ਖੇਤੀ ਕਾਨੂੰਨਾਂ ਸਣੇ ਅਹਿਮ ਮਸਲਿਆਂ ‘ਤੇ ਹੋਵੇਗੀ ਚਰਚਾ : ਚੰਨੀ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 8 ਨਵੰਬਰ ਨੂੰ ਸੱਦਿਆ ਗਿਆ ਹੈ, ਜਿਸ ਵਿੱਚ ਕੇਂਦਰ ਸਰਕਾਰ ਵਲੋਂ ਲਿਆਂਦੇ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਸਣੇ ਅਹਿਮ ਮਸਲਿਆਂ ‘ਤੇ ਚਰਚਾ ਕੀਤੀ ਜਾਵੇਗੀ। ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ਕੇਂਦਰ ਨੂੰ ਬੀਐੱਸਐੱਫ ਬਾਰੇ ਕੀਤਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ 8 ਨਵੰਬਰ ਤਕ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਅਲਟੀਮੇਟਮ ਦਿੱਤਾ ਹੈ ਅਤੇ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪੰਜਾਬ ਸਰਕਾਰ 8 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਇਨ੍ਹਾਂ ਨੂੰ ਰੱਦ ਕਰ ਦੇਵੇਗੀ।
ਉਦਯੋਗ ਤੇ ਵਪਾਰ ਜਗਤ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀਆਂ ਲਈ ਹੁਣ ਇੰਸਪੈਕਟਰੀ ਰਾਜ ਖ਼ਤਮ ਹੋਵੇਗਾ। ਚੰਨੀ ਨੇ ਦੱਸਿਆ ਕਿ ਪੰਜਾਬ ਦੇ 48 ਹਜ਼ਾਰ ਵੈਟ ਦੇ ਝਗੜਿਆਂ ਵਿੱਚੋਂ 40 ਹਜ਼ਾਰ ਕੇਸਾਂ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 8 ਹਜ਼ਾਰ ਕੇਸਾਂ ‘ਚ ਵੀ ਰਾਹਤ ਦਿੱਤੀ ਗਈ ਹੈ ਕਿ ਉਹ ਦੋ ਵਾਰ ਕਿਸ਼ਤਾਂ ਵਿੱਚ ਆਪਣੇ ਬਕਾਇਆ ਪੈਸੇ ਦੇ ਸਕਦੇ ਹਨ।
ਕਾਰੋਬਾਰੀ ਇਨ੍ਹਾਂ ਵਿੱਚੋਂ 20 ਫੀਸਦੀ ਮੌਜੂਦਾ ਵਿੱਤੀ ਵਰ੍ਹੇ ਜਦਕਿ ਬਾਕੀ 80 ਫੀਸਦੀ ਰਕਮ ਆਉਣ ਵਾਲੇ ਵਿੱਤ ਵਰ੍ਹੇ ਵਿੱਚ ਦੇ ਸਕਦੇ ਹਨ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਸਨਅਤਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਮੀਡੀਅਮ ਸਕੇਲ (ਮੱਧ ਦਰਜੇ) ਦੀਆਂ ਸਨਅਤਾਂ ਨੂੰ ਬਿਜਲੀ ਬਿੱਲਾਂ ਵਿੱਚ ਫਿਕਸ ਚਾਰਜਿਜ਼ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ 50 ਫੀਸਦੀ ਘਟਾ ਦਿੱਤਾ ਗਿਆ ਹੈ। ਹੁਣ 50 ਫੀਸਦੀ ਫਿਕਸ ਚਾਰਜਿਜ਼ ਮੁਆਫ਼ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇੰਸਟੀਚਿਊਸ਼ਨਲ ਟੈਕਸ (ਸੰਸਥਾਗਤ ਕਰ) ਨੂੰ ਖ਼ਤਮ ਕਰ ਦਿੱਤਾ ਗਿਆ ਹੈ।
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …