ਪੁਲਿਸ ਅਤੇ ਪਿੰਡ ਵਾਸੀਆਂ ‘ਚ ਝੜਪ ਦੌਰਾਨ ਇਕ ਮੌਤ, ਕਈ ਜ਼ਖ਼ਮੀ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਜ਼ਿਲ੍ਹੇ ਦੀ ਪੁਲਿਸ ‘ਤੇ ਅੱਜ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਕਿ ਬਠਿੰਡਾ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਲਈ ਹਰਿਆਣਾ ‘ਚ ਪੈਂਦੇ ਪਿੰਡ ਦੇਸੂ ਜੋਧਾ ਗਈ ਸੀ। ਪਿੰਡ ਦੇ ਲੋਕਾਂ ਨੇ ਹੀ ਪੁਲਿਸ ਕਾਰਵਾਈ ਦਾ ਵਿਰੋਧ ਕਰਦਿਆਂ ਪੁਲਿਸ ‘ਤੇ ਡਾਂਗਾਂ ਅਤੇ ਲਾਠੀਆਂ ਨਾਲ ਧਾਵਾ ਬੋਲ ਦਿੱਤਾ ਅਤੇ ਗੋਲੀਆਂ ਵੀ ਚਲਾ ਦਿੱਤੀਆਂ, ਜਿਸ ਨਾਲ ਪੰਜਾਬ ਪੁਲਿਸ ਦੇ 7 ਮੁਲਾਜ਼ਮ ਜ਼ਖ਼ਮੀ ਵੀ ਹੋ ਗਏ। ਪੁਲਿਸ ਨੇ ਵੀ ਆਪਣੇ ਆਪ ਨੂੰ ਘਿਰਦਿਆਂ ਦੇਖ ਕੇ ਗੋਲੀ ਚਲਾ ਦਿੱਤੀ, ਜਿਸ ਨਾਲ ਇਕ ਪਿੰਡ ਵਾਸੀ ਜੱਗਾ ਸਿੰਘ ਦੀ ਮੌਤ ਵੀ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਿਚ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਪੁਲਿਸ ਵਾਲਿਆਂ ਨਾਲ ਕੁੱਟਮਾਰ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਨੇ ਥਾਣਾ ਸਿਟੀ ਡੱਬਵਾਲੀ ਵਿਖੇ ਪਿੰਡ ਦੇਸੂ ਜੋਧਾ ਦੇ ਗਗਨਦੀਪ, ਕੁਲਵਿੰਦਰ, ਭਿੰਦਾ, ਜੱਸਾ, ਤੇਜਾ ਅਤੇ ਹੋਰ 40 ਤੋਂ 50 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ, ਸਰਕਾਰੀ ਗੱਡੀ ਦੀ ਭੰਨ ਤੋੜ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

