ਪੰਜਾਬ ਦੀ ਜਨਤਾ ਉਸਦੀ ਸਾਦਗੀ ‘ਤੇ ਫਿਦਾ ਹੋਈ
ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਚੋਣੲ ਲੜ ਕੇ ਚਰਚਾ ਵਿਚ ਆਏ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਦੀ ਅੱਖ ਹੁਣ ਫਗਵਾੜਾ ਦੀ ਉਪ ਚੋਣ ‘ਤੇ ਹੈ। ਹਾਲਾਂਕਿ ਚੋਣਾਂ ਦੌਰਾਨ ਹੋਏ ਖਰਚੇ ਨੇ ਉਸ ਨੂੰ ਕੱਖੋਂ ਹੌਲਾ ਕੀਤਾ ਹੋਇਆ ਹੈ ਪਰ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੱਲਾਸ਼ੇਰੀ ਉਸ ਦੇ ਪੈਰ ਟਿਕਣ ਨਹੀਂ ਦਿੰਦੀ। ਸ਼ਟਰਾਂ ਵਾਲੀ ਦੁਕਾਨ ਤਾਂ ਹੁਣ ਬੰਦ ਹੀ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਵਧੀ ਮੰਗ ਕਾਰਨ ਨੀਟੂ ਸ਼ਟਰਾਂ ਵਾਲੇ ਦੇ ਸਭ ਤੋਂ ਵੱਧ ਗੇੜੇ ਫਗਵਾੜੇ ਦੇ ਲੱਗ ਰਹੇ ਹਨ। ਫਗਵਾੜਾ ਦੀ ਉਪ ਚੋਣ ਲੜਨ ਬਾਰੇ ਟਿੱਪਣੀ ਕਰਦਿਆਂ ਨੀਟੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹਾਰ ਨੇ ਇਕ ਵਾਰ ਤਾਂ ਉਸ ਦਾ ਦਿਲ ਤੋੜ ਦਿੱਤਾ ਸੀ ਪਰ ਜਿਸ ਤਰ੍ਹਾਂ ਲੋਕਾਂ ਨੇ ਉਸ ਨੂੰ ਪਿਆਰ ਦਿੱਤਾ ਉਸ ਨੂੰ ਦੇਖਦਿਆਂ ਉਸ ਨੇ ਫੈਸਲਾ ਕੀਤਾ ਕਿ ਘੱਟੋ-ਘੱਟ ਉਹ ਚੋਣ ਮੈਦਾਨ ਵਿਚ ਆ ਕੇ ਲੋਕ ਪੱਖੀ ਮੁੱਦਿਆਂ ‘ਤੇ ਧਿਆਨ ਕੇਂਦਰਤ ਕਰ ਸਕਦਾ ਹੈ। ਨੀਟੂ ਨੇ ਮੰਨਿਆ ਕਿ ਨਾ ਤਾਂ ਉਹ ਕੋਈ ਸਟਾਰ ਹੈ ਤੇ ਨਾ ਹੀ ਫਿਲਮੀ ਕਲਾਕਾਰ। ਪੰਜਾਬ ਦੇ ਲੋਕ ਤਾਂ ਉਸ ਦੀ ਸਾਦਗੀ ‘ਤੇ ਫਿਦਾ ਹੋਏ ਹਨ। ਹੁਣ ਤੱਕ 19 ਦੇ ਕਰੀਬ ਗੀਤਾਂ ਵਿਚ ਕੰਮ ਕਰ ਚੁੱਕਾ ਹੈ। ਕਈਆਂ ਨੇ ਤਾਂ ਗੀਤਾਂ ਦਾ ਕੋਈ ਪੈਸਾ ਨਹੀਂ ਦਿੱਤਾ ਜਦਕਿ ਉਸ ਦੇ ਘਰ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਉਸ ਦੀ ਧੀ ਦਾ ਇਲਾਜ ਵੀ ਚੱਲਦਾ ਹੈ, ਜਿਸ ‘ਤੇ ਲਗਾਤਾਰ ਖਰਚਾ ਹੋ ਰਿਹਾ ਹੈ। ਪਹਿਲਾਂ ਵੀ ਚੋਣਾਂ ਵਿਚ ਕਰਜ਼ਾ ਚੁੱਕ ਕੇ ਉਸ ਨੇ ਪ੍ਰਚਾਰ ਕੀਤਾ ਸੀ। ਇੰਗਲੈਂਡ ਤੋਂ ਕਿਸੇ ਪਰਵਾਸੀ ਪੰਜਾਬੀ ਵੱਲੋਂ ਭੇਜੀਆਂ ਐਨਕਾਂ ਦਿਖਾਉਂਦਿਆਂ ਉਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਾਮਾਨ ਉਸ ਨੂੰ ਵਿਦੇਸ਼ਾਂ ਤੋਂ ਆ ਰਿਹਾ ਹੈ। ਕੋਈ ਉਸ ਨੂੰ ਬੂਟ ਭੇਜ ਰਿਹਾ ਹੈ ਤੇ ਕੋਈ ਟੀ-ਸ਼ਰਟਾਂ ਭੇਜ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਟਿਕ-ਟਾਕ ‘ਤੇ ਉਹ ਦੇਸ਼ ਵਿਚ ਤੀਜੇ ਨੰਬਰ ਉਤੇ ਹੈ। ਟਿਕ-ਟਾਕ ‘ਤੇ ਉਸ ਦੇ 23 ਹਜ਼ਾਰ ਤੋਂ ਵੱਧ ਚਾਹੁਣ ਵਾਲੇ ਹਨ। ਲੋਕ ਉਸ ਨੂੰ ਕਹਿੰਦੇ ਹਨ ਕਿ ਉਸ ਵਰਗਾ ਸੱਚਾ-ਸੁੱਚਾ ਬੰਦਾ ਹੀ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ। ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਲੜ ਲਵੇ ਤਾਂ ਵੀ ਉਸ ਦਾ ਸਾਥ ਦੇਣਗੇ। ‘ਨੀਟੂ ਸ਼ਟਰਾਂ ਵਾਲਾ’ ਨਾਂ ਦਾ ਮਿਊਜ਼ੀਕਲ ਗਰੁੱਪ ਵੀ ਬਣਾਇਆ ਹੋਇਆ ਹੈ ਜਿਥੇ ਉਹ ਸਿਰਫ ਆਪਣੀ ਹਾਜ਼ਰੀ ਹੀ ਲਵਾਉਂਦਾ ਹੈ। ਉਸ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਦਾ ਦਾਖਲਾ ਹੁਣ ਬੌਲੀਵੁੱਡ ਵਿਚ ਵੀ ਹੋ ਚੁੱਕਾ ਹੈ ਤੇ ਜਲਦੀ ਹੀ ਇਸ ਦਾ ਖੁਲਾਸਾ ਕਰੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …