ਜਲੰਧਰ/ਬਿਊਰੋ ਨਿਊਜ਼ : ਜਲੰਧਰ ਜ਼ਿਮਨੀ ਚੋਣ ਦੌਰਾਨ ਕਈ ਥਾਵਾਂ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਹੋਈ। ਕਿਉਂਕਿ ਸੱਤਾਧਾਰੀ ਧਿਰ ਨੇ ‘ਆਪ’ ਚੋਣ ਬੂਥਾਂ ‘ਤੇ ਅਜਿਹੇ ਵਿਅਕਤੀਆਂ ਦੀਆਂ ਡਿਊਟੀਆਂ ਲਾਈਆਂ ਸਨ, ਜੋ ਹਲਕੇ ਦੇ ਰਹਿਣ ਵਾਲੇ ਨਹੀਂ ਸਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ‘ਆਪ’ ਦੇ ਅਜਿਹੇ ਕਾਰਕੁਨਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਇਹ ਘਟਨਾਵਾਂ ਮੁੱਖ ਰੂਪ ਵਿੱਚ ਫਿਲੌਰ, ਸ਼ਾਹਕੋਟ ਤੇ ਆਦਮਪੁਰ ਦੇ ਪਿੰਡਾਂ ਵਿੱਚ ਸਾਹਮਣੇ ਆਈਆਂ ਹਨ। ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਨਿਰਦੇਸ਼ ਦਿੱਤੇ ਗਏ ਸਨ ਕਿ ਸੋਮਵਾਰ ਸ਼ਾਮੀ 6 ਵਜੇ ਚੋਣ ਪ੍ਰਚਾਰ ਖ਼ਤਮ ਹੋਣ ਮਗਰੋਂ ਹਲਕੇ ਤੋਂ ਬਾਹਰਲਾ ਵਿਅਕਤੀ ਇਥੇ ਨਾ ਰਹੇ ਪਰ ਇਸ ਦੇ ਬਾਵਜੂਦ ‘ਆਪ’ ਦੇ ਕਾਰਕੁਨ ਤੇ ਵਿਧਾਇਕ ਇਥੇ ਮੌਜੂਦ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ 8 ਹਾਜ਼ਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਪਰ ਮੱਤਦਾਨ ਵਾਲੇ ਦਿਨ 9 ਵਿਧਾਨ ਸਭਾ ਹਲਕਿਆਂ ਵਿੱਚ ਲੜਾਈ-ਝਗੜੇ ਹੋਣ ਦੀ ਖ਼ਬਰ ਹੈ। ਇਸੇ ਦੌਰਾਨ ਦੋ ਵਿਧਾਇਕਾਂ ‘ਤੇ ਗੰਭੀਰ ਦੋਸ਼ ਵੀ ਲੱਗੇ ਹਨ। ਜਾਣਕਾਰੀ ਅਨੁਸਾਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਹਲਕੇ ਵਿੱਚ ਵਾਪਰੀਆਂ ਇਨ੍ਹਾਂ ਉਲੰਘਣਾਵਾਂ ਬਾਰੇ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ। ਉਨ੍ਹਾਂ ਕੁਝ ‘ਆਪ’ ਆਗੂਆਂ ਦੇ ਆਈਡੀ ਕਾਰਡ ਵੀ ਦਿਖਾਏ, ਜੋ ਮੂਲ ਰੂਪ ਵਿੱਚ ਮੋਗਾ, ਧਰਮਕੋਟ ਤੇ ਹੋਰਨਾਂ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਜਲੰਧਰ ਵਿੱਚ ਪੋਲ ਏਜੰਟ ਵਜੋਂ ਤਾਇਨਾਤ ਕੀਤਾ ਗਿਆ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਇਸ ਸਬੰਧੀ ਵੀਡੀਓਜ਼ ਵੀ ਆਪਣੇ ਫੇਸਬੁੱਕ ਪੇਜਾਂ, ਟਵਿਟਰ ਅਕਾਊਂਟ ਅਤੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਫਿਲੌਰ ਤੋਂ ਸਾਬਕਾ ਅਕਾਲੀ ਸੰਸਦ ਮੈਂਬਰ ਬਲਦੇਵ ਖਹਿਰਾ ਨੇ ਕਿਹਾ, ‘ਅਸੀਂ ਇਥੇ ਨੰਗਲ ਪਿੰਡ ਦੇ ਪੋਲ ਬੂਥ ‘ਤੇ ਤਾਇਨਾਤ ‘ਆਪ’ ਦੇ ਪੋਲਿੰਗ ਏਜੰਟ ਬਹਾਦਰ ਸਿੰਘ ਧਾਲੀਵਾਲ ਨੂੰ ਕਾਬੂ ਕੀਤਾ ਹੈ, ਜੋ ਰਾਮਪੁਰਾ ਫੂਲ ਦਾ ਰਹਿਣ ਵਾਲਾ ਹੈ।’ ਇਸੇ ਤਰ੍ਹਾਂ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਲਾਡੀ ਸ਼ੇਰੋਵਾਲੀਆ ਨੇ ਵੀ ਇਥੇ ਬਾਬਾ ਬਕਾਲਾ ਤੋਂ ‘ਆਪ’ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਘੇਰਿਆ, ਜੋ ਇਥੇ ਕਾਰ ਵਿੱਚ ਗੇੜੀਆਂ ਮਾਰ ਰਹੇ ਸਨ। ਵਿਧਾਇਕ ਸ਼ੇਰੋਵਾਲੀਆ ਨੇ ਕਿਹਾ, ‘ਅਸੀਂ ‘ਆਪ’ ਵਿਧਾਇਕ ਦੀ ਕਾਰ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਤੇ ਉਦੋਂ ਤੱਕ ਨਹੀਂ ਜਾਣ ਦਿੱਤਾ। ਇਸ ਮਗਰੋਂ ਵਿਧਾਇਕ ਟੌਂਗ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਵਿਧਾਇਕ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਇਸੇ ਦੌਰਾਨ ਜਲੰਧਰ ਛਾਉਣੀ ਹਲਕੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਬੂਥ ਨੰਬਰ 105 ‘ਤੇ ‘ਆਪ’ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਪੈਸੇ ਵੰਡਣ ਦੇ ਕਥਿਤ ਦੋਸ਼ਾਂ ਤਹਿਤ ਘੇਰਿਆ। ਵਿਧਾਇਕ ਭੋਲਾ ਦਾ ਵਿਰੋਧ ਕਰਨ ‘ਤੇ ਉਹ ਇੱਕ ਮੋਟਰਸਾਈਕਲ ਪਿੱਛੇ ਬੈਠ ਕੇ ਉਥੋਂ ਚਲੇ ਗਏ। ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ ‘ਆਪ’ ਦੇ ਵਿਧਾਇਕ ਵਿਰੁੱਧ ਸ਼ਿਕਾਇਤ ਦਿੱਤੀ ਗਈ ਹੈ। ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਹਲਕੇ ਜਲੰਧਰ ਪੱਛਮੀ ਵਿੱਚ ਵੀ ਦੋ-ਤਿੰਨ ਥਾਂਵਾਂ ‘ਤੇ ਝੜੱਪਾਂ ਹੋਣ ਦੀ ਖ਼ਬਰ ਹੈ। ਆਦਮਪੁਰ ਤੋਂ ਸਾਬਕਾ ਅਕਾਲੀ ਵਿਧਾਇਕ ਪਵਨ ਟੀਨੂ ਨੇ ਵੀ ਦੱਸਿਆ ਕਿ ਉਨ੍ਹਾਂ ਇੱਥੇ ਕੁਝ ਪੋਲਿੰਗ ਬੂਥਾਂ ਦੀ ਜਾਂਚ ਕੀਤੀ ਤਾਂ ਕੁਝ ‘ਆਪ’ ਵਰਕਰ ਅਟਾਰੀ ਤੋਂ ਇਥੇ ਤਾਇਨਤ ਕੀਤੇ ਗਏ ਸਨ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਥੇ ਇੱਕ ਬੂਥ ‘ਤੇ ਪਟਿਆਲਾ ਦੇ ਰਹਿਣ ਵਾਲੇ ‘ਆਪ’ ਆਗੂ ਆਸ਼ੀਸ਼ ਨੱਈਅਰ ਨੂੰ ਤਾਇਨਾਤ ਕੀਤਾ ਗਿਆ ਹੈ।
ਅਖੇ ਅਸੀਂ ਤਾਂ ਬੀਜ ਲੈਣ ਆਏ ਹਾਂ
ਫਿਲੌਰ ਹਲਕੇ ‘ਚ ਉਸ ਸਮੇਂ ਭਾਰੀ ਹੰਗਾਮਾ ਹੋਇਆ, ਜਦੋਂ ਕਾਂਗਰਸ ਦੇ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਹਲਕਾ ਭੁੱਚੋ ਮੰਡੀ (ਬਠਿੰਡਾ) ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਸਮਰਥਕ ਦੱਸੇ ਜਾਂਦੇ ਕੁਝ ਵਿਅਕਤੀਆਂ ਨੂੰ ਫਿਲੌਰ ਹਲਕੇ ‘ਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ‘ਚ ਕਾਬੂ ਕੀਤਾ ਗਿਆ। ਲੋਕਾਂ ਦੀ ਭੀੜ ‘ਚ ਘਿਰੇ ‘ਆਪ’ ਆਗੂ ਆਪਣੀ ਜਾਨ ਬਚਾਉਂਦੇ ਹੋਏ ਕਹਿ ਰਹੇ ਸਨ ਕਿ ਉਹ ਤਾਂ ਇੱਥੋਂ ਬੀਜ ਲੈਣ ਆਏ ਹਨ। ਹਾਲਾਂਕਿ ਉਹ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਉਹ ਭੁੱਚੋ ਮੰਡੀ ਤੋਂ ਏਨੀ ਦੂਰ ਵੋਟਾਂ ਵਾਲੇ ਦਿਨ ਕਿਹੜੀ ਚੀਜ਼ ਦਾ ਬੀਜ ਲੈਣ ਆਏ ਹਨ ਪਰ ਉਨ੍ਹਾਂ ਦੇ ਬਿਆਨ ਜਿੱਥੇ ਸਾਰਾ ਦਿਨ ਸੋਸ਼ਲ ਮੀਡੀਆ ‘ਤੇ ਖ਼ੂਬ ਚਰਚਾ ਦਾ ਵਿਸ਼ਾ ਅਤੇ ਮਜ਼ਾਕ ਬਣੇ ਰਹੇ, ਉੱਥੇ ਬਾਹਰੀ ਆਗੂਆਂ ਦੇ ਜਲੰਧਰ ਹਲਕੇ ‘ਚ ਕੀਤੀ ਗਈ ਦਖ਼ਲ ਅੰਦਾਜ਼ੀ ਨੇ ਚੋਣ ਕਮਿਸ਼ਨ ਦੀ ਸਖ਼ਤੀ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਜਦੋਂ ਬਾਹਰੀ ‘ਆਪ’ ਆਗੂਆਂ ਨੂੰ ਲੋਕਾਂ ਨੇ ਉਨ੍ਹਾਂ ਦੇ ਜਲੰਧਰ ‘ਚ ਆਉਣ ਦਾ ਕਾਰਨ ਪੁੱਛਿਆ ਤਾਂ ਕਈਆਂ ਨੇ ਕਿਹਾ ਕਿ ਉਹ ਤਾਂ ਕਿਸੇ ਰਿਸ਼ਤੇਦਾਰੀ ‘ਚ ਵਿਆਹ ‘ਤੇ ਆਏ ਹਨ, ਜਦਕਿ ਅਜਿਹਾ ਕੋਈ ਵੀ ਵਿਆਹ ਸਮਾਗਮ ਨਹੀਂ ਸੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟੀਨੂੰ ਵਲੋਂ ਵੀ ਕਈ ਪਿੰਡਾਂ ‘ਚ ਬੂਥਾਂ ‘ਤੇ ਬਾਹਰੀ ਹਲਕਿਆਂ ਦੇ ‘ਆਪ’ ਆਗੂਆਂ ਤੇ ਵਲੰਟੀਅਰਾਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਉਨ੍ਹਾਂ ਬਾਕਾਇਦਾ ਪੁਲਿਸ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਕੀਤੀ ਤੇ ਉਨ੍ਹਾਂ ਨੂੰ ਉਥੋਂ ਭਜਾਇਆ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵੀ ਆਪਣੇ ਜੱਦੀ ਪਿੰਡ ਕੋਟਲੀਥਾਨ ਸਿੰਘ ਸਮੇਤ ਹੋਰਨਾਂ ਪਿੰਡਾਂ ਤੋਂ ਬਾਹਰੀ ‘ਆਪ’ ਆਗੂਆਂ ਨੂੰ ਬੂਥਾਂ ‘ਤੇ ਵੋਟਰਾਂ ਨੂੰ ਪ੍ਰਭਾਵਿਤ ਕਰਦਿਆਂ ਫੜਿਆ। ਉਨ੍ਹਾਂ ਵੀ ਇਸ ਸਾਰੇ ਮਾਮਲੇ ‘ਚ ਚੋਣ ਕਮਿਸ਼ਨ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।