ਰਜਿੰਦਰਾ ਹਸਪਤਾਲ ਵਿਚ ਇਲਾਜ ਤੋਂ ਬਾਅਦ ਮੁੜ ਭੇਜਿਆ ਗਿਆ ਜੇਲ੍ਹ
ਪਟਿਆਲਾ/ਬਿਊਰੋ ਨਿਊਜ਼ : ਰੋਡਰੇਜ਼ ਮਾਮਲੇ ’ਚ ਪਟਿਆਲਾ ਦੀ ਸੈਂਟਰਲ ਜੇਲ੍ਹ ’ਚ ਇਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਜੇਲ੍ਹ ਅੰਦਰ ਅੱਜ ਮੁੜ ਤੋਂ ਸਿਹਤ ਖਰਾਬ ਹੋ ਗਈ। ਜੇਲ੍ਹ ਪ੍ਰਸ਼ਾਸਨ ਨੂੰ ਸਿੱਧੂ ਨੇ ਬਲੱਡ ਪ੍ਰੈਸ਼ਰ ਅਤੇ ਛਾਤੀ ’ਚ ਦਰਦ ਦੀ ਪ੍ਰੌਬਲਮ ਦੱਸੀ ਸੀ। ਕੁੱਝ ਦੇਰ ਬਾਅਦ ਹੀ ਜੇਲ੍ਹ ਅੰਦਰ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਚੈਕਅਪ ਕੀਤਾ ਗਿਆ। ਇਲਾਜ਼ ਤੋਂ ਬਾਅਦ ਸਿੱਧੂ ਨੂੰ ਮੁੜ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਵੀ ਨਵਜੋਤ ਸਿੱਧੂ ਨੂੰ ਸਿਹਤ ਖਰਾਬ ਹੋਣ ਦੇ ਚਲਦਿਆਂ ਰਜਿੰਦਰਾ ਹਸਪਤਾਲ ਅਤੇ ਚੰਡੀਗੜ੍ਹ ਸਥਿਤ ਪੀਜੀਆਈ ਵਿਚ ਇਲਾਜ ਲਈ ਲਿਜਾਇਆ ਗਿਆ ਸੀ। ਉਧਰ ਅੱਜ ਨਵਜੋਤ ਸਿੰਘ ਸਿੱਧੂ ਦਾ 59ਵਾਂ ਜਨਮ ਦਿਨ ਵੀ ਹੈ ਅਤੇ ਉਹ ਪਹਿਲੀ ਵਾਰ ਆਪਣਾ ਜਨਮ ਦਿਨ ਜੇਲ੍ਹ ਅੰਦਰ ਮਨਾਉਣਗੇ। ਸਿੱਧੂ ਦੇ ਸਮਰਥਕਾਂ ਨੇ ਜਨਮ ਦਿਨ ਦੀ ਖੁਸ਼ੀ ਵਿਚ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ਵਿਖੇ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨਾਲ ਕੇਕ ਕੱਟ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਆਮ ਆਦਮੀ ਪਾਰਟੀ ’ਤੇ ਤੰਜ ਕਸਦਿਆਂ ਆਮ ਆਦਮੀ ਪਾਰਟੀ ਨੂੰ ਝੂਠ ਦਾ ਪੁਲੰਦਾ ਦੱਸਿਆ।