Breaking News
Home / ਪੰਜਾਬ / ‘ਲੋਕ ਮਿਲਣੀ’ ਵਿਚ ਭਗਵੰਤ ਮਾਨ ਨੇ ਸੁਣੀਆਂ 61 ਸ਼ਿਕਾਇਤਾਂ

‘ਲੋਕ ਮਿਲਣੀ’ ਵਿਚ ਭਗਵੰਤ ਮਾਨ ਨੇ ਸੁਣੀਆਂ 61 ਸ਼ਿਕਾਇਤਾਂ

ਪੰਜਾਬ ਭਵਨ ‘ਚ ਸੀਐਮ ਦੇ ਪ੍ਰੋਗਰਾਮ ਵਿਚ ਤੈਅ ਸੰਖਿਆ ਤੋਂ ਜ਼ਿਆਦਾ ਵਿਅਕਤੀ ਪਹੁੰਚੇ
ਬਿਨਾ ਰਜਿਸਟ੍ਰੇਸ਼ਨ ਤੋਂ ਪਹੁੰਚੇ ਵਿਅਕਤੀਆਂ ਨੂੰ ਪਰਤਣਾ ਪਿਆ ਵਾਪਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਸੋਮਵਾਰ 16 ਮਈ ਨੂੰ ‘ਆਪ’ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ‘ਲੋਕ ਮਿਲਣੀ’ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੌਕੇ ਪੰਜਾਬ ਭਰ ਤੋਂ ਸੈਂਕੜੇ ਵਿਅਕਤੀਆਂ ਵਿੱਚੋਂ ਸਿਰਫ਼ 61 ਵਿਅਕਤੀ ਹੀ ਆਪਣੀਆਂ ਸ਼ਿਕਾਇਤਾਂ ਮੁੱਖ ਮੰਤਰੀ ਅੱਗੇ ਰੱਖ ਸਕੇ। ਮੁੱਖ ਮੰਤਰੀ ਨੇ ਤੁਰੰਤ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਢੰਗ ਨਾਲ ਨਿਬੇੜਾ ਕਰਨ ਦੇ ਆਦੇਸ਼ ਦਿੱਤੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਲੋਕ ਮਿਲਣੀ’ ਪ੍ਰੋਗਰਾਮ ਦਾ ਉਦੇਸ਼ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਬੇੜਾ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਹਫ਼ਤੇ ਨਿੱਜੀ ਤੌਰ ‘ਤੇ ਇਨ੍ਹਾਂ ਸ਼ਿਕਾਇਤਾਂ ਦੀ ਨਿਗਰਾਨੀ ਕਰਨਗੇ, ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀਐਮ ਭਗਵੰਤ ਮਾਨ ਦੇ ਇਸ ਪ੍ਰੋਗਰਾਮ ਵਿਚ ਤੈਅ ਸੰਖਿਆ ਤੋਂ ਜ਼ਿਆਦਾ ਵਿਅਕਤੀ ਪਹੁੰਚ ਗਏ ਸਨ ਅਤੇ ਬਿਨਾ ਰਜਿਸਟ੍ਰੇਸ਼ਨ ਤੋਂ ਪਹੁੰਚੇ ਵਿਅਕਤੀਆਂ ਨੂੰ ਵਾਪਸ ਜਾਣਾ ਪਿਆ।
ਇਸ ਮੌਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭੱਲਮਾਜਰਾ ਦੀ ਪੰਚਾਇਤ ਨੇ ਨਸ਼ਿਆਂ ਦੇ ਕਾਰੋਬਾਰ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾ ਕੇ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਐਜੂਕੇਸ਼ਨ ਪ੍ਰੋਵਾਈਡਰ ਟੀਚਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ, ਗਮਾਡਾ ਤੋਂ ਮੇਹਰ ਸਿੰਘ, ਕਰ ਅਤੇ ਆਬਕਾਰੀ ਵਿਭਾਗ ਦੇ ਨਰਿੰਦਰ ਸਿੰਘ, ਪਰਵਿੰਦਰ ਸਿੰਘ ਸਣੇ ਹੋਰਨਾਂ ਵਿਭਾਗਾਂ ਦੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੇ ਪੱਕੇ ਕਰਨ ਦੀ ਮੰਗ ਕੀਤੀ।
ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਆਲਮਜੀਤ ਸਿੰਘ ਨੇ ਨੰਬਰਦਾਰਾਂ ਦੇ ਭੱਤੇ ਵਧਾਉਣ ਦੀ ਮੰਗ ਕੀਤੀ। ਸੂਬੇ ਭਰ ਤੋਂ ਸੈਂਕੜੇ ਲੋਕਾਂ ਨੇ ਪਿੰਡਾਂ ਵਿੱਚ ਸਾਂਝੀਆਂ ਜ਼ਮੀਨਾਂ ‘ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਵਰਗੇ ਮਸਲਿਆਂ ਨੂੰ ਸੁਲਝਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਧੋਖਾਧੜੀ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਦੁਖੀ ਕਈ ਵਿਅਕਤੀ ਮੁੱਖ ਮੰਤਰੀ ਦੇ ਜਨਤਾ ਦਰਬਾਰ ਵਿੱਚ ਪਹੁੰਚੇ। ਮੁੱਖ ਮੰਤਰੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਨੂੰ ਯੋਗ ਲਾਭਪਾਤਰੀਆਂ ਨੂੰ ‘ਸ਼ਗਨ ਸਕੀਮ’ ਦੇ ਬਕਾਏ ਤੁਰੰਤ ਜਾਰੀ ਕਰਨ ਦੇ ਆਦੇਸ਼ ਦਿੱਤੇ। ਇਕ ਹੋਰ ਸ਼ਿਕਾਇਤ ‘ਤੇ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਹਰੇਕ ਲਾਭਪਾਤਰੀ ਨੂੰ ਬਿਨਾਂ ਕਿਸੇ ਪੱਖਪਾਤ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇ।
ਖੱਜਲ-ਖੁਆਰੀ ਤੋਂ ਅੱਕੇ ਲੋਕਾਂ ਵੱਲੋਂ ਮੁੱਖ ਮੰਤਰੀ ਖਿਲਾਫ ਨਾਅਰੇਬਾਜ਼ੀ
‘ਲੋਕ ਮਿਲਣੀ’ ਸਮਾਗਮ ਦੌਰਾਨ ਸੂਬੇ ਭਰ ਤੋਂ ਪੁੱਜੇ ਸੈਂਕੜੇ ਲੋਕਾਂ ਨੂੰ ਅਤਿ ਦੀ ਗਰਮੀ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਖੱਜਲ-ਖੁਆਰ ਹੋਣਾ ਪਿਆ। ਲੋਕਾਂ ਨੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਵਾਰੀ ਦੀ ਉਡੀਕ ਕੀਤੀ। ਮੁੱਖ ਮੰਤਰੀ ਨਾਲ ਮੁਲਾਕਾਤ ਨਾ ਹੋਣ ਕਰਕੇ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉੱਥੇ ਹੀ ਪੰਜਾਬ ਵਿੱਚੋਂ ਆਊਟਸੋਰਸ ਅਤੇ ਕੱਚੇ ਮੁਲਾਜ਼ਮ ਵੀ ਆਪਣੀਆਂ ਮੰਗਾਂ ਲੈ ਕੇ ਪਹੁੰਚੇ, ਜਿਨ੍ਹਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਦੌਰਾਨ ਸੂਚੀ ਵਿਚਲੇ ਨਾਵਾਂ ਵਾਲਿਆਂ ਨੂੰ ਹੀ ਮੁੱਖ ਮੰਤਰੀ ਕੋਲ ਜਾਣ ਦੀ ਪ੍ਰਵਾਨਗੀ ਦਿੱਤੀ ਗਈ। ਅਖੀਰ ਲੋਕ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੇ ਬਿਨਾਂ ਆਪਣੀ ਅਰਜ਼ੀ ਦੇ ਕੇ ਮੁੜ ਗਏ। ਪੰਜਾਬ ਭਵਨ ਦੇ ਬਾਹਰ ਇਕੱਠੇ ਹੋਏ ਲੋਕਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਪੰਜਾਬ ਭਵਨ ਵਿੱਚ ‘ਲੋਕ ਮਿਲਣੀ’ ਪ੍ਰੋਗਰਾਮ ਵਿੱਚ ਮੀਡੀਆ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ, ਜਿਸ ਕਰ ਕੇ ਮੀਡੀਆ ਕਰਮੀ ਬਾਹਰ ਹੀ ਖੜ੍ਹੇ ਰਹੇ।
ਸਿੱਧੂ ਨੇ ਲੋਕ ਮਿਲਣੀ ‘ਤੇ ਸੁਆਲ ਚੁੱਕੇ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਤਾ ਦਰਬਾਰ ‘ਤੇ ਸੁਆਲ ਚੁੱਕੇ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਲੋਕ ਮਿਲਣੀਆਂ ਉਦੋਂ ਹੀ ਕਾਮਯਾਬ ਹੋ ਸਕਦੀਆਂ ਹਨ ਕਿ ਜੇ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਵਿਧਾਇਕਾਂ ਤੋਂ ਇਲਾਵਾ ਅਧਿਕਾਰੀਆਂ ਦੀ ਸ਼ਮੂਲੀਅਤ ਹੋਵੇ। ਲੋਕ ਰਾਜ ਦਾ ਅਸਲ ਤੱਤ ਹੀ ਤਾਕਤਾਂ ਦਾ ਵਿਕੇਂਦਰੀਕਰਨ ਹੈ। ਉਨ੍ਹਾਂ ਕਿਹਾ ਕਿ ਇੱਕ ਹੀ ਵਿਅਕਤੀ 3 ਕਰੋੜ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ ਪਰ ਇੱਕ ਸਮੂਹਿਕ ਵਿਕੇਂਦਰੀਕਰਨ ਜ਼ਰੀਏ ਅਜਿਹਾ ਸੰਭਵ ਹੋ ਸਕਦਾ ਹੈ। ਉਨ੍ਹਾਂ ਸੁਆਲ ਖੜ੍ਹੇ ਕੀਤੇ ਕਿ ਲੋਕ ਆਪਣੇ ਮਸਲਿਆਂ ਨੂੰ ਇੱਕ ਵਿਅਕਤੀ ਤੋਂ ਹੱਲ ਕਰਾਉਣ ਲਈ ਘੰਟਿਆਂ ਦਾ ਸਫ਼ਰ ਕਿਉਂ ਕਰਨ। ਉਨ੍ਹਾਂ ਇਹ ਵੀ ਕਿਹਾ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੇ।

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …