Breaking News
Home / ਭਾਰਤ / ਰਾਮ ਰਹੀਮ ਦੇ ਡੇਰੇ ‘ਚ ਹਾਲੇ ਵੀ ਛਾਇਆ ਹੈ ਸੰਨਾਟਾ

ਰਾਮ ਰਹੀਮ ਦੇ ਡੇਰੇ ‘ਚ ਹਾਲੇ ਵੀ ਛਾਇਆ ਹੈ ਸੰਨਾਟਾ

ਬਜ਼ਾਰਾਂ ‘ਚ ਵੀ ਛਾਈ ਹੈ ਵੀਰਾਨੀ, ਜ਼ਿਆਦਾਤਰ ਦੁਕਾਨਾਂ ਨੂੰ ਲੱਗੇ ਹਨ ਜਿੰਦਰੇ
ਸਿਰਸਾ/ਬਿਊਰੋ ਨਿਊਜ਼ : ਰਾਮ ਰਹੀਮ ਦੇ ਸਾਧਵੀਆਂ ਨਾਲ ਜਬਰ ਜਨਾਹ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਦੇ ਬਾਅਦ ਡੇਰਾ ਸਿਰਸਾ ਪੂਰੀ ਤਰ੍ਹਾਂ ਸੁੰਨਸਾਨ ਹੋ ਗਿਆ ਹੈ। ਜਿੱਥੇ ਪਹਿਲਾਂ ਚਾਰੇ ਪਾਸੇ ਚਹਿਲ-ਪਹਿਲ ਅਤੇ ਡੇਰੇ ਦੇ ਬਾਜ਼ਾਰਾਂ ਵਿਚ ਰੌਣਕ ਰਹਿੰਦੀ ਸੀ ਉੱਥੇ ਹੁਣ ਪੂਰੀ ਤਰ੍ਹਾਂ ਵੀਰਾਨੀ ਛਾਈ ਹੋਈ ਹੈ ਅਤੇ ਡੇਰੇ ਦੇ ਕੋਲ ਨਵੀਆਂ ਬਣੀਆਂ ਜ਼ਿਆਦਾਤਰ ਦੁਕਾਨਾਂ ਨੂੰ ਜਿੰਦਰੇ ਵੱਜੇ ਹੋਏ ਹਨ। ਡੇਰਾ ਤਾਂ ਭਾਵੇਂ ਲੋਕਾਂ ਲਈ ਖੁੱਲ੍ਹ ਗਿਆ ਹੈ ਪਰ ਉੱਥੇ ਹੁਣ ਡੇਰਾ ਪ੍ਰੇਮੀ ਅਤੇ ਹੋਰ ਲੋਕ ਨਜ਼ਰ ਨਹੀਂ ਆਉਂਦੇ। ਡੇਰੇ ਦੀ ਮੁੱਖ ਸੜਕ ‘ਤੇ 9 ਗੇਟ ਹਨ ਜਿਨ੍ਹਾਂ ਵਿਚੋਂ 8 ਗੇਟ ਬੰਦ ਹਨ ਅਤੇ ਸਿਰਫ਼ ਗੇਟ ਨੰਬਰ 5 ਹੀ ਲੋਕਾਂ ਨੂੰ ਆਉਣ-ਜਾਣ ਲਈ ਖੁੱਲ੍ਹਾ ਦਿੱਤਾ ਰੱਖਿਆ ਗਿਆ ਹੈ। ਡੇਰੇ ਦੇ ਅੰਦਰ ਲੋਕਾਂ ਨੂੰ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਹੀ ਜਾਣ ਦਿੱਤਾ ਜਾਂਦਾ ਹੈ। ਪਹਿਲਾਂ ਮੈਟਲ ਡਿਟੈਕਟਰ ਵਿਚੋਂ ਦੀ ਲੰਘਾਇਆ ਜਾਂਦਾ ਹੈ ਅਤੇ ਫਿਰ ਹੱਥਾਂ ਨਾਲ ਤਲਾਸ਼ੀ ਲਈ ਜਾਂਦੀ ਹੈ, ਜਿਵੇਂ ਬਹੁਤ ਖ਼ਾਸ ਵਿਅਕਤੀ ਦੀ ਆਮਦ ‘ਤੇ ਸੁਰੱਖਿਆ ਦਸਤੇ ਤਲਾਸ਼ੀ ਲੈਂਦੇ ਹਨ। ਡੇਰਾ ਪ੍ਰੇਮੀ ਅਤੇ ਕਰਮਚਾਰੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਤਨਖ਼ਾਹ ‘ਤੇ ਕੰਮ ਕਰਦੇ ਹਨ ਤਲਾਸ਼ੀ ਦਾ ਜ਼ਿੰਮਾ ਸੰਭਾਲ ਰਹੇ ਹਨ। ਔਰਤਾਂ ਦੀ ਤਲਾਸ਼ੀ ਲਈ ਵੱਖਰੇ ਤੌਰ ‘ਤੇ ਔਰਤਾਂ ਤਾਇਨਾਤ ਹਨ। ਕਿਸੇ ਨੂੰ ਆਪਣੇ ਨਾਲ ਮੋਬਾਈਲ ਫ਼ੋਨ ਅਤੇ ਕੈਮਰਾ ਅੰਦਰ ਨਹੀਂ ਲਿਜਾਣ ਦਿੱਤਾ ਜਾਂਦਾ ਅਤੇ ਸਥਾਨਕ ਪੱਤਰਕਾਰਾਂ ‘ਤੇ ਖ਼ਾਸ ਨਿਗ੍ਹਾ ਰੱਖੀ ਜਾ ਰਹੀ ਹੈ। ਲੰਘੇ ਦਿਨੀਂ ਦੇਖਿਆ ਗਿਆ ਡੇਰਾ ਅੰਦਰੋਂ ਡੇਰਾ ਪੂਰੀ ਤਰ੍ਹਾਂ ਖ਼ਾਲੀ ਸੀ। ਗੇਟ ਦੇ ਸਾਹਮਣੇ ਬਹੁਤ ਵੱਡਾ ਸ਼ੈੱਡ, ਜਿੱਥੇ ਲਗਪਗ 1 ਲੱਖ ਡੇਰਾ ਪ੍ਰੇਮੀ ਰਾਮ ਰਹੀਮ ਦੀ ਨਾਮ ਚਰਚਾ ਸੁਣਦੇ ਸਨ, ਉਹ ਵੀ ਸੁੰਨ ਪਿਆ ਹੈ। ਡੇਰੇ ਵਿਚ ਮੌਜੂਦ 60-70 ਵਿਅਕਤੀ ਵੀ ਬਾਹਰ ਖੜ੍ਹੀਆਂ 2-3 ਗੱਡੀਆਂ ਵਿਚ ਬੈਠ ਕੇ ਜਾਣ ਦੀ ਤਿਆਰੀ ਕਰ ਰਹੇ ਸਨ। ਸ਼ੈੱਡ ਦੇ ਖੱਬੇ ਪਾਸੇ ਬਣੇ ਹੋਏ 45 ਕਮਰੇ, ਜਿਨ੍ਹਾਂ ਵਿਚ ਕਥਿਤ ਤੌਰ ‘ਤੇ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਰਾਜਾਂ ਦੀਆਂ ਕਮੇਟੀਆਂ ਦੇ ਮੈਂਬਰ ਅਤੇ ਇੰਚਾਰਜ ਬੈਠਦੇ ਸਨ, ਵੀ ਬੰਦ ਪਏ ਹਨ। ਇਨ੍ਹਾਂ ਕਮਰਿਆਂ ਨਾਲ ਹੀ ਸੱਜੇ ਪਾਸੇ ਇਕ ਰਸਤਾ ਮੁੜਦਾ ਹੈ ਅਤੇ ਮੋੜ ਦੇ ਸਾਹਮਣੇ ਹੀ ਇਕ ਪ੍ਰਸ਼ਾਸਨਿਕ ਬਲਾਕ ਬਣਿਆ ਹੋਇਆ ਹੈ, ਜਿਸ ਵਿਚ ਅਕਸਰ ਡੇਰੇ ਦੀ ਚੇਅਰਪਰਸਨ ਵਿਪਾਸਨਾ ਬੈਠਦੀ ਹੁੰਦੀ ਸੀ। ਪ੍ਰਸ਼ਾਸਨਿਕ ਬਲਾਕ ਤੋਂ ਅੱਗੇ ਪੁਰਾਣਾ ਪ੍ਰਸ਼ਾਸਨਿਕ ਬਲਾਕ ਹੈ। ਉਸ ਦੇ ਨੇੜੇ ਹੀ ਅਖ਼ਬਾਰ ਦਾ ਦਫ਼ਤਰ ਅਤੇ ਮਸ਼ੀਨਾਂ ਹਨ। ਅਖ਼ਬਾਰ ਦੀ ਛਪਾਈ ਹੁਣ ਨਹੀਂ ਹੋ ਰਹੀ ਪਰ ਕਦੇ-ਕਦਾਈਂ ਵਕੀਲ ਗੁਰਦਾਸ ਸਲਵਾਰਾ ਦੇ ਭਰਾ ਸਮੇਤ 4-5 ਵਿਅਕਤੀ ਗੇੜਾ ਮਾਰਦੇ ਰਹਿੰਦੇ ਹਨ। ਇਸ ਦੇ ਨਾਲ ਡੇਰੇ ਦਾ ਸਿਮਰਨ ਹਾਲ ਬਣਿਆ ਹੋਇਆ ਹੈ ਅਤੇ ਹਾਲ ਦੇ ਨਾਲ ਡੇਰਾ ਮੁਖੀ ਦੀ ਰਿਹਾਇਸ਼ ਦਾ ਪਿਛਵਾੜਾ ਲਗਦਾ ਹੈ ਅਤੇ ਰਸਤਾ ਇੱਥੇ ਹੀ ਆ ਕੇ ਬੰਦ ਹੋ ਜਾਂਦਾ ਹੈ। ਇਸ ਤੋਂ ਥੋੜ੍ਹਾ ਪਿੱਛੇ ਸੱਜੇ ਪਾਸੇ ਬਹੁਮੰਜ਼ਿਲਾ ਬਣ ਰਹੀ ਇਕ ਅਧੂਰੀ ਇਮਾਰਤ ਹੈ। ਇਹ ਸੜਕ ਘੁੰਮਦਿਆਂ ਬਾਹਰ ਨਿਕਲਦੀ ਹੈ।
ਡੇਰਾ ਸਿਰਸਾ ‘ਚ ਹੋਈਆਂ ਆਤਮ ਹੱਤਿਆਵਾਂ ‘ਚ ਵੀ ਘਿਰਿਆ ਰਾਮ ਰਹੀਮ
ਪੰਚਕੂਲਾ : ਬਲਾਤਕਾਰ ਦੇ ਦੋਸ਼ ਤਹਿਤ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ઠਦੇ ਅਪਰਾਧਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਰਾਮ ਰਹੀਮ ਖਿਲਾਫ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਹੁਣ ਰਾਮ ਰਹੀਮ ‘ਤੇ ਸਿਰਸਾ ਡੇਰੇ ਵਿਚ ਹੋਈਆਂ ਆਤਮ-ਹੱਤਿਆਵਾਂ ਦੇ ਮਾਮਲੇ ਵਿਚ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਦੋਸ਼ ਹੈ ਕਿ ਰਾਮ ਰਹੀਮ ਨੇ ਡੇਰੇ ਵਿਚ ਕਈ ਵਿਅਕਤੀਆਂ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ। ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਲਈ ਦਾਇਰ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਇਸੇ ਦੌਰਾਨ ਰਾਮ ਰਹੀਮ ਨੂੰ ਮਿਲਣ ਲਈ ਉਸਦਾ ਪਰਿਵਾਰ ਲੰਘੇ ਕੱਲ੍ਹ ਸੁਨਾਰੀਆ ਜੇਲ੍ਹ ਪਹੁੰਚਿਆ। ਰਾਮ ਰਹੀਮ ਨੂੰ ਮਿਲਣ ਵਾਲਿਆਂ ਵਿਚ ਉਸਦੀ ਪਤਨੀ ਹਰਜੀਤ ਕੌਰ, ਬੇਟੀ ਅਮਰਪ੍ਰੀਤ, ਜਵਾਈ ਅਤੇ ਨੂੰਹ ਵੀ ਸੀ। ਜਾਣਕਾਰੀ ਮਿਲੀ ਹੈ ਰਾਮ ਰਹੀਮ ਨੇ ਪਰਿਵਾਰ ਕੋਲੋਂ ਡੇਰੇ ਅਤੇ ਹਨੀਪ੍ਰੀਤ ਬਾਰੇ ਜਾਣਕਾਰੀ ਲਈ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …