ਖੁਰਾਕੀ ਪਦਾਰਥਾਂ ਅਤੇ ਤੇਲ ਕੀਮਤਾਂ ‘ਚ ਹੋਇਆ ਅਥਾਹ ਵਾਧਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਅਪਰੈਲ ਮਹੀਨੇ ਦੌਰਾਨ ਵਧ ਕੇ 15.08 ਪ੍ਰਤੀਸ਼ਤ ਦੇ ਰਿਕਾਰਡ ਪੱਧਰ ਉਤੇ ਪਹੁੰਚ ਗਈ ਹੈ। ਇਹ ਤੇਜ਼ੀ ਖੁਰਾਕੀ ਪਦਾਰਥਾਂ ਤੋਂ ਲੈ ਕੇ ਤੇਲ ਆਦਿ ਦੇ ਮਹਿੰਗਾ ਹੋਣ ਕਾਰਨ ਆਈ ਹੈ। ਗਰਮੀ ਕਾਰਨ ਖਰਾਬ ਹੋਣ ਵਾਲੇ ਪਦਾਰਥਾਂ ਜਿਵੇਂ ਕਿ ਫ਼ਲਾਂ ਤੇ ਸਬਜ਼ੀਆਂ ਦੀ ਕੀਮਤ ਵਿਚ ਵਾਧਾ ਹੋਇਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਵਧਣ ਕਾਰਨ ਰਿਜ਼ਰਵ ਬੈਂਕ ਅਗਲੇ ਮਹੀਨੇ ਨੀਤੀ ਸਮੀਖਿਆ ਬੈਠਕ ਵਿਚ ਵਿਆਜ ਦਰਾਂ ਨੂੰ ਵਧਾਉਣ ਦਾ ਫੈਸਲਾ ਕਰ ਸਕਦੀ ਹੈ।
ਥੋਕ ਮੁੱਲ ਸੂਚਕ ਅੰਕ ਅਧਾਰਿਤ ਮਹਿੰਗਾਈ ਮਾਰਚ ਵਿਚ 14.55 ਪ੍ਰਤੀਸ਼ਤ ਤੇ ਪਿਛਲੇ ਸਾਲ ਅਪਰੈਲ ਵਿਚ 10.74 ਫੀਸਦੀ ਸੀ। ਥੋਕ ਕੀਮਤਾਂ ‘ਤੇ ਅਧਾਰਿਤ 15.08 ਪ੍ਰਤੀਸ਼ਤ ਮਹਿੰਗਾਈ ਵਰਤਮਾਨ ਲੜੀ (2011-12) ਵਿਚ ਰਿਕਾਰਡ ਹੋਇਆ ਸਭ ਤੋਂ ਉੱਚਾ ਪੱਧਰ ਹੈ। ਦੋਹਰੇ ਅੰਕਾਂ ਵਿਚ ਮਹਿੰਗਾਈ ਦਾ ਇਹ ਲਗਾਤਾਰ 13ਵਾਂ ਮਹੀਨਾ ਹੈ। ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਮਹਿੰਗਾਈ ਦੀ ਜੇਕਰ ਪਿਛਲੀ ਲੜੀ ਦੇਖੀ ਜਾਵੇ ਤਾਂ ਅਗਸਤ 1991 ਵਿਚ ਮਹਿੰਗਾਈ 16.06 ਪ੍ਰਤੀਸ਼ਤ ਸੀ। ਜ਼ਿਕਰਯੋਗ ਹੈ ਕਿ ਮਹਿੰਗਾਈ ਦੀ ਦਰ ਮਾਰਚ ਵਿਚ 14.55 ਪ੍ਰਤੀਸ਼ਤ ਤੇ ਪਿਛਲੇ ਸਾਲ ਅਪਰੈਲ ਵਿਚ 10.74 ਫੀਸਦੀ ਸੀ।
ਸਮੀਖਿਆ ਅਧੀਨ ਮਹੀਨੇ ਵਿਚ ਖਾਧ ਵਸਤਾਂ ਦੀ ਮਹਿੰਗਾਈ 8.35 ਪ੍ਰਤੀਸ਼ਤ ਸੀ। ਪਿਛਲੇ ਸਾਲ ਦੇ ਮੁਕਾਬਲੇ ਸਬਜ਼ੀਆਂ, ਕਣਕ, ਫ਼ਲਾਂ ਤੇ ਆਲੂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਸਬਜ਼ੀਆਂ ਦੇ ਮੁੱਲ ਵਿਚ 23.24 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਆਲੂ ਦੀ ਕੀਮਤ ਵਿਚ 19.84, ਫ਼ਲਾਂ ਦੀ ਕੀਮਤ ਵਿਚ 10.89 ਤੇ ਕਣਕ ਦੀ ਕੀਮਤ ਵਿਚ 10.70 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਚ 2022 ਤੋਂ ਮਹਿੰਗਾਈ ਲਗਾਤਾਰ ਤੀਜੇ ਮਹੀਨੇ ਵਧੀ ਹੈ। ਮਾਰਚ ਮਹੀਨੇ ਇਹ 10.9 ਫੀਸਦ ਸੀ। ਈਂਧਨ ਤੇ ਬਿਜਲੀ ਖੇਤਰ ਵਿਚ ਮਹਿੰਗਾਈ 38.66 ਪ੍ਰਤੀਸ਼ਤ ਸੀ, ਜਦਕਿ ਤਿਆਰ ਵਸਤਾਂ ਤੇ ਤੇਲ ਬੀਜਾਂ ਦੇ ਮਾਮਲੇ ਵਿਚ 10.85 ਤੇ 16.10 ਪ੍ਰਤੀਸ਼ਤ ਸੀ।
ਅਪਰੈਲ ਮਹੀਨੇ ਕੱਚੇ ਤੇਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿਚ 69.07 ਪ੍ਰਤੀਸ਼ਤ ਮਹਿੰਗਾਈ ਦਰਜ ਕੀਤੀ ਗਈ ਹੈ। ਪਿਛਲੇ ਹਫ਼ਤੇ ਜਾਰੀ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਅਪਰੈਲ ਵਿਚ ਵਧ ਕੇ 8 ਸਾਲ ਦੇ ਸਭ ਤੋਂ ਉੱਚੇ ਪੱਧਰ 7.79 ਪ੍ਰਤੀਸ਼ਤ ਉਤੇ ਪਹੁੰਚ ਗਈ ਸੀ। ਮਹਿੰਗਾਈ ਉਤੇ ਕਾਬੂ ਪਾਉਣ ਲਈ ਆਰਬੀਆਈ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਰੇਪੋ ਦਰ ਵਿਚ 0.40 ਪ੍ਰਤੀਸ਼ਤ ਤੇ ਨਗਦੀ ਰਿਜ਼ਰਵ ਦਰ ਵਿਚ 0.50 ਪ੍ਰਤੀਸ਼ਤ ਦਾ ਵਾਧਾ ਵੀ ਕੀਤਾ ਸੀ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …