ਟ੍ਰਿਲਿਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਲਈ 250.000.00 ਡਾਲਰ ਦੀ ਰਾਸ਼ੀ ਕੀਤੀ ਇਕੱਤਰ
ਬਰੈਂਪਟਨ/ਬਿਊਰੋ ਨਿਊਜ਼ : ਇੰਡੋ ਕੈਨੇਡੀਅਨ ਗੋਲਫ ਐਸੋਸੀਏਸ਼ਨ (ਆਈਸੀਜੀਏ) ਨੇ ਟ੍ਰਿਲਿਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ (ਕਾਰਡਿਓਲੌਜੀ ਅਤੇ ਕੈਂਸਰ ਵਿੰਗ) ਲਈ 22ਵੇਂ ਸਾਲਾਨਾ ਚੈਰਿਟੀ ਗੋਲਫ ਟੂਰਨਾਮੈਂਟ ਰਾਹੀਂ 250.000.00 ਡਾਲਰ ਦੀ ਰਾਸ਼ੀ ਇਕੱਠੀ ਕੀਤੀ। ਇਹ ਮੈਚ 18 ਜੂਨ ਨੂੰ ਮਿਲਟਨ ਵਿਖੇ ਗਲੇਨਕਾਰਿਨ ਗੋਲਫ ਕਲੱਬ ਵਿਖੇ ਖੇਡਿਆ ਗਿਆ ਸੀ।
ਇਸ ਵਿੱਚ ਗ੍ਰੇਟਰ ਟੋਰਾਂਟੋ, ਨਿਆਗਰਾ ਫਾਲਜ਼, ਬੀਸੀ, ਯੂਐਸਏ, ਭਾਰਤ, ਇੰਗਲੈਂਡ, ਪਾਕਿਸਤਾਨ ਅਤੇ ਆਸਟਰੇਲੀਆ ਤੋਂ 175 ਗੋਲਫਰਾਂ ਨੇ ਹਿੱਸਾ ਲਿਆ। ਲਖਵੀਰ ਰੰਧਾਵਾ, ਨਵੀ ਬਰਾੜ, ਸ਼ਫੀਕ ਮਸੀਹ ਅਤੇ ਅਵਤਾਰ ਟਿਵਾਣਾ ਦੀ ਟੀਮ ਨੇ ਜੇਤੂ ਟਰਾਫੀ ਅਤੇ ਆਈਸੀਜੀਏ ਬਲੂ ਜੈਕੇਟ ਜਿੱਤੀ। ਇਹ ਟਰਾਫੀ ਮੁੱਖ ਸਪਾਂਸਰਾਂ ਟਰਕਿਸ਼ ਏਅਰਲਾਈਨਜ਼ ਅਤੇ ਐਸੋਸੀਏਟ ਪਾਰਟਨਰ ਗੋਲਫ ਕੈਨੇਡਾ ਵੱਲੋਂ ਪ੍ਰਦਾਨ ਕੀਤੀ ਗਈ। ਇੰਡੋ ਕੈਨੇਡੀਅਨ ਗੋਲਫ ਐਸੋਸੀਏਸ਼ਨ ਦੇ ਕਮਿਊਨੀਕੇਸ਼ਨ ਨਿਰਦੇਸ਼ਕ ਗਿਆਨ ਪਾਲ ਨੇ ਦੱਸਿਆ ਕਿ ਮੈਚ ਰਾਹੀਂ ਜੁਟਾਈ ਗਈ ਰਾਸ਼ੀ ਦਾ ਚੈਕ ਟ੍ਰਿਲਿਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸੀਈਓ ਸਟੀਵ ਹੋਸਚੇਟ ਨੂੰ ਪ੍ਰਦਾਨ ਕੀਤਾ ਗਿਆ। ਹੋਸਚੇਟ ਨੇ ਕਿਹਾ ਕਿ ਜਨਤਾ ਲਈ ਕੰਮ ਕਰ ਰਹੀ ਟ੍ਰਿਲਿਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਆਪਣੇ ਭਾਈਵਾਲਾਂ ਕਰੈਡਿਟ ਵੈਲੀ ਹਸਪਤਾਲ, ਮਿਸੀਸਾਗਾ ਹਸਪਤਾਲ ਅਤੇ ਕੁਇਨਜ਼ਵੇ ਹੈਲਥ ਸੈਂਟਰ ਰਾਹੀਂ ਕੈਨੇਡਾ ਵਿੱਚ ਸਸਤੀਆਂ ਦਰਾਂ ‘ਤੇ ਸਿਹਤ ਸੇਵਾਵਾਂ ਉਪਲੱਬਧ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇੱਥੇ ਮੈਚ ਰਾਹੀਂ ਜੁਟਾਈ ਗਈ ਰਾਸ਼ੀ ਨਾਲ ਕਾਰਡਿਓਲੌਜੀ ਵਿੰਗ ਲਈ ਅਤਿ ਆਧੁਨਿਕ ਮਸ਼ੀਨਰੀ ਖਰੀਦੀ ਜਾਵੇਗੀ।
ਆਈਸੀਜੀਏ ਦੇ ਚੇਅਰਮੈਨ ਮੋਹਿੰਦਰ ਸਿੰਘ ਨੇ ਖਿਡਾਰੀਆਂ, ਸਪਾਂਸਰਾਂ ਅਤੇ ਮੀਡੀਆ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ। ਇੰਡੋ ਕੈਨੇਡੀਅਨ ਗੋਲਫ ਐਸੋਸੀਏਸ਼ਨ ਦੀ ਸ਼ੁਰੂਆਤ 1996 ਵਿੱਚ ਕੀਤੀ ਗਈ ਸੀ ਜਿਸਦਾ ਉਦੇਸ਼ ਸਾਲਾਨਾ ਗੋਲਫ ਟੂਰਨਾਮੈਂਟਾਂ ਰਾਹੀਂ ਸਥਾਨਕ ਚੈਰਿਟੀ ਲਈ ਫੰਡ ਇਕੱਠੇ ਕਰਨਾ ਹੈ। ਪਿਛਲੇ 21 ਸਾਲਾਂ ਵਿੱਚ ਆਈਸੀਜੀਏ ਕੈਨੇਡਾ 500,000 ਡਾਲਰ ਤੋਂ ਜ਼ਿਆਦਾ ਦਾ ਦਾਨ ਇਕੱਠਾ ਕਰ ਚੁੱਕੀ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …