ਬਰੈਂਪਟਨ/ਬਿਊਰੋ ਨਿਊਜ਼
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 8 ਜੁਲਾਈ ਨੂੰ ਕਨੇਡਾ ਡੇਅ ਮਨਾਇਆ ਗਿਆ। ਕਨੇਡਾ ਦਾ ਝੰਡਾ ਝੁਲਾਉਣ ਅਤੇ ਰਾਸ਼ਟਰੀ ਗੀਤ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਕਾਉਂਸਲਰ ਗੁਰਪ੍ਰੀਤ ਢਿੱਲੋਂ ਨੇ ਦੱਸਿਆ ਕਿ ਉਹਨਾਂ ਵਲੋਂ ਬਰੈਂਪਟਨ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ ਜਿਸ ਨਾਲ 25,000 ਨੌਕਰੀਆਂ ਹੋਰ ਪੈਦਾ ਹੋਣ ਦੀ ਸੰਭਾਵਨਾ ਹੈ। ਉਹਨਾਂ ਇਹ ਵੀ ਕਿਹਾ ਕਿ ਬਰੈਂਪਟਨ ਸਿਟੀ ਵਲੋਂ ਯੁਨੀਵਰਸਿਟੀ ਸਥਾਪਤ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸੇ ਤਰ੍ਹਂਾਂ ਪੈਟ ਫੋਰਟੀਨੀ ਨੇ ਦੱਸਿਆ ਕਿ ਸੀਨੀਅਰਜ਼ ਦੀਆਂ ਸਹੁਲਤਾਂ ਲਈ ਉਹ ਵਿਸ਼ੇਸ਼ ਯਤਨ ਕਰ ਰਹੇ ਹਨ। ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਕਨੇਡਾ ਡੇਅ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਦੇ ਦਿੱਤੇ ਸਹਿਯੋਗ ਸਦਕਾ ਉਹ ਪੀਲ ਸਕੂਲ ਬੋਰਡ ਦੇ ਸਕੂਲਾਂ ਵਿੱਚ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਸ਼ਾਮਲ ਕਰਵਾਉਣ ਵਿੱਚ ਕਾਮਯਾਬ ਹੋ ਗਏ ਹਨ ਤੇ ਪੜਾਅ ਵਾਰ ਉਹ ਸਾਰੇ ਸਕੂਲਾਂ ਵਿੱਚ ਕਬੱਡੀ ਦੀਆਂ ਟੀਮਾਂ ਲਈ ਯਤਨ ਜਾਰੀ ਰੱਖ ਰਹੇ ਹਨ। ਪੰਜਾਬੀ ਲੋਕ ਨਾਚ ਭੰਗੜਾ ਨੂੰ ਵੀ ਉਹ ਪੀਲ ਸਕੂਲ ਬੋਰਡ ਦੇ ਸਕੂਲਾਂ ਵਿੱਚ ਲਿਜਾਣ ਲਈ ਕੋਸ਼ਿਸ਼ ਕਰ ਰਹੇ ਹਨ।ਦੂਜੇ ਪੜਾਅ ਵਿੱਚ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਧਾਨ ਪਰਮਜੀਤ ਬੜਿੰਗ ਨੇ 25 ਜੂਨ ਦੇ ਮਲਟੀਕਲਚਰ ਪਰੋਗਰਾਮ ਸਬੰਧੀ ਵੇਰਵੇ ਦਿੱਤੇ ਜਿਸ ਨਾਲ ਇਹ ਸਿੱਧ ਹੋ ਗਿਆ ਕਿ ਐਸੋਸੀਏਸ਼ਨ ਦੇ ਪਾਸ ਕੀਤੇ ਮਤੇ ਦੀ ਸਾਰੇ ਕਲੱਬਾਂ ਨੇ ਪਰੋੜ੍ਹਤਾ ਕਰ ਦਿੱਤੀ ਹੈ। ਸਿਰਫ ਦੋ ਤਿੰਨ ਵਿਅਕਤੀ ਹੀ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾ ਕੁੱਝ ਵਿਅਕਤੀਆਂ ਦੇ ਇਸ ਵਿਹਾਰ ਤੇ ਹੈਰਾਨੀ ਪਰਗਟ ਕੀਤੀ ਕਿ ਉਸ ਪ੍ਰੋਗਰਾਮ ਦੇ ਕਰਤਾ ਧਰਤਾ ਨੂੰ ਐਸੋਸੀਏਸ਼ਨ ਚੋਂ ਕੱਢਣ ਲਈ ਪੱਬਾਂ ਭਾਰ ਹੋਏ ਫਿਰਦੇ ਸਨ ਪਤਾ ਨਹੀਂ ਕਿਹੜੀ ਮਜਬੂਰੀ ਵੱਸ ਹੁਣ ਉੱਥੇ ਹਾਜ਼ਰੀ ਭਰੀ। ਸਰਬ ਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਉਨ੍ਹਾਂ ਨੂੰ ਨੋਟਿਸ ਭੇਜ ਕੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਜਾਵੇ। ਪ੍ਰੀਤਮ ਸਿੰਘ ਪੁਰੇਵਾਲ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਪਾਸ ਮਤਿਆਂ ਦੀ ਪੂਰਤੀ ਲਈ ਡਟ ਕੇ ਖੜ੍ਹਨਾ ਚਾਹੀਦਾ ਹੈ। ਪ੍ਰੋ. ਜੰਗੀਰ ਸਿੰਘ ਕਾਹਲੋਂ ਨੇ ਉਸ ਪ੍ਰੋਗਰਾਮ ਵਿੱਚ ਤੇਗ ਬਹਾਦਰ ਸਕੂਲ ਦੀ ਸ਼ਮੂਲੀਅਤ ਬਾਰੇ ਸ਼ਪਸ਼ਟ ਕਰਦਿਆਂ ਕਿਹਾ ਕਿ ਇਸ ਸਬੰਧੀ ‘ਸਿੱਖ ਸਪੋਕਸਮੈਨ’ ਵਿੱਚ ਪੂਰੀ ਰਿਪੋਰਟ ਹੈ ਅਤੇ ਉਨ੍ਹਾਂ ਨੇ ਕਾਫੀ ਕਾਪੀਆਂ ਮੈਂਬਰਾਂ ਦੇ ਪੜ੍ਹਨ ਵਾਸਤੇ ਲਿਆਂਦੀਆਂ। ਇਸੇ ਤਰ੍ਹਂਾ ਪ੍ਰੀਤਮ ਸਿੰਘ ਸਰਾਂ, ਨਿਰਮਲ ਸਿੰਘ ਸੰਧੂ, ਦੇਵ ਸੂਦ, ਹਰਦਿਆਲ ਸੰਧੂ ਅਤੇ ਵਤਨ ਸਿੰਘ ਨੇ ਆਪਣੇ ਵਿਚਾਰ ਪਰਗਟ ਕੀਤੇ। ਪਰਵਾਸੀ ਗਰੁੱਪ ਦੇ ਰਾਜਿੰਦਰ ਸੈਣੀ ਨੇ ਕਿਹਾ ਕਿ ਵਿਅਕਤੀ ਤੋਂ ਸੰਸਥਾ ਹਮੇਸ਼ਾਂ ਵੱਡੀ ਹੁੰਦੀ ਹੈ। ਉਹਨਾਂ ਇਹ ਵਾਅਦਾ ਕੀਤਾ ਕਿ ਉਹ ਆਪਣੇ ਅਖਬਾਰ ਵਿੱਚ ਸੀਨੀਅਰਜ਼ ਕਲੱਬਾਂ ਨੂੰ ਬਣਦਾ ਸਥਾਨ ਜਰੂਰ ਦੇਣਗੇ।ਅੰਤ ਵਿੱਚ ਜਨਰਲ ਸਕੱਤਰ ਨਿਰਮਲ ਸੰਧੂ ਨੇ ਮੀਟਿੰਗ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ 12 ਅਗਸਤ ਨੂੰ ਹੋ ਰਹੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …