Breaking News
Home / ਦੁਨੀਆ / ਰਾਮ ਚੰਦਰ ਪੌਡੇਲ ਨੇ ਨੇਪਾਲ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਰਾਮ ਚੰਦਰ ਪੌਡੇਲ ਨੇ ਨੇਪਾਲ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਕਾਰਜਕਾਰੀ ਚੀਫ ਜਸਟਿਸ ਹਰੀ ਕ੍ਰਿਸ਼ਨ ਕਾਰਕੀ ਨੇ ਹਲਫ ਦਿਵਾਇਆ
ਕਾਠਮੰਡੂ/ਬਿਊਰੋ ਨਿਊਜ਼ : ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਰਾਮ ਚੰਦਰ ਪੌਡੇਲ ਨੇ ਕਾਠਮੰਡੂ ਵਿਖੇ ਨੇਪਾਲ ਦੇ ਤੀਜੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦੇ ਦਫ਼ਤਰ ਸ਼ੀਤਲ ਨਿਵਾਸ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਨੇਪਾਲ ਦੇ ਕਾਰਜਕਾਰੀ ਚੀਫ ਜਸਟਿਸ ਹਰੀ ਕ੍ਰਿਸ਼ਨ ਕਾਰਕੀ ਨੇ ਪੌਡੇਲ (78) ਨੂੰ ਸਹੁੰ ਚੁਕਾਈ। ਇਸ ਮੌਕੇ ਉਪ ਰਾਸ਼ਟਰਪਤੀ ਨੰਦ ਬਹਾਦੁਰ ਪੁਨ, ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’, ਸਾਬਕਾ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ, ਸਪੀਕਰ ਦੇਵ ਰਾਜ ਧਿਮਿਰੇ, ਨੈਸ਼ਨਲ ਅਸੈਂਬਲੀ ਚੇਅਰਮੈਨ ਗਣੇਸ਼ ਪ੍ਰਸਾਦ ਤਿਮਿਲਸੀਨਾ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ। ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਪੌਡੇਲ ਸੀਪੀਐੱਨ-ਯੂਐੱਮਐੱਲ ਦੇ ਉਮੀਦਵਾਰ ਸੁਭਾਸ਼ ਚੰਦਰ ਨੇਮਬਾਂਗ ਨੂੰ ਹਰਾ ਕੇ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਸਨ। ਪੌਡੇਲ ਨੂੰ ਅੱਠ ਸਿਆਸੀ ਪਾਰਟੀਆਂ ਦਾ ਸਮਰਥਨ ਮਿਲਿਆ। ਪੌਡੇਲ ਨੂੰ 52,628 ਵਿੱਚੋਂ 33,802, ਜਦਕਿ ਨੇਮਬਾਂਗ ਨੂੰ 15,518 ਵੋਟਾਂ ਮਿਲੀਆਂ ਸਨ। ਸਾਬਕਾ ਸਪੀਕਰ ਤੇ ਕਈ ਵਾਰ ਮੰਤਰੀ ਰਹਿ ਚੁੱਕੇ ਪੌਡੇਲ ਨੇ ਦੇਸ਼ ਦੇ ਸਰਵਉੱਚ ਅਹੁਦੇ ਤੱਕ ਪਹੁੰਚਣ ਲਈ ਇੱਕ ਲੰਬੀ ਰਾਜਨੀਤਕ ਯਾਤਰਾ ਕੀਤੀ ਹੈ। ਉਨ੍ਹਾਂ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਜੇਲ੍ਹ ਵਿੱਚ ਗੁਜ਼ਾਰਿਆ। ਉਹ ਛੇ ਵਾਰ ਵਿਧਾਇਕ, ਪੰਜ ਵਾਰ ਮੰਤਰੀ ਅਤੇ ਇੱਕ ਕਾਰਜਕਾਲ ਲਈ ਸਪੀਕਰ ਰਹੇ ਹਨ। ਸਾਲ 2008 ਵਿੱਚ ਗਣਤੰਤਰ ਦੇਸ਼ ਬਣਨ ਮਗਰੋਂ ਨੇਪਾਲ ਵਿੱਚ ਇਹ ਤੀਜੀ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਸਨ। ਪੌਡੇਲ ਨੇ ਬਿਦਿਆ ਦੇਵੀ ਭੰਡਾਰੀ ਦੀ ਜਗ੍ਹਾ ਲਈ ਹੈ, ਜਿਨ੍ਹਾਂ ਦਾ ਕਾਰਜਕਾਲ 12 ਮਾਰਚ ਨੂੰ ਖ਼ਤਮ ਹੋ ਗਿਆ ਸੀ।

Check Also

ਚੀਨ ਵਿੱਚ ਬੱਚਿਆਂ ‘ਚ ਫੈਲੇ ਸਾਹ ਰੋਗ ‘ਤੇ ਭਾਰਤ ਦੀ ਨਜ਼ਰ : ਕੇਂਦਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਚੀਨ ਵਿੱਚ ਫੈਲੇ …