ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 18 ਅਪ੍ਰੈਲ ਨੂੰ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਵਿਸਾਖੀ ਦਾ ਤਿਓਹਾਰ ਅਤੇ ਸਿੱਖ ਵਿਰਾਸਤੀ ਮਹੀਨਾ ਬੜੇ ਜੋਸ਼, ਉਮਾਹ ਅਤੇ ਸੱਭਿਆਚਾਰਕ ਭਾਵਨਾਵਾਂ ਨਾਲ ਮਿਲ਼ ਕੇ ਸਥਾਨਕ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿਖੇ ਮਨਾਏ ਗਏ। ਇਸ ਮੌਕੇ ਕਲੱਬ ਦੇ 70 ਤੋਂ ਵਧੇਰੇ ਮੈਂਬਰ ਖ਼ੁਸ਼ੀਆਂ ਨਾਲ ਭਰਪੂਰ ਇਸ ਸ਼ਾਨਦਾਰ ਜਸ਼ਨ ਵਿੱਚ ਸ਼ਾਮਲ ਹੋਏ। ਸਾਰੇ ਮੈਂਬਰ ਰੰਗ-ਬਿਰੰਗੀਆਂ ਵਿਰਾਸਤੀ ਪੁਸ਼ਾਕਾਂ ਵਿੱਚ ਸੱਜ-ਧੱਜ ਕੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਮਹਾਨ ਤਿਓਹਾਰ ਨੂੰ ਮਨਾਉਣ ਲਈ ਪਧਾਰੇ।
ਵਿਸਾਖੀ ਦਾ ਮੌਸਮੀ ਤਿਓਹਾਰ ਜਿੱਥੇ ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਅਤੇ ਸਾਂਭ-ਸੰਭਾਲ ਨਾਲ ਜੁੜਿਆ ਹੋਇਆ ਹੈ, ਉੱਥੇ ਇਹ ਬਹਾਦਰੀ, ਸੱਭਿਆਚਾਰਕ ਪਛਾਣ ਅਤੇ ਇੱਕਮੁੱਠਤਾ ਦਾ ਪ੍ਰਤੀਕ ਹੈ। ਸਾਡੇ ਸੀਨੀਅਰ ਸਾਡੀ ਅਮੀਰ ਵਿਰਾਸਤ ਦੇ ਪਹਿਰੇਦਾਰ ਹਨ। ਆਉਂਦੀਆਂ ਪੀੜ੍ਹੀਆਂ ਨੇ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖ ਰਹੀਆਂ ਹਨ।
ਵਿਸਾਖੀ ਦੇ ਜਸ਼ਨ ਦੀ ਇਹ ਇਕੱਤਰਤਾ ਪੰਜਾਬੀ ਕਮਿਊਨਿਟੀ ਦੀ ਤਾਕਤ ਨੂੰ ਭਲੀ-ਭਾਂਤ ਦਰਸਾ ਰਹੀ ਸੀ।
ਕਲੱਬ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨਾਲ ਜਾਣ-ਪਛਾਣ ਤੋਂ ਬਾਅਦ ਇਸਦੇ ਚੇਅਰਪਰਸਨ ਗੁਰਚਰਨ ਸਿੰਘ ਖੱਖ ਨੇ ਵਿਸਾਖੀ, ਖਾਲਸਾ ਸਾਜਨਾ-ਦਿਵਸ ਅਤੇ ਕੈਨੇਡਾ ਵਿੱਚ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਏ ਜਾਣ ਦੀ ਮਹਾਨਤਾ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਇਹ ਮਹੱਤਵਪੂਰਨ ਦਿਹਾੜੇ ਸਾਡੀਆਂ ਇਤਿਹਾਸਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਅੱਗੇ ਤੋਰਦੇ ਹੋਏ ਭਵਿੱਖ ਵਿੱਚ ਇਨ੍ਹਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਵਿਸਾਖੀ ਦਾ ਤਿਓਹਾਰ ਸਾਨੂੰ ਕੁਰਬਾਨੀ, ਬਹਾਦਰੀ ਅਤੇ ਸਮਾਜ-ਸੇਵਾ ਦੇ ਰਸਤੇ ‘ਤੇ ਤੋਰਦਾ ਹੈ। ਕੈਨੇਡਾ ਵਿੱਚ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਂਦਾ ਅਪ੍ਰੈਲ ਦਾ ਮਹੀਨਾ ਕਮਿਊਨਿਟੀ ਦੇ ਲਈ ਸਿੱਖਾਂ ਦੀ ਗੌਰਵਮਈ ਦੇਣ ਨੂੰ ਦਰਸਾਉਂਦਾ ਹੈ।
ਉੱਘੇ ਸਿੱਖ ਵਿਦਵਾਨ ਭਾਈ (ਡਾ.) ਗੁਲਜ਼ਾਰ ਸਿੰਘ ਵੱਲੋਂ ਇਸ ਮੌਕੇ ਇਤਿਹਾਸ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ- ਦਿਵਸ ਦੀ ਮਹਾਨਤਾ, ਸਿੱਖੀ ਕਦਰਾਂ-ਕੀਮਤਾਂ ਅਤੇ ਸਿੱਖੀ ਪਛਾਣ ਬਾਰੇ ਬੜੇ ਮੁੱਲਵਾਨ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਸਿੱਖੀ ਦੀਆਂ ਜੜ੍ਹਾਂ ਸੇਵਾ, ਬਹਾਦਰੀ, ਹਲੀਮੀ, ਮਿੱਠਾ-ਬੋਲਣ ਅਤੇ ਨਿਆਂ ਵਿੱਚ ਡੂੰਘੀਆਂ ਧਸੀਆਂ ਹਨ। ਸਿੱਖੀ ਦੇ ਇਨ੍ਹਾਂ ਮਹਾਨ ਗੁਣਾਂ ਦੀ ਅਜੋਕੇ ਸਮੇਂ ਵਿੱਚ ਇਸ ਦੁਨੀਆਂ ਨੂੰ ਬੜੀ ਲੋੜ ਹੈ। ਜਦੋਂ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਆਪਣੇ ਭਵਿੱਖ ਨੂੰ ਸ਼ਕਤੀਸ਼ਾਲੀ ਕਰਦੇ ਹਾਂ। ਮਲੂਕ ਸਿੰਘ ਕਾਹਲੋਂ ਅਤੇ ਕਈ ਹੋਰ ਮੈਂਬਰਾਂ ਵੱਲੋਂ ਡਾ. ਗੁਲਜ਼ਾਰ ਸਿੰਘ ਦੇ ਇਨ੍ਹਾਂ ਵਿਚਾਰਾਂ ਦੀ ਭਾਰੀ ਸਰਾਹਨਾ ਕੀਤੀ ਗਈ।
ਕਲੱਬ ਦੇ ਸਰਗਰਮ ਮੈਂਬਰ ਸੁਖਦੇਵ ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿੱਚ ਸੀਨੀਅਰਾਂ ਦੇ ਲਈ ਅਜਿਹੇ ਸੱਭਿਆਚਾਰਕ ਮਹਾਨਤਾ ਵਾਲੇ ਤਿਓਹਾਰ ਮਨਾਉਣ ਅਤੇ ਸਮਾਜਿਕ ਇਕੱਤਰਤਾਵਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜਿਕ ਇਕੱਠ ਜਿੱਥੇ ਸੀਨੀਅਰਾਂ ਦੀ ਇਕੱਲੇਪਨ ਨੂੰ ਦੂਰ ਕਰਦੇ ਹਨ, ਉੱਥੇ ਇਹ ਉਨ੍ਹਾਂ ਨੂੰ ਖ਼ੁਸ਼ ਅਤੇ ਇੱਕਮੁੱਠ ਰੱਖਦੇ ਹਨ।
ਇਸ ਮੌਕੇ ਸ. ਰਘਬੀਰ ਸਿੰਘ ਵਡੇਰਾ ਤੇ ਸ਼੍ਰੀਮਤੀ ਸੁਰਜੀਤ ਕੌਰ ਵਡੇਰਾ ਦੇ ਵਿਆਹ ਦੀ 50ਵੀਂ ਵਰ੍ਹੇ-ਗੰਢ ਕੇਕ ਕੱਟ ਕੇ ਮਨਾਈ ਗਈ। ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਬੁੱਕੇ ਭੇਂਟ ਕੀਤੇ ਗਏ ਅਤੇ ਮੈਂਬਰਾਂ ਨੇ ਗੀਤ ਗਾ ਕੇ, ਗਿੱਧਾ ਤੇ ਭੰਗੜਾ ਪਾ ਕੇ ਉਨ੍ਹਾਂ ਦਾ ਇਹ ਯਾਦਗਾਰੀ-ਦਿਹਾੜਾ ਮਨਾਇਆ। ਪਰਵਿੰਦਰ ਸਿੰਘ ਸਰਲ ਦੇ ਮਿਊਜ਼ੀਕਲ ਗਰੁੱਪ ਵੱਲੋਂ ਗੀਤ ਗਾ ਕੇ ਹਾਜ਼ਰੀਨ ਦਾ ਵਧੀਆ ਮਨੋਰੰਜਨ ਕੀਤਾ ਗਿਆ। ਮਰਵਾਹਾ ਫੈਮਿਲੀ ਦੇ ਸ਼ਾਨਦਾਰ ਡਾਂਸ ਨੇ ਦਰਸ਼ਕਾਂ ਦਾ ਮਨ ਮੋਹਿਆ। ਸਾਰੇ ਮੈਂਬਰਾਂ ਨੇ ਗਿੱਧੇ, ਭੰਗੜੇ ਅਤੇ ਹੋਰ ਮਨੋਰੰਜਕ ਆਈਟਮਾਂ ਦਾ ਖ਼ੂਬ ਅਨੰਦ ਮਾਣਿਆ।
ਸਮਾਗਮ ਦੇ ਮੁੱਖ-ਮਹਿਮਾਨ ਮਾਣਯੋਗ ਮੰਤਰੀ ਮਨਿੰਦਰ ਸਿੰਘ ਸਿੱਧੂ ਵੱਲੋਂ ਸਮੂਹ ਮੈਂਬਰਾਂ ਨਾਲ ਵਿਸਾਖੀ ਅਤੇ ਸਿੱਖ ਵਿਰਾਸਤੀ ਮਹੀਨੇ ਦੀ ਮੁਬਾਰਕਬਾਦ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਤਾਕਤ ਇਸ ਦੀ ਵਿਭਿੰਨਤਾ ਵਿੱਚ ਹੈ ਅਤੇ ਇੱਥੇ ਸਾਰੀਆਂ ਕਮਿਊਨਿਟੀਆਂ ਮਿਲ਼ ਕੇ ਆਪਣੇ ਸੱਭਿਆਚਾਰਕ ਤਿਓਹਾਰ ਮਨਾਉਂਦੀਆਂ ਹਨ। ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਭਾਰੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸੀਨੀਅਰ ਸਾਡੀ ਕਮਿਊਨਿਟੀ ਦੇ ਨੀਂਹ-ਪੱਥਰ ਹਨ। ਉਨ੍ਹਾਂ ਦਾ ਮਾਣ ਤੇ ਇੱਜ਼ਤ ਕਰਨਾ ਅਤੇ ਉਨ੍ਹਾਂ ਨੂੰ ਸਮਾਜਿਕ ਤੌਰ ‘ਤੇ ਚੇਤੰਨ ਤੇ ਚੁਸਤ-ਦਰੁਸੱਤ ਰੱਖਣਾ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ।
ਸਿਟੀ ਕੌਂਸਲਰ ਨਵਜੀਤ ਕੌਰ ਬਰਾੜ ਨੇ ਸਾਰਿਆਂ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ-ਦਿਵਸ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਕਿਹਾ ਕਿ ਮੈਨੂੰ ਸੀਨੀਅਰਾਂ ਵੱਲੋਂ ਇਹ ਤਿਓਹਾਰ ਇੰਜ ਖੁਸ਼ੀਆਂ ਤੇ ਖੇੜਿਆਂ ਨਾਲ ਮਨਉਂਦੇ ਵੇਖ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਅਜਿਹੇ ਸਮਾਜਿਕ ਇਕੱਠ ਸਾਡੀਆਂ ਕਮਿਊਨਿਟੀਆਂ ਦੀਆਂ ਭਾਈਚਾਰਕ ਦੀਆਂ ਆਪਸੀ ਤੰਦਾਂ ਨੂੰ ਮਜ਼ਬੂਤ ਕਰਦੇ ਹਨ।
ਸਮਾਗਮ ਦੇ ਅਖ਼ੀਰ ਵੱਲ ਵੱਧਦਿਆਂ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਇਸ ਸਮਾਗਮ ਨੂੰ ਸਫ਼ਲ ਬਨਾਉਣ ਲਈ ਸਮੂਹ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਟੀਮ ਵਜੋਂ ਕੀਤੀ ਗਈ ਮਿਹਨਤ ਅਤੇ ਸਾਂਝੇ ਯਤਨਾਂ ਨਾਲ ਹੀ ਸਫ਼ਲ ਹੁੰਦੇ ਹਨ। ਉਨ੍ਹਾਂ ਵੱਲੋਂ ਆਏ ਮਹਿਮਾਨਾਂ, ਕਾਰਜਕਾਰਨੀ ਟੀਮ ਦੇ ਮੈਂਬਰਾਂ, ਵਾਲੰਟੀਅਰਾਂ ਤੇ ਮਨੋਰੰਜਕ ਪ੍ਰੋਗਰਾਮਾਂ ਵਿਚ ਭਾਗ ਲੈਣ ਵਾਲਿਆਂ ਦਾ ਦਿਲੀ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਵੀ ਇੰਜ ਹੀ ਮਿਲ਼ ਕੇ ਅਜਿਹੇ ਭਾਵਪੂਰਤ ਅਤੇ ਮਨੋਰੰਜਕ ਈਵੈਂਟ ਮਨਾਉਣ ਦੀ ਉਮੀਦ ਜਤਾਈ ਗਈ।







