
ਕਿਹਾ : ਓਬੀਸੀ ਭਾਈਚਾਰੇ ਨੂੰ ਵੀ ਰਾਖਵਾਂਕਰਨ ’ਚ ਕੀਤਾ ਜਾਵੇ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਨੂੰ ਜਲਦੀ ਹੀ ਲਾਗੂ ਕੀਤਾ ਜਾਵੇ ਅਤੇ ਓਬੀਸੀ ਭਾਈਚਾਰੇ ਨੂੰ ਵੀ ਰਾਖਵੇਂਕਰਨ ਵਿਚ ਸ਼ਾਮਲ ਕੀਤਾ ਜਾਵੇ। ਰਾਹੁਲ ਨੇ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕੀਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਕਈ ਸਵਾਲ ਉਠਾਏ ਹਨ। ਰਾਹੁਲ ਨੇ ਨਵੀਂ ਦਿੱਲੀ ’ਚ ਕਾਂਗਰਸ ਪਾਰਟੀ ਦੇ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿਲਾ ਰਾਖਵਾਂਕਰਨ ਚੰਗਾ ਕਦਮ ਹੈ, ਪਰ ਇਸ ਵਿਚ ਦੋ ਸ਼ਰਤਾਂ ਲਗਾਈਆਂ ਗਈਆਂ ਹਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਜਨਗਣਨਾ ਅਤੇ ਮਨਜੂਰੀ ਲੈਣਾ ਜ਼ਰੂਰੀ ਹੋਵੇਗਾ। ਰਾਹੁਲ ਨੇ ਕਿਹਾ ਕਿ ਇਹ ਸਭ ਕੁਝ ਕਰਨ ਲਈ ਬਹੁਤ ਸਾਲ ਲੱਗ ਜਾਣਗੇ। ਰਾਹੁਲ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਅੱਜ ਤੋਂ ਹੀ ਲਾਗੂ ਕੀਤਾ ਜਾ ਸਕਦਾ ਹੈ। ਭਾਜਪਾ ਨੂੰ ਇਨ੍ਹਾਂ ਦੋ ਸ਼ਰਤਾਂ ਨੂੰ ਹਟਾ ਕੇ ਰਾਖਵਾਂਕਰਨ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਇਹ ਕੋਈ ਗੁੰਝਲਦਾਰ ਮਾਮਲਾ ਨਹੀਂ ਹੈ, ਪਰ ਸਰਕਾਰ ਇਹ ਕਰਨਾ ਨਹੀਂ ਚਾਹੁੰਦੀ। ਰਾਹੁਲ ਨੇ ਕਿਹਾ ਕਿ ਇਹ ਬਿੱਲ 10 ਸਾਲ ਬਾਅਦ ਲਾਗੂ ਹੋਵੇਗਾ, ਪਰ ਇਹ ਵੀ ਨਹੀਂ ਪਤਾ ਕਿ ਇਹ ਬਿੱਲ ਲਾਗੂ ਹੋਵੇਗਾ ਵੀ ਜਾਂ ਨਹੀਂ। ਧਿਆਨ ਰਹੇ ਕਿ ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਹੋ ਚੁੱਕਾ ਹੈ।