Breaking News
Home / ਕੈਨੇਡਾ / ‘ਹੁਣ’ ਦੇ ਸੰਪਾਦਕ ਸੁਸ਼ੀਲ ਦੋਸਾਂਝ ਨਾਲ ਰੂ-ਬ-ਰੂ ਤੇ ਉਨ੍ਹਾਂ ਦਾ ਮਾਣ-ਸਨਮਾਨ

‘ਹੁਣ’ ਦੇ ਸੰਪਾਦਕ ਸੁਸ਼ੀਲ ਦੋਸਾਂਝ ਨਾਲ ਰੂ-ਬ-ਰੂ ਤੇ ਉਨ੍ਹਾਂ ਦਾ ਮਾਣ-ਸਨਮਾਨ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਰੇਡੀਓ ‘ਪੰਜਾਬੀ ਦੁਨੀਆਂ’ ਦੇ ਹਰਜੀਤ ਗਿੱਲ ਤੇ ‘ਸਾਂਝਾ ਪੰਜਾਬ’ ਦੇ ਬੌਬ ਦੋਸਾਂਝ ਦੇ ਸੱਦੇ ‘ਤੇ ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਕਲਾਂ ਦੇ ਵਸਨੀਕਾਂ ਤੇ ਹੋਰ ਦੋਸਤਾਂ-ਮਿੱਤਰਾਂ ਦੀ ਇੱਕ ਮਹਿਫ਼ਲ ਲੰਘੇ ਐਤਵਾਰ 11 ਮਈ ਨੂੰ 2131 ਵਿਲੀਅਮ ਪਾਰਕਵੇਅ ਸਥਿਤ ਸਟੂਡਿਓ ਹਾਲ ਵਿੱਚ ਸਜਾਈ ਗਈ ਜਿਸ ਵਿੱਚ ਚਾਰ-ਮਾਸਿਕ ਪੰਜਾਬੀ ਮੈਗ਼ਜ਼ੀਨ ‘ਹੁਣ’ ਦੇ ਸੰਪਾਦਕ ਸੁਸ਼ੀਲ ਦੋਸਾਂਝ ਅਤੇ ਉਨ੍ਹਾਂ ਦੀ ਸੁਪਤਨੀ ਕਮਲ ਦੋਸਾਂਝ ਨਾਲ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿੱਚ ਸੁਸ਼ੀਲ ਦੋਸਾਂਝ ਦੇ ਨਾਲ ਪ੍ਰਿੰ. ਪ੍ਰੇਮ ਸਿੰਘ, ਡਾ. ਸੌਲਮਨ ਨਾਜ਼, ਪਾਲ ਬਡਵਾਲ ਅਤੇ ਅਮਰਜੀਤ ਦੋਸਾਂਝ ਸੁਸ਼ੋਭਿਤ ਸਨ।
ਆਪਣੇ ਪਿੰਡ ਦੋਸਾਂਝ ਕਲਾਂ ਅਤੇ ਆਪਣੇ ਬਾਰੇ ਦੱਸਦਿਆਂ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਬੜੀਆਂ ਪ੍ਰਮੁੱਖ ਹਸਤੀਆਂ ਹੋਈਆਂ ਹਨ ਜਿਨ੍ਹਾਂ ਵਿਚ ਉੱਘੇ-ਪੱਤਰਕਾਰ ਅਮਰ ਸਿੰਘ ਦੋਸਾਂਝ, ਕੈਨੇਡੀਅਨ ਸਿਆਸਤਦਾਨ ਉੱਜਲ ਦੋਸਾਂਝ, ਗਾਇਕ ਤੇ ਫਿਲਮੀ ਐਕਟਰ ਦਲਜੀਤ ਦੋਸਾਂਝ, ਮਹਿੰਦਰ ਸਿੰਘ ਦੋਸਾਂਝ, ਨਾਜਰ ਸਿੰਘ ਤਰਸ ਤੇ ਕਸ਼ਮੀਰਾ ਸਿੰਘ ਮਾਹੀ ਆਦਿ ਦੇ ਨਾਂ ਖ਼ਾਸ ਤੌਰ ‘ਤੇ ਵਰਨਣਯੋਗ ਹਨ। ਉਨ੍ਹਾਂ ਕਿਹਾ ਕਿ ਉਹ ਕਾਲਜ ਸਮੇਂ ਵਿਦਿਆਰਥੀ ਘੋਲਾਂ ਵਿੱਚ ਕਾਫ਼ੀ ਸਰਗ਼ਰਮ  ਰਹੇ ਅਤੇ ਫਿਰ ‘ਨਵਾਂ ਜ਼ਮਾਨਾ’, ‘ਦੇਸ਼ ਸੇਵਕ’, ‘ਜੱਗਬਾਣੀ’ ਆਦਿ ਅਖ਼ਬਾਰਾਂ ਵਿੱਚ ਪੱਤਰਕਾਰੀ ਦੇ ਕਿੱਤੇ ਨਾਲ ਜੁੜੇ ਰਹੇ। ‘ਅਜੀਤ’ (ਜਲੰਧਰ) ਵਿੱਚ ਉਨ੍ਹਾਂ ਦਾ ਕਾਲਮ ‘ਆਈਨੇ ਦੇ ਆਰ-ਪਾਰ’ ਕਾਫ਼ੀ ਦੇਰ ਤੱਕ ਲਗਾਤਾਰ ਛਪਦਾ ਰਿਹਾ। ਉਹ ਇਸ ਵੇਲੇ ਸਾਹਿਤ ਪੱਤਰਕਾਰੀ ਦੇ ਨਾਲ ਨਾਲ ਰੇਡੀਓ ਜਰਨਲਿਜ਼ਮ ਨਾਲ ਵੀ ਜੁੜੇ ਹੋਏ ਹਨ ਅਤੇ ਦੇਸ/ਪ੍ਰਦੇਸ ਦੇ ਕਈ ਰੇਡੀਓ ਪ੍ਰੋਗਰਾਮਾਂ ਵਿੱਚ ਖ਼ਬਰਾਂ ਪੜ੍ਹਦੇ ਹਨ।
ਸਾਹਿਤਕ-ਪੱਤਰਕਾਰੀ ਦੇ ਖ਼ੇਤਰ ਵਿੱਚ ਰਸਾਲੇ ‘ਹੁਣ’ ਨਾਲ ਜੁੜਨ ਬਾਰੇ ਉਨ੍ਹਾਂ ਦੱਸਿਆ ਕਿ ਇਸ ਦੇ ਬਾਨੀ ਸੰਪਾਦਕ ਸਵ. ਅਵਤਾਰ ਜੰਡਿਆਲਵੀ ਆਪਣੇ ਇਸ ਮੈਗਜ਼ੀਨ ਵਿੱਚ ਕਵਿਤਾ/ਕਹਾਣੀ ਤੋਂ ਅੱਗੇ ਵੀ ਕੁਝ ਹੋਰ ਸ਼ਾਮਲ ਕਰਨਾ ਲੋਚਦੇ ਸਨ ਅਤੇ ਪ੍ਰਮੁੱਖ ਸ਼ਾਇਰ ਹਰਭਜਨ ਹੁੰਦਲ ਤੇ ਕਈ ਹੋਰ ਸਾਹਿਤਕਾਰ ਦੋਸਤਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ 2005 ਵਿੱਚ ਇਹ ਅੰਤਰ-ਰਾਸ਼ਟਰੀ ਪੱਧਰ ਦਾ ਵਿਲੱਖਣ ਮੈਗ਼ਜ਼ੀਨ ਹੋਂਦ ਵਿੱਚ ਆਇਆ ਜਿਸ ਵਿੱਚ ਕਹਾਣੀਆਂ/ਕਵਿਤਾਵਾਂ/ਨਿਬੰਧਾਂ ਆਦਿ ਤੋਂ ਇਲਾਵਾ ਹੋਰ ਵੀ ਕਈ ਕਿਸਮ ਦਾ ਮੈਟਰ ਸ਼ਾਮਲ ਕੀਤਾ ਜਾਣ ਲੱਗਾ। ਇਸ ਦੇ ਹਰੇਕ ਅੰਕ ਵਿਚਲੀ ਵਿਚਲੀ ਇੰਟਰਵਿਊ ਅਤੇ ਦੂਸਰੀਆਂ ਭਾਸ਼ਾਵਾਂ ਦਾ ਮਿਆਰੀ ਅਨੁਵਾਦਿਤ ਸਾਹਿਤ ਇਸ ਦੇ ਪਾਠਕਾਂ ਅਨੁਸਾਰ ਉਨ੍ਹਾਂ ਲਈ ਖ਼ਾਸ ਖਿੱਚ ਦਾ ਕਾਰਨ ਅਤੇ ਇਹ ਰਵਾਇਤ ਬਾ-ਕਾਇਦਾ ਕਾਇਮ ਰੱਖੀ ਜਾ ਰਹੀ ਹੈ। ਸੁਸ਼ੀਲ ਨੇ ਕਿਹਾ ਕਿ ਮੁੱਢਲੇ ਤੌਰ ‘ਤੇ ਉਹ ਕਵੀ ਹਨ ਅਤੇ ਪੱਤਰਕਾਰ ਬਾਅਦ ਵਿੱਚ ਹਨ। ਇਸ ਪ੍ਰੋਗਰਾਮ ਵਿਚ ਉਨ੍ਹਾਂ ਆਪਣੀਆਂ ਤਿੰਨ-ਚਾਰ ਗ਼ਜ਼ਲਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਅਤੇ ਭਰਪੂਰ ਦਾਦ ਲਈ।
ਇਸ ਦੌਰਾਨ ‘ਦੋਸਾਂਝ ਸਪੋਰਟਸ ਕਲੱਬ’ ਵੱਲੋਂ ਸੁਸ਼ੀਲ ਦੋਸਾਂਝ ਤੇ ਉਨ੍ਹਾਂ ਦੀ ਪਤਨੀ ਕਮਲ ਦੋਸਾਂਝ ਨੂੰ ਸ਼ਾਨਦਾਰ ਪਲੇਕ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਕਮਲ ਦੋਸਾਂਝ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਉਹ ਰਿਸਾਲੇ ‘ਹੁਣ’ ਦੀ ਤਿਆਰੀ ਵਿੱਚ ਸੁਸ਼ੀਲ ਹੋਰਾਂ ਨਾਲ ਹੱਥ ਵਟਾਉਂਦੇ ਹਨ ਅਤੇ ਸੁਸ਼ੀਲ ਉਨ੍ਹਾਂ ਨੂੰ ਘਰੇਲੂ ਕੰਮਾਂ ਵਿੱਚ ਪੂਰਾ ਸਹਿਯੋਗ ਦਿੰਦੇ ਹਨ। ਡਾ. ਸੌਲਮਨ ਨਾਜ਼ ਨੇ ਅਵਤਾਰ ਜੰਡਿਆਲਵੀ ਨਾਲ ਆਪਣੀ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਅਵਤਾਰ ਤਤਕਾਲੀ ਰਿਸਾਲਿਆਂ ਵਿੱਚ ਛਪਦੇ ਪ੍ਰਚੱਲਤ ਮੈਟਰ ਤੋਂ ਸੰਤੁਸ਼ਟ ਨਹੀਂ ਸੀ ਅਤੇ ਇਸ ਦੇ ਬਾਰੇ ਗੱਲ-ਬਾਤ ਦੌਰਾਨ ਕਹਿਣ ਲੱਗਾ,”ਹੁਣ ਫਿਰ ਕੀ ਕਰੀਏ?” ਬੱਸ, ਏਸੇ ਹੁਣ ਵਿੱਚੋਂ ਹੀ ਇਸ ‘ਹੁਣ’ ਦਾ ਜਨਮ ਹੋਇਆ। ਹੋਰ ਬੁਲਾਰਿਆਂ ਵਿੱਚ ਬੌਬ ਦੋਸਾਂਝ, ਜਗਦੇਵ ਸਿੰਘ ਮਣਕੂ, ਰੇਸ਼ਮ ਸਿੰਘ ਦੋਸਾਂਝ, ਅਮਰਜੀਤ ਦੋਸਾਂਝ, ਡਾ. ਸੁਖਦੇਵ ਸਿੰਘ ਝੰਡ, ਪਾਲ ਬਡਵਾਲ, ਆਦਿ ਸ਼ਾਮਲ ਸਨ। ਮੰਚ-ਸੰਚਾਲਨ ਦੀ ਅਹਿਮ ਜ਼ਿੰਮੇਂਵਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ ਜਿਨ੍ਹਾਂ ਨੇ ਆਪਣੀਆਂ ਰੌਚਕ ਗੱਲਾਂ ਤੇ ਕਈ ਕਾਵਿ-ਟੋਟਕਿਆਂ ਨਾਲ ਇਸ ਪ੍ਰੋਗਰਾਮ ਨੂੰ ਕਾਫ਼ੀ ਦਿਲਚਸਪ ਬਣਾਇਆ।
ਪ੍ਰਧਾਨਗੀ-ਮੰਡਲ ਵਿੱਚੋਂ ਉੱਘੇ ਆਰਟਿਸਟ ਪ੍ਰਿੰ. ਪ੍ਰੇਮ ਸਿੰਘ ਜਿਹੜੇ ਮੁੱਢ ਤੋਂ ‘ਹੁਣ’ ਦੇ ਡੀਜ਼ਾਈਨਿੰਗ ਪੱਖ ਨਾਲ ਜੁੜੇ ਹੋਏ ਹਨ, ਨੇ ਇਸ ਦੇ ਹੁਣ ਤੱਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਇਹ ‘ਹੁਣ’ ਮੋਹਾਲੀ ਤੋਂ ਸ਼ੁਰੂ ਹੋ ਕੇ ਅੱਜ ਕੈਨੇਡਾ ਦੇ ਸ਼ਹਿਰ ਟੋਰਾਂਟੋ ਅਤੇ ਹੋਰ ਕਈ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਗ਼ਮ ਦੇ ਅਖ਼ੀਰ ਵਿੱਚ ਹਾਜ਼ਰੀਨ ਲਈ ‘ਧੰਨਵਾਦੀ ਸ਼ਬਦ’ ਹਰਜੀਤ ਗਿੱਲ ਵੱਲੋਂ ਕਹੇ ਗਏ ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਫ਼ੋਨ ‘ਤੇ ਦਿੱਤੇ ਗਏ ਸੱਦਿਆਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਸ ਸੰਖੇਪ ਜਿਹੇ ਸਮਾਗ਼ਮ ਵਿੱਚ ਆਉਣ ਦੀ ਖੇਚਲ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ਼ਾਨਦਾਰ ਡਿਨਰ ਦਾ ਪ੍ਰਬੰਧ ਕੀਤਾ ਗਿਆ ਜੋ ਸਾਰਿਆਂ ਨੇ ਬੜੇ ਪ੍ਰੇਮ ਸਹਿਤ ਮਿਲ ਕੇ ਛਕਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …