1 ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚੇ ਕਰਵਾ ਸਕਣਗੇ ਰਜਿਸਟ੍ਰੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਆਉਂਦੀ 3 ਜਨਵਰੀ ਤੋਂ 15 ਤੋਂ 18 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਕਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਲਈ 1 ਜਨਵਰੀ ਤੋਂ ਰਜਿਸਟ੍ਰੇਸ਼ਨ ਵੀ ਕਰਵਾਇਆ ਜਾ ਸਕੇਗਾ। ਕੋਵਿਨ ਪਲੇਟਫਾਰਮ ਚੀਫ ਡਾ. ਆਰ.ਐਸ. ਸ਼ਰਮਾ ਨੇ ਦੱਸਿਆ ਕਿ ਇਸਦੇ ਲਈ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਡਾ. ਆਰ.ਐਸ. ਸ਼ਰਮਾ ਨੇ ਦੱਸਿਆ ਕਿ ਬੱਚਿਆਂ ਲਈ 10ਵੀਂ ਦਾ ਆਈ.ਡੀ. ਕਾਰਡ ਵੀ ਰਜਿਸਟ੍ਰੇਸ਼ਨ ਲਈ ਪਹਿਚਾਣ ਪੱਤਰ ਮੰਨਿਆ ਜਾਵੇਗਾ। ਡਾ. ਸ਼ਰਮਾ ਨੇ ਦੱਸਿਆ ਕਿ ਅਜਿਹਾ ਇਸ ਲਈ ਹੈ ਕਿਉਂਕਿ ਕੁਝ ਵਿਦਿਆਰਥੀਆਂ ਕੋਲ ਅਧਾਰ ਕਾਰਡ ਜਾਂ ਫਿਰ ਕੋਈ ਦੂਜਾ ਪਹਿਚਾਣ ਪੱਤਰ ਨਹੀਂ ਹੋਵੇਗਾ।
ਇਸੇ ਦੌਰਾਨ ਭਾਰਤ ਵਿਚ ਕਰੋਨਾ ਦਾ ਨਵਾਂ ਵੈਰੀਐਂਟ ਓਮੀਕਰੋਨ ਵੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਅਤੇ ਦੇਸ਼ ਦੇ 19 ਸੂਬਿਆਂ ਵਿਚ ਓਮੀਕਰੋਨ ਪਹੁੰਚ ਚੁੱਕਾ ਹੈ। ਇਸ ਦੇ ਚੱਲਦਿਆਂ ਦੇਸ਼ ਭਰ ਵਿਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ 600 ਤੋਂ ਪਾਰ ਜਾ ਚੁੱਕੀ ਹੈ ਅਤੇ ਦਿੱਲੀ ਵਿਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ 150 ਵੱਲ ਨੂੰ ਵਧਦੀ ਜਾ ਰਹੀ ਹੈ। ਇਸੇ ਦੌਰਾਨ ਮਹਾਰਾਸ਼ਟਰ ਵੀ ਓਮੀਕਰੋਨ ਦੇ ਮਾਮਲੇ 140 ਤੋਂ ਵਧ ਗਏ ਹਨ।