ਸਿੱਖਾਂ ਦੀ ਵੱਖਰੀ ਪਛਾਣ ਲਈ ਮਤਾ ਪਾਸ ਕਰਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਵੱਖਰੀ ਸਿੱਖ ਪਛਾਣ ਦੀ ਮੰਗ ਦੀ ਹਮਾਇਤ ਵਿਚ ਮਤਾ ਪਾਸ ਕਰਨ ਜਿਸ ਲਈ ਅੰਸ਼ਕ ਸੰਵਿਧਾਨਕ ਸੋਧ ਲੋੜੀਂਦੀ ਹੈ। ਸਿਰਸਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਸਿਫਾਰਸ਼ ਕਰਨ ਦੀ ਜ਼ਰੂਰਤ ਹੈ ਕਿ ਸੰਵਿਧਾਨਕ ਦੀ ਧਾਰਾ 25 ਦੀ ਉਪ ਧਾਰਾ 2 ਦੀ ਬੀ ਵਿਵਸਥਾ ਵਿਚ ਸੋਧ ਕਰਨ ਦੀ ਜ਼ਰੂਰਤ ਹੈ ਤਾਂ ਕਿ ਬੁੱਧ, ਜੈਨ ਤੇ ਸਿੱਖਾਂ ਨੂੰ ਵੱਖਰੇ ਧਰਮਾਂ ਵਜੋਂ ਮਾਨਤਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਤਹਿਤ ਹਰੇਕ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦੀ ਖੁੱਲ ਹੈ ਪਰ ਇਸ ਦੀ ਇਕ ਵਿਵਸਥਾ ਅਸਮਾਨਤਾ ਖਤਮ ਕਰਨ ਵਾਸਤੇ ਸੋਧਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਉਪ ਧਾਰਾ ਤਹਿਤ ਬੁੱਧ, ਜੈਨ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਦੱਸਿਆ ਗਿਆ ਹੈ ਜਦਕਿ ਇਸ ਦੇ ਅਗਲੇ ਹਿੱਸੇ ਵਿਚ ਇਨ੍ਹਾਂ ਨੂੰ ਵੱਖਰਾ ਧਰਮ ਵੀ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਗੈਰ ਲੋੜੀਂਦਾ ਭੰਬਲਭੂਸਾ ਬਣ ਗਿਆ ਹੈ ਤੇ ਧਾਰਾ 25 ਦਾ ਮੁੱਖ ਮੰਤਵ ਹੀ ਇਸ ਨਾਲ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਸਦਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬੁੱਧ, ਜੈਨ ਤੇ ਸਿੱਖ ਭਾਈਚਾਰੇ ਨਾਲ ਹੁੰਦਾ ਵਿਤਕਰਾ ਖਤਮ ਕਰਵਾਉਣ ਵਾਸਤੇ ਇਹ ਮਤਾ ਪਾਸ ਕਰਨ ਤੇ ਦੇਸ਼ ਦੀ ਸੰਸਦ ਨੂੰ ਧਾਰਾ 25 ਤਹਿਤ ਲੋੜੀਂਦੀ ਇਹ ਸੋਧ ਕਰਨੀ ਜ਼ਰੂਰੀ ਹੈ ਕਿਉਂਕਿ ਸਾਰੇ ਕਾਨੂੰਨਾਂ, ਸਰਕਾਰੀ ਕਾਰਵਾਈਆਂ ਤੇ ਸੰਵਿਧਾਨ ਦਾ ਉਦੇਸ਼ ਹੀ ਲੋਕਾਂ ਦੀ ਸਮਾਨ ਭਲਾਈ ਹੈ।
ਦਿੱਲੀ ਦੇ ਵਿਧਾਇਕ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਮਤਾ ਪ੍ਰਵਾਨ ਕੀਤਾ ਜਾਵੇ ਤੇ ਇਸ ਵਾਸਤੇ ਉਨ੍ਹਾਂ ਨੋਟਿਸ ਵੀ ਦਿੱਤਾ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …