Breaking News
Home / ਪੰਜਾਬ / ਗੁਰੂ ਰਾਮਦਾਸ ਲੰਗਰ ਘਰ ਤੇ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਮਹਿਕਣਗੇ ਗੁਲਾਬ

ਗੁਰੂ ਰਾਮਦਾਸ ਲੰਗਰ ਘਰ ਤੇ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਮਹਿਕਣਗੇ ਗੁਲਾਬ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਅਤੇ ਮੰਜੀ ਸਾਹਿਬ ਦੀਵਾਨ ਹਾਲ ਵਿਚਾਲੇ ਬਾਗ ਬਣਾਇਆ ਜਾ ਰਿਹਾ ਹੈ, ਜਿਸ ਵਿਚ ਲਗਭਗ 400 ਕਿਸਮ ਦੇ ਗੁਲਾਬ ਲਾਏ ਜਾਣਗੇ। ਇਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਬਾਗ ਵਿਚ ਪੌਦੇ ਲਾਉਣ ਦਾ ਕੰਮ ਜਨਵਰੀ ਵਿੱਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਬਾਗ ਨੂੰ ਨਿਵੇਕਲੀ ਤੇ ਵਿਸ਼ੇਸ਼ ਦਿੱਖ ਦਿੱਤੀ ਜਾਵੇਗੀ। ਬਾਗ ਵਿੱਚ ਲਗਭਗ 400 ਕਿਸਮ ਦੇ ਗੁਲਾਬ ਲਾਉਣ ਦੀ ਯੋਜਨਾ ਹੈ ਅਤੇ ਇਸ ਸਬੰਧੀ ਬੰਗਲੁਰੂ ਦੀ ਕੰਪਨੀ ਨੂੰ ਆਰਡਰ ਵੀ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ‘ਚੋਂ 25 ਕਿਸਮ ਦੇ ਗੁਲਾਬ ਇੱਥੇ ਲਾਏ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਗੁਲਾਬ ਦੀ ਹਰ ਕਿਸਮ ਦੇ ਪੰਜ-ਪੰਜ ਬੂਟੇ ਮੰਗਵਾਏ ਗਏ ਹਨ। ਇੰਝ ਇੱਥੇ ਗੁਲਾਬ ਦੇ ਲਗਭਗ ਦੋ ਹਜ਼ਾਰ ਬੂਟੇ ਲੱਗਣਗੇ। ਇਸ ਤੋਂ ਇਲਾਵਾ ਮੌਸਮੀ ਫੁੱਲਾਂ ਦੇ ਦਸ ਹਜ਼ਾਰ ਬੂਟੇ ਲਿਆਂਦੇ ਗਏ ਹਨ, ਜਿਨ੍ਹਾਂ ਵਿਚ ਪਟੂਨੀਆ ਦੇ 13 ਰੰਗਾਂ ਦੇ ਫੁੱਲਾਂ ਦੇ ਬੂਟੇ, ਪੈਂਜੀ 6 ਰੰਗ ਦੇ, ਬਰਬੀਨਾ 6 ਰੰਗ ਦੇ, ਡਾਗਫਲਾਵਰ 7 ਰੰਗ ਦੇ, ਗੁਡੇਸੀਆ ਚਾਰ ਰੰਗ ਦੇ, ਗਜਨੀਆ ਪੰਜ ਰੰਗ ਦੇ ਤੇ ਹੋਰ ਬੂਟੇ ਸ਼ਾਮਲ ਹਨ। ਇਸ ਤੋਂ ਇਲਾਵਾ 70 ਕਿਸਮ ਦੇ ਪੱਕੇ ਬੂਟੇ ਲਾਏ ਜਾ ਰਹੇ ਹਨ, ਜੋ ਸਦਾਬਹਾਰ ਹਨ। ਇਸੇ ਤਰ੍ਹਾਂ ਚੰਦਨ ਦੇ ਬੂਟੇ ਵੀ ਚਾਰ ਕਿਸਮ ਦੇ ਲਿਆਂਦੇ ਗਏ ਹਨ। ਪਹਿਲਾਂ ਲੱਗੇ ਦਰਖਤਾਂ ਨੂੰ ਉਂਝ ਹੀ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੀ ਲੈਂਡ ਸਕੇਪਿੰਗ ਵੀ ਮਾਹਿਰਾਂ ਕੋਲੋਂ ਕੀਤੀ ਜਾ ਚੁੱਕੀ ਹੈ।
ਸਮੁੱਚਾ ਬਾਗ ਕਿਆਰੀਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਫੁੱਲ ਲੱਗਣ ਮਗਰੋਂ ਇਸ ਦਾ ਧਰਾਤਲੀ ਹਿੱਸਾ ਉਪਰੋਂ ਦੇਖਣ ‘ਤੇ ਫੁੱਲਾਂ ਨਾਲ ਢਕਿਆ ਨਜ਼ਰ ਆਵੇਗਾ। ਬਾਗ ਦੇ ਬਾਹਰੀ ਹਿੱਸਿਆਂ ਵਿਚ ਦਰੱਖਤ ਅਤੇ ਉਸ ਤੋਂ ਅਗਾਂਹ ਹੋਰ ਘੱਟ ਉਚਾਈ ਵਾਲੇ ਬੂਟੇ ਲਾਏ ਗਏ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …