ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਨਵੀਂ ਰਾਜਸੀ ਪਾਰਟੀ ‘ਪੰਜਾਬ ਲੋਕ ਹਿੱਤ ਪਾਰਟੀ’ ਬਣਾਈ ਹੈ, ਜਿਸ ਨੂੰ ਓਬੀਸੀ ਵਰਗ ਨਾਲ ਜੁੜੀਆਂ ਤਿੰਨ ਦਰਜਨ ਜਥੇਬੰਦੀਆਂ ਨੇ ਹਮਾਇਤ ਦਿੰਦਿਆਂ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਹੈ।
ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਪੰਜਾਬ ‘ਚ ਓਬੀਸੀ ਸਮਾਜ ਬਹੁ-ਗਿਣਤੀ ਵਿੱਚ ਹੈ ਜਿਸ ਨੂੰ ਰਾਜਸੀ ਪਾਰਟੀਆਂ ਨੇ ਵੰਡਿਆ ਹੋਇਆ ਹੈ। ਇਸ ਵਰਗ ਨੂੰ ਹਰੇਕ ਰਾਜਸੀ ਪਾਰਟੀ ਵੋਟ ਬੈਂਕ ਵਜੋਂ ਵਰਤਦੀ ਆ ਰਹੀ ਹੈ। ਬੀਰਮੀ ਨੇ ਕਿਹਾ ਕਿ ‘ਪੰਜਾਬ ਲੋਕ ਹਿੱਤ ਪਾਰਟੀ’ ਸੂਬੇ ਦੇ ਓਬੀਸੀ ਵਰਗ ਦੀ ਆਵਾਜ਼ ਬਣੇਗੀ।
ਉਨ੍ਹਾਂ ਕਿਹਾ ਕਿ ਰਾਜਨੀਤਕ ਤੌਰ ‘ਤੇ ਪੱਛੜੇ, ਦਬੇ-ਕੁਚਲੇ ਅਤੇ ਸ਼ੋਸ਼ਿਤ ਮਹਿਸੂਸ ਕਰਦਿਆਂ ਇਨਸਾਫ਼ ਲੈਣ ਦੀ ਕੋਸ਼ਿਸ਼ ਦੇ ਮਕਸਦ ਨਾਲ ਓਬੀਸੀ ਸਮਾਜ ਇੱਕ ਮੰਚ ‘ਤੇ ਇਕੱਠਾ ਹੋਇਆ ਹੈ ਜੋ ਸੂਬੇ ਦੀ ਰਾਜਨੀਤੀ ‘ਚ ਆਪਣੀ ਵੱਖਰੀ ਪਹਿਚਾਣ ਬਣਾਵੇਗਾ ਤਾਂ ਜੋ ਓਬੀਸੀ ਵਰਗ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ। ‘ਪੰਜਾਬ ਲੋਕ ਹਿੱਤ ਪਾਰਟੀ’ ਦੇ ਪ੍ਰਧਾਨ ਬੀਰਮੀ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੂਬੇ ਦੇ ਲੋਕਾਂ ਦੇ ਵਿਕਾਸ ਦੀ ਥਾਂ ਵਿਨਾਸ਼ ਕਰਨ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਆਪਣੀ ਕੁਰਸੀ ਤੋਂ ਸਿਵਾਏ ਕੁਝ ਦਿਖਾਈ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਪੰਜਾਬ ਲੋਕ ਹਿੱਤ ਪਾਰਟੀ’ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸੂਬੇ ਦੀਆਂ 117 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਜਦਕਿ ਪਾਰਟੀ ਦਾ ਏਜੰਡਾ ਆਉਣ ਵਾਲੇ ਦਿਨਾਂ ਵਿੱਚ ਤਿਆਰ ਕੀਤਾ ਜਾਵੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ
ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …