1.3 C
Toronto
Friday, November 14, 2025
spot_img
Homeਕੈਨੇਡਾਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ 'ਕੈਨੇਡਾ-ਡੇਅ' ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ-ਡੇਅ’ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ

Father Tobin Club celebrated Canada Day (2) copy copyਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਫਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ-ਡੇਅ’ 3 ਜੁਲਾਈ ਦਿਨ ਐਤਵਾਰ ਨੂੰ ‘ਸਲੈਡ-ਡੌਗ’ ਪਾਰਕ ਵਿੱਚ ਪੂਰੀ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਖੁੱਲ੍ਹੇ ਪਾਰਕ ਵਿੱਚ ਵੱਡੇ ਪੰਡਾਲ ਵਿੱਚ ਕੁਰਸੀਆਂ ਸਜਾ ਕੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸਟੇਜ ਦੇ ਪਿਛਲੇ ਪਾਸੇ ਖਾਣ-ਪੀਣ ਦੀਆਂ ਚੀਜ਼ਾ-ਵਸਤਾਂ ਸਜਾਈਆਂ ਹੋਈਆਂ ਸਨ ਜਿੱਥੇ ਸਾਰੇ ਮੈਂਬਰ ਤੇ ਮਹਿਮਾਨ ਚਾਹ-ਪਾਣੀ ਛਕ ਰਹੇ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਗੁਰਦੇਵ ਸਿੰਘ ਹੰਸਰਾ ਨੇ ਛੋਟੀਆਂ-ਛੋਟੀਆਂ ਬੱਚੀਆਂ ਵੱਲੋਂ ਗਾਏ ਗਏ ਰਾਸ਼ਟਰੀ-ਗੀਤ ‘ਓ, ਕੈਨੇਡਾ’ ਤੋਂ ਬਾਅਦ ‘ਕੈਨੇਡਾ-ਡੇਅ’ ਦੀ ਮਹਾਨਤਾ ਬਾਰੇ ਦੱਸਦਿਆਂ ਹੋਇਆਂ ਕੈਨੇਡਾ ਨੂੰ ਰਿਹਾਇਸ਼ ਦੇ ਲਈ ਸੱਭ ਤੋਂ ਵਧੀਆ ਦੇਸ਼ ਕਿਹਾ ਅਤੇ ਨਾਲ ਹੀ ‘ਸਰੋਕਾਰਾਂ ਦੇ ਆਵਾਜ਼’ ਦੇ ਸੰਪਾਦਕ ਹਰਬੰਸ ਸਿੰਘ ਨੂੰ ਮੰਚ ‘ਤੇ ਆਉਣ ਲਈ ਕਿਹਾ ਜਿਨ੍ਹਾਂ ਨੇ ਕੈਨੇਡਾ ਦੇ ਵਧੀਆ ਨਿਜ਼ਾਮ ਅਤੇ ਸਹੂਲਤਾਂ ਦੀ ਗੱਲ ਕਰਦਿਆਂ ਇੱਥੇ ਨਾਗਰਿਕਾਂ ਵੱਲੋਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਦਿੱਤੇ ਜਾਣ ਵਾਲੇ ਭਾਰੀ ਟੈਕਸ-ਢਾਂਚੇ ਨੂੰ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ।
ਸਕੂਲ-ਟਰੱਸਟੀ ਹਰਕੀਰਤ ਸਿੰਘ ਨੇ ਇੱਥੋਂ ਦੀ ਨਵੀਂ ਪੀੜ੍ਹੀ ਨੂੰ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ‘ਤੇ ਜ਼ੋਰ ਦਿੱਤਾ ਅਤੇ ਇੱਥੇ ਬਰੈਂਪਟਨ ਵਿੱਚ ਯੂਨੀਵਰਸਿਟੀ ਦੀ ਜ਼ਰੂਰਤ ਨੂੰ ਬਹੁਤ ਵਧੀਆ ਤਰੀਕੇ ਨਾਲ ਉਭਾਰਿਆ। ਮੰਚ-ਸੰਚਾਲਕ ਨੇ ਤਬੀਅਤ ਨਾਸਾਜ਼ ਹੋਣ ਕਾਰਨ ਅਗਲੇਰੀ ਕਾਰਵਾਈ ਚਲਾਉਣ ਲਈ ਸਭਾ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਨੂੰ ਬੇਨਤੀ ਕੀਤੀ ਜਿਨ੍ਹਾਂ ਨੇ ਅੱਗੋਂ ਇਸ ਨੂੰ ਬਾਖ਼ੂਬੀ ਨੇਪਰੇ ਚਾੜ੍ਹਿਆ।
ਸਿਟੀ-ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਨੌਜੁਆਨਾਂ ਨੂੰ ਬਰੈਂਪਟਨ ਵਿੱਚ ਨਵੀਆਂ ਨੌਕਰੀਆਂ ਉਪਲੱਭਧ ਕਰਾਉਣ ਲਈ ਇੱਥੇ ਹੋਰ ਰਿਹਾਇਸ਼ੀ ਘਰਾਂ ਦੀ ਬਜਾਏ ਇੰਡਸਟਰੀ ਤੇ ਹੋਰ ਕੰਮਾਂ ਲਈ ਜ਼ਮੀਨ ਦਾ ਪ੍ਰਬੰਧ ਕਰਨ ਲਈ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਦਾ ਬਾਖ਼ੂਬੀ ਜ਼ਿਕਰ ਕੀਤਾ। ਉਨ੍ਹਾਂ ਬਰੈਂਪਟਨ ਸਿਟੀ ਕਾਊਂਸਲ ਵਿੱਚ ਮਿਲਣ ਵਾਲੇ ਸਹਿਯੋਗ ਦੀ ਘਾਟ ਕਾਰਨ ਐੱਲ.ਆਰ.ਟੀ. ਪ੍ਰਾਜੈਕਟ ਦੇ ਨਾ ਆ ਸਕਣ ਅਤੇ ਹੋਰ ਕਈ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੋਕਾਂ ਨੂੰ ਅਜਿਹੇ ਸਿਟੀ ਕਾਊਂਸਲਰਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਇਸ ਸ਼ਹਿਰ ਦੀ ਬੇਹਤਰੀ ਬਾਰੇ ਮਿਲ ਕੇ ਕੰਮ ਕਰਨ।
ਡਾ. ਸੁਖਦੇਵ ਸਿੰਘ ਝੰਡ ਨੇ ਪ੍ਰਬੰਧਕਾਂ ਨੂੰ ‘ਕੈਨੇਡਾ ਡੇਅ’ ਦੇ ਸਬੰਧ ਵਿੱਚ ਇਸ ਖ਼ੁਬਸੂਰਤ ਪ੍ਰੋਗਰਾਮ ਦੇ ਆਯੋਜਨ ਲਈ ਵਧਾਈ ਦਿੰਦਿਆਂ ਹੋਇਆਂ ਕਲੱਬ ਦੇ ਮੈਂਬਰਾਂ ਲਈ ਸਿਹਤ ਸਬੰਧੀ ਜਾਗਰੂਕਤਾ ਲਈ ਕੀਤੇ ਗਏ ਪਿਛਲੇ ਪ੍ਰੋਗਰਾਮ ਦੀ ਤਰਜ਼ ‘ਤੇ ਅੱਗੋਂ ਹੋਰ ਉਸਾਰੂ ਪ੍ਰੋਗਰਾਮ ਕਰਨ ਲਈ ਪ੍ਰੇਰਨਾ ਕੀਤੀ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਵਿੱਚ ਕੈਨੇਡਾ ਵਿੱਚ ਮਿਲਣ ਵਾਲੇ ਅਧਿਕਾਰਾਂ ਅਤੇ ਸਹੂਲਤਾਂ ਦੇ ਨਾਲ-ਨਾਲ ਫ਼ਰਜਾਂ ਦੀ ਪਹਿਚਾਣ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਵਧੇਰੇ ਅਧਿਕਾਰ ਪ੍ਰਾਪਤ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ 911 ਦੀ ਸਹੂਲਤ ਦੀ ਵਰਤੋਂ ਇੱਥੇ ਮਰਦਾਂ ਦੇ ਖ਼ਿਲਾਫ਼ ਕੀਤੀ ਜਾਵੇ, ਸਗੋਂ ਛੋਟੇ-ਮੋਟੇ ਘਰੇਲੂ ਝਗੜਿਆਂ ਨੂੰ ਭਾਈਚਾਰਕ ਤੌਰ ‘ਤੇ ਹੱਲ ਕਰ ਲੈਣਾ ਚਾਹੀਦਾ ਹੈ। ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਨੇ ‘ਕੈਨੇਡਾ ਡੇਅ’ ਦੀ ਵਧਾਈ ਦਿੰਦਿਆਂ ਹੋਇਆਂ ਦੂਸਰੇ ਸੂਬਿਆਂ ਵਿੱਚ ਸੀਨੀਅਰਜ਼ ਨੂੰ ਮਿਲਣ ਵਾਲੀਆਂ ਸਹੂਲਤਾਂ ਇੱਥੇ ਓਨਟਾਰੀਓ ਵਿੱਚ ਵੀ ਦੇਣ ਦੀ ਵਕਾਲਤ ਕੀਤੀ।
ਪ੍ਰੋਗਰਾਮ ਦੌਰਾਨ ਕਵਿਤਾਵਾਂ ਤੇ ਗੀਤਾਂ ਦਾ ਦੌਰ ਵੀ ਨਾਲ-ਨਾਲ ਚੱਲਦਾ ਰਿਹਾ ਜਿਸ ਵਿੱਚ ਅਜਮੇਰ ਪ੍ਰਦੇਸੀ, ਹਰਜੀਤ ਬੇਦੀ, ਸੁਖਦੇਵ ਝੰਡ, ਸੰਪੂਰਨ ਸਿੰਘ ਸਰਾਂ, ਬਖ਼ਤੌਰ ਸਿੰਘ, ਸੁਰਿੰਦਰ ਸ਼ਰਮਾ ਨੇ ਆਪਣੀਆਂ ਕਵਿਤਾਵਾਂ ਤੇ ਗੀਤ ਸੁਣਾਏ। ਚਾਹ-ਪਾਣੀ ਦਾ ਸਿਲਸਿਲਾ ਵੀ ਨਾਲ ਹੀ ਚੱਲਦਾ ਰਿਹਾ। ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਐੱਮ.ਪੀ. ਰਾਜ ਗਰੇਵਾਲ ਅਤੇ ਐੱਮ.ਪੀ.ਪੀ. ਜਗਮੀਤ ਸਿੰਘ ਆਪਣੇ ਕਿਸੇ ਜ਼ਰੂਰੀ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ ਪਰ ਸਿਟੀ-ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਕੂਲ-ਟਰੱਸਟੀ ਹਰਕੀਰਤ ਸਿੰਘ ਹੁਰਾਂ ਦੇ ਆਉਣ ਨਾਲ ਪੰਡਾਲ ਦੀ ਰੌਣਕ ਵਿੱਚ ਕਾਫ਼ੀ ਵਾਧਾ ਹੋ ਗਿਆ। ਹੋਰਨਾਂ ਕਈ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ, ਸਕੱਤਰ ਤੇ ਹੋਰ ਅਹੁਦੇਦਾਰਾਂ ਤੇ ਮੈਂਬਰ ਵੀ ਇਸ ਪ੍ਰੋਗਰਾਮ ਵਿੱਚ ਕਾਫ਼ੀ ਗਿਣਤੀ ਵਿੱਚ ਪਹੁੰਚੇ। ਸਮਾਗ਼ਮ ਵਿੱਚ ਔਰਤਾਂ ਦੀ ਸ਼ਮੂਲੀਅਤ ਜ਼ਿਕਰਯੋਗ ਸੀ। ਕੁੱਲ ਮਿਲਾ ਕੇ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਕੀਤਾ ਹੋਇਆ ਕੈਨੇਡਾ-ਡੇਅ ਸਬੰਧੀ ਇਹ ਪ੍ਰੋਗਰਾਮ ਬੇਹੱਦ ਸਫ਼ਲ ਹੋ ਨਿਬੜਿਆ।

RELATED ARTICLES
POPULAR POSTS