕਿਹਾ ਕਿ ਕਲਮਕਾਰ ਨੂੰ ਆਪਣੇ ਵਿਸ਼ਵਾਸ ‘ਤੇ ਪਹਿਰਾ ਦੇਣਾ ਚਾਹੀਦਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਤਰੀ ਅਮਰੀਕਾ ਵਿਚ ਸਿਰਜੇ ਸਾਹਿਤ ਤੇ ਵਿਕਸਤ ਹੋ ਰਹੇ ਨਵੇਂ ਸਭਿਆਚਾਰਕ ਮੁਹਾਂਦਰੇ ਦੀ ਨਿਸ਼ਾਨਦੇਹੀ ਲਈ ਇਹ ਸੰਮੇਲਨ ਯਕੀਨਨ ਚੰਗੇ ਨਤੀਜੇ ਕੱਢੇਗਾ।
ਭਾਰਤ ਦੇ ਵੈਨਕੂਵਰ ਵਿਚ ਕੌਂਸਲੇਟ ਜਨਰਲ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵੰਨ ਸੁਵੰਨੀ ਵਿਰਾਸਤ ਵਾਲੇ ਦੇਸ਼ ਹਨ, ਜਿੱਥੇ ਸਭ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਇਹ ਸਮਾਗਮ ਦੌਰਾਨ ਕੈਨੇਡੀਆਂ ਪੁਲਿਸ ਅਧਿਕਾਰੀ ਜੰਗ ਖੋਸਾ, ਬਲਤੇਜ ਸਿੰਘ ਢਿੱਲੋਂ ਤੇ ਪਿਰਥੀਪਾਲ ਸਿੰਘ ਸੋਹੀ, ਕਹਾਣੀਦਾਰ ਡਾ. ਵਰਿਆਮ ਸਿੰਘ ਸੰਧੂ, ਕੁਲਵਿੰਦਰ ਖਹਿਰਾ, ਭੁਪਿੰਦਰ ਦੁਲੇ, ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਤੇ ਅਮਰੀਕ ਪਲਾਹੀ ਨੇ ਖੋਜ ਪੱਤਰ ਪੇਸ਼ ਕੀਤੇ। ਇਸ ਉਪਰੰਤ ਕਵੀ ਦਰਬਾਰ ਵਿਚ 40 ਕਵੀਆਂ ਨੇ ਭਾਗ ਲਿਆ, ਜਿਸਦਾ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …