Breaking News
Home / ਭਾਰਤ / ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਕੋਟਲੀ ਖੁਰਦ ਦਾ ਨਾਂ ਬਦਲ ਕੇ ‘ਪ੍ਰੇਮ ਕੋਟਲੀ’ ਰੱਖਿਆ

ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਕੋਟਲੀ ਖੁਰਦ ਦਾ ਨਾਂ ਬਦਲ ਕੇ ‘ਪ੍ਰੇਮ ਕੋਟਲੀ’ ਰੱਖਿਆ

ਬਠਿੰਡਾ/ਬਿਊਰੋ ਨਿਊਜ਼ : ਪਿੰਡ ‘ਕੋਟਲੀ ਖੁਰਦ’ ਦਾ ਨਾਂ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਕੀਤਿਆਂ ਬਦਲ ਕੇ ‘ਪ੍ਰੇਮ ਕੋਟਲੀ’ ਰੱਖ ਦਿੱਤਾ ਗਿਆ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਥਿਤ ਤੌਰ ‘ਤੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ‘ਪੰਚਾਇਤੀ ਫਰਲੇ’ ਨਾਲ ਹੀ ਇਹ ਕਾਰਵਾਈ ਕੀਤੀ ਸੀ, ਜਿਸ ਦਾ ਪਤਾ ਹੁਣ ਹੋਈ ਪੜਤਾਲ ਮਗਰੋਂ ਲੱਗਿਆ ਹੈ।
ਪੜਤਾਲ ਮਗਰੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਨਾਂ ਬਦਲਣ ਲਈ ਨਾ ਗ੍ਰਾਮ ਸਭਾ ਦਾ ਇਜਲਾਸ ਹੋਇਆ ਅਤੇ ਨਾ ਹੀ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕੀਤਾ। ਸਾਦੇ ਕਾਗਜ਼ ‘ਤੇ ਲਿਖੇ ਪੱਤਰ ਦੇ ਆਧਾਰ ‘ਤੇ ਹੀ ਤਤਕਾਲੀ ਸਰਕਾਰ ਨੇ ਪਿੰਡ ਦਾ ਨਾਂ ਬਦਲ ਦਿੱਤਾ। ਪਿੰਡ ਕੋਟਲੀ ਦੀ ਸਰਪੰਚ ਹੁਣ ਮਹਿਕਮੇ ਕੋਲ ਸਫ਼ਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡ ਕੋਟਲੀ ਕਲਾਂ ਵਿੱਚ ਵੱਡੀ ਗਿਣਤੀ ਡੇਰਾ ਪ੍ਰੇਮੀ ਰਹਿੰਦੇ ਸਨ, ਜੋ ਆਪਣੇ ਗੁਰੂ ਦੇ ਬਚਨ ਪੁਗਾਉਣ ਲਈ ਪਿੰਡ ਦਾ ਨਾਂ ‘ਪ੍ਰੇਮ ਕੋਟਲੀ’ ਰੱਖਣਾ ਚਾਹੁੰਦੇ ਸਨ। ਮਾਲ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਨੇ 4 ਅਗਸਤ 2016 ਨੂੰ ਚੋਣਾਂ ਤੋਂ ਪਹਿਲਾਂ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ‘ਪ੍ਰੇਮ ਕੋਟਲੀ’ ਰੱਖ ਦਿੱਤਾ। ਜਦੋਂ ਨੋਟੀਫਿਕੇਸ਼ਨ ਹੋਇਆ ਤਾਂ ਇਸ ਮਾਮਲੇ ਦਾ ਪਤਾ ਲੱਗਿਆ। ਹੁਣ ਪਿੰਡ ਕੋਟਲੀ ਖੁਰਦ ਦਾ ਇੱਕ ਧੜਾ ਨਵੇਂ ਨਾਂ ‘ਤੇ ਇਤਰਾਜ਼ ਕਰ ઠ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਕੁਝ ਅਰਸਾ ਪਹਿਲਾਂ ਇਸ ਮਾਮਲੇ ਦੀ ਪੜਤਾਲ ਕੀਤੀ ਸੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਮਾਮਲੇ ਵਿੱਚ ਪਿੰਡ ਕੋਟਲੀ ਖੁਰਦ ਦੀ ਸਰਪੰਚ ਨੂੰ ਨੋਟਿਸ ਜਾਰੀ ਕੀਤਾ ਸੀ। ਹੁਣ ਪੰਚਾਇਤ ਮਹਿਕਮੇ ਨੇ ਇਸ ਮਾਮਲੇ ‘ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਠਿੰਡਾ ਦੀ ਟਿੱਪਣੀ ਮੰਗੀ ਹੈ। ਜੋ ਵੇਰਵੇ ਉਜਾਗਰ ਹੋਏ ਹਨ, ਉਨ੍ਹਾਂ ਅਨੁਸਾਰ ਪਿੰਡ ਦਾ ਨਾਮ ਬਦਲਣ ਲਈ ਗ੍ਰਾਮ ਸਭਾ ਦਾ ਕੋਈ ਇਜਲਾਸ ਨਹੀਂ ਕੀਤਾ ਗਿਆ ਤੇ ਨਾ ਹੀ ਪੰਚਾਇਤ ਦੇ ਕਾਰਵਾਈ ਰਜਿਸਟਰ ਵਿੱਚ ਕੋਈ ਮਤਾ ਪਾਇਆ ਗਿਆ। ਪੰਚਾਇਤ ਨੇ ਮਤਾ ਪਾਸ ਕਰਕੇ ਪਿੰਡ ਦਾ ਨਾਮ ਬਦਲਾਉਣ ਲਈ ਬੀਡੀਪੀਓ ਦਫ਼ਤਰ ਨੂੰ ਕੋਈ ਰਿਕਾਰਡ ਨਹੀਂ ਦਿੱਤਾ ਤੇ ਨਾ ਹੀ ਡੀਡੀਪੀਓ ਦਫ਼ਤਰ ਤੱਕ ਪਹੁੰਚ ਕੀਤੀ ਗਈ। ਸੂਤਰ ਦੱਸਦੇ ਹਨ ਕਿ ਲੈਟਰ ਪੈਡ ‘ਤੇ ਲਿਖੇ ਜਾਣ ਮਗਰੋਂ ਹੀ ਸਰਕਾਰ ਨੇ ਬਿਨਾ ਵਿਭਾਗ ਦੀ ਰਿਪੋਰਟ ਲਏ ਕਥਿਤ ਤੌਰ ‘ਤੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਪਿੰਡ ਦਾ ਨਾਮ ਬਦਲ ਦਿੱਤਾ। ਉਸ ਵੇਲੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਸ ਮਾਮਲੇ ਖ਼ਿਲਾਫ਼ ਝੰਡਾ ਚੁੱਕਿਆ ਸੀ। ਵੇਰਵਿਆਂ ਅਨੁਸਾਰ ਪਿੰਡ ਦੀ ਮਹਿਲਾ ਸਰਪੰਚ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਤਤਕਾਲੀ ਪੰਚਾਇਤ ਸਕੱਤਰ ਨੂੰ ਕਾਰਵਾਈ ਦਾ ਮਤਾ ਪਾਉਣ ਲਈ ਆਖਿਆ ਸੀ। ਦੂਜੇ ਪਾਸੇ ਪੰਚਾਇਤ ਸਕੱਤਰ ਨੇ ਆਖਿਆ ਹੈ ਕਿ ਉਸ ਨੂੰ ਪੰਚਾਇਤ ਨੇ ਅਜਿਹਾ ਕੋਈ ਮਤਾ ਪਾਉਣ ਲਈ ਨਹੀਂ ਕਿਹਾ ਸੀ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …