21.1 C
Toronto
Sunday, September 13, 2026
spot_img
Homeਕੈਨੇਡਾਫੈਡਰਲ ਸਰਕਾਰ ਨੇ ਗਰੌਸਰੀ ਤੇ ਹੋਰ ਜ਼ਰੂਰੀ ਵਸਤਾਂ ਲਈ ਰਾਹਤ ਦੇਣ ਤੇ...

ਫੈਡਰਲ ਸਰਕਾਰ ਨੇ ਗਰੌਸਰੀ ਤੇ ਹੋਰ ਜ਼ਰੂਰੀ ਵਸਤਾਂ ਲਈ ਰਾਹਤ ਦੇਣ ਤੇ ਗੈਸ ਦੀਆਂ ਕੀਮਤਾਂ ਘੱਟ ਕਰਨ ਲਈ ਕਈ ਕਦਮ ਚੁੱਕੇ : ਸੋਨੀਆ ਸਿੱਧੂ

ਫੈਡਰਲ ਸਰਕਾਰ ਨੇ ਗਰੌਸਰੀ ਤੇ ਹੋਰ ਜ਼ਰੂਰੀ ਵਸਤਾਂ ਲਈ ਰਾਹਤ ਦੇਣ ਤੇ ਗੈਸ ਦੀਆਂ ਕੀਮਤਾਂ ਘੱਟ ਕਰਨ ਲਈ ਕਈ ਕਦਮ ਚੁੱਕੇ : ਸੋਨੀਆ ਸਿੱਧੂਬਰੈਂਪਟਨ/ਬਿਊਰੋ ਨਿਊਜ਼
ਗਰੌਸਰੀ ਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਕੈਨੇਡਾ-ਵਾਸੀਆਂ ਨੂੰ ਰਾਹਤ ਦੇਣ ਲਈ ਫ਼ੈੱਡਰਲ ਸਰਕਾਰ ਵੱਲੋਂ ਕਈ ਮਹੱਤਵਪੂਰਨ ਕਦਮ ਉਠਾਏ ਜਾ ਰਹੇ ਹਨ। ਇਸਦੇ ਨਾਲ ਹੀ ਸਰਕਾਰ ਗੈਸ ਪੰਪਾਂ ਉੱਪਰ ਉਪਲੱਭਧ ਪੈਟਰੋਲ ਅਤੇ ਡੀਜ਼ਲ ਉੱਤੇ ਲੱਗਣ ਵਾਲੇ ਫੈੱਡਰਲ ਐਕਸਾਈਜ਼ ਟੈਕਸ ਵਿੱਚ ਪ੍ਰਤੀ ਲਿਟਰ 10 ਸੈਂਟ ਤੱਕ ਦੀ ਕਟੌਤੀ ਕਰ ਰਹੀ ਹੈ।
‘ਕੈਨੇਡਾ ਰੈਵੇਨਿਊ ਏਜੰਸੀ ਐਂਡ ਫ਼ਾਈਨਾਂਸ਼ੀਅਲ ਇੰਸਟੀਚਿਊਸ਼ਨਜ਼’ ਦੇ ਮਾਣਯੋਗ ਸੈਕਟਰੀ ਆਫ਼ ਸਟੇਟ ਵੇਨ ਲੌਂਗ ਵੱਲੋਂ ਨਵੇਂ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ੀਅਲ ਬੈਨੀਫਿਟਸ’ ਦੇ ਟਰਾਂਜ਼ਿਟ ਹਿੱਸੇ ਵਜੋਂ 5 ਜੂਨ 2026 ਤੋਂ ਯੋਗ ਕੈਨੇਡਾ-ਵਾਸੀਆਂ ਨੂੰ ਇੱਕ ਵਾਰ ਲਈ ਜੀਐਸਟੀ/ਐੱਚਐੱਸਟੀ ਕਰੈਡਿਟ ਟੌਪ-ਅੱਪ (‘ਵੰਨ ਟਾਈਮ ਜੀਐਸਟੀ/ਐੱਚਐੱਸਟੀ ਕਰੈਡਿਟ ਟੌਪ-ਅੱਪ’) ਦਿੱਤਾ ਜਾ ਰਿਹਾ ਹੈ।
ਇਹ ਇੱਕ ਵਾਰ ਦੀ (ਵੰਨ-ਟਾਈਮ) ਪੇਅਮੈਂਟ 2025-26 ਦੇ 3 ਜੁਲਾਈ 2026 ਤੋਂ ਆਰੰਭ ਹੋਣ ਵਾਲੇ ਬੈਨੀਫਿਟ ਸਾਲ ਲਈ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ੀਅਲ ਬੈਨੀਫਿਟਸ’ ਜੀਐਸਟੀ/ਐੱਚਐੱਸਟੀ ਦੀ ਥਾਂ ਲਵੇਗਾ ਅਤੇ ਇਹ ਆਉਂਦੇ ਪੰਜ ਸਾਲਾਂ ਲਈ ਕੈਨੇਡਾ-ਵਾਸੀਆਂ ਨੂੰ 25% ਵਧੇਰੇ ਤਿਮਾਹੀ ਰਾਸ਼ੀ ਪ੍ਰਦਾਨ ਕਰੇਗਾ। ਸਰਕਾਰ ਵੱਲੋਂ ਲਏ ਗਏ ਇਹ ਕਦਮ 12 ਮਿਲੀਅਨ ਕੈਨੇਡਾ-ਵਾਸੀਆਂ ਦੀ ਵਿੱਤੀ ਸਹਾਇਤਾ ਕਰਨਗੇ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਇਹ ਇੱਕ ਵਾਰ ਦਿੱਤੀ ਜਾ ਰਹੀ ਵਿੱਤੀ-ਸਹਾਇਤਾ ਇਸ ਸਮੇਂ ਚੱਲ ਰਹੇ ਵਿੱਤੀ ਲਾਭਾਂ ਦੇ ਨਾਲ ਇਸ ਚੁਣੌਤੀ ਭਰੇ ਸਮੇਂ ਵਿੱਚ ਲੋਕਾਂ ਲਈ ਘਰੇਲੂ ਖ਼ਰਚਿਆਂ ਨੂੰ ਆਮ ਵਾਂਗ ਚੱਲਦੇ ਰੱਖਣ ਅਤੇ ਆਪਣੇ ਬੱਜਟ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਮਿਲੇਗੀ।”
2026 ਵਿੱਚ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ੀਅਲ ਬੈਨੀਫਿਟਸ’ ਚਾਰ ਮੈਂਬਰਾਂ ਦੇ ਪਰਿਵਾਰ ਲਈ 1890 ਡਾਲਰ ਅਤੇ ਇਕੱਲੇ ਵਿਅੱਕਤੀ ਲਈ 950 ਡਾਲਰ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰ ਸਕਦਾ ਹੈ ਅਤੇ ਇਸ ‘ਵੰਨ ਟਾਈਮ ਟੌਪ-ਅੱਪ’ ਨਾਲ ਚੱਲ ਰਹੀਆਂ ਤਿਮਾਹੀ ਵਿੱਤੀ-ਸਹਾਇਤਾ ਕਿਸ਼ਤਾਂ ਵਿੱਚ ਵਾਧਾ ਹੋਵੇਗਾ। ਕੈਨੇਡਾ-ਵਾਸੀਆਂ ਨੂੰ ਦਿੱਤੀ ਜਾ ਰਹੀ ਇਹ ਸਹਾਇਤਾ ਵਧ ਰਹੀਆਂ ਕੀਮਤਾਂ ਅਤੇ ਜਰੂਰੀ ਸਮਾਨ ਦੀਆਂ ਲਾਗਤਾਂ ਨੂੰ ਸੰਭਾਲਣ ਵਿੱਚ ਮਦਦ ਕਰਨ ਲਈ ਹੈ, ਕਿਉਂਕਿ 2020 ਤੋਂ ਲੈ ਕੇ ਗਰੌਸਰੀ ਦੀਆਂ ਕੀਮਤਾਂ ਮਹਿੰਗਾਈ ਦੀ ਦਰ ਤੋਂ ਤੇਜ਼ੀ ਨਾਲ ਵਧੀਆਂ ਹਨ, ਜਿਸ ਨਾਲ ਔਸਤ ਪਰਿਵਾਰ ਲਈ ਲਗਭਗ 782 ਡਾਲਰ ਦਾ ਵਾਧੂ ਖਰਚਾ ਵਧ ਗਿਆ ਹੈ।
ਜਿਹੜੇ ਕੈਨੇਡਾ-ਵਾਸੀਆਂ ਨੇ ਸਾਲ 2024 ਦੀ ਟੈਕਸ ਰਿਟਰਨ ਭਰੀ ਹੈ ਅਤੇ ਉਹ ਜਨਵਰੀ 2026 ਤੋਂ ਜੀਐੱਸਟੀ/ਐੱਚਐੱਸਟੀ ਕਰੈਡਿਟ ਲੈਣ ਦੇ ਯੋਗ ਹਨ, ਉਨ੍ਹਾਂ ਨੂੰ ਇਹ ਇੱਕ ਵਾਰ ਦੀ (‘ਵੰਨ-ਟਾਈਮ) ਪੇਅਮੈਂਟ’ 6 ਜੂਨ 2026 ਨੂੰ ਆਪਣੇ ਆਪ ਮਿਲ ਜਾਏਗੀ ਅਤੇ ਇਸਦੇ ਲਈ ਵੱਖਰੇ ਤੌਰ ‘ਤੇ ਅਰਜ਼ੀਆਂ ਦੇਣ ਦੀ ਲੋੜ ਨਹੀਂ ਹੈ। ਕੁਝ ਕੇਸਾਂ ਵਿੱਚ ਇਹ ਪੇਅਮੈਂਟ ਜੀਐੱਸਟੀ/ਐੱਚਐੱਸਟੀ ਕਰੈਡਿਟ ਵਜੋਂ ਅਜੇ ਵੀ ਕੈਨੇਡਾ ਰੈਵੀਨਿਊ ਏਜੰਸੀ ਦੇ ਖ਼ਾਤਿਆਂ ਵਿੱਚ ਰਹਿ ਸਕਦੀ ਹੈ।
3 ਜੁਲਾਈ 2026 ਤੋਂ ਆਰੰਭ ਹੋ ਕੇ ਅੱਗੋਂ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ੀਅਲ ਬੈਨੀਫਿਟਸ’ ਜੀਐੱਸਟੀ/ਐੱਚਐੱਸਟੀ ਕਰੈਡਿਟ ਦੀ ਥਾਂ ਲੈ ਲਵੇਗਾ ਜਿਸ ਨਾਲ ਸਾਲ 2025 ਦੀਆਂ ਵਿਅੱਕਤੀਗਤ ਟੈਕਸ ਰਿਟਰਨਾਂ ਦੇ ਆਧਾਰ ‘ਤੇ ਤਿਮਾਹੀ ਮਿਲਣ ਵਾਲੀਆਂ ਕਿਸ਼ਤਾਂ ਵਿੱਚ ਵਾਧਾ ਹੋ ਜਾਏਗਾ।
ਇਸ ਨਵੇਂ ਬੈਨੀਫਿਟ ਦੇ ਨਾਲ ਹੀ ਇਸ ਹਫਤੇ ਗੈਸ ਦੀਆਂ ਕੀਮਤਾਂ ਉੱਪਰ ਫ਼ੈੱਡਰਲ ਫਿਊਲ ਐਕਸਾਈਜ਼ ਟੈਕਸ 20 ਅਪ੍ਰੈਲ ਤੋਂ 7 ਸਤੰਬਰ 2026 ਤੱਕ ਅਸਥਾਈ ਤੌਰ ‘ਤੇ ਮੁਅੱਤਲ ਕੀਤਾ ਗਿਆ ਹੈ। ਫ਼ੈਡਰਲ ਸਰਕਾਰ ਵੱਲੋਂ ਲਏ ਗਏ ਇਸ ‘ਅਫੋਰਡੇਬਿਲਟੀ’ ਕਦਮ ਨਾਲ ਗੈਸੋਲੀਨ ਦੀਆਂ ਕੀਮਤਾਂ ਵਿੱਚ 10 ਸੈਂਟ ਪ੍ਰਤੀ ਲਿਟਰ ਦੀ ਕਮੀ ਹੋਵੇਗੀ ਜਿਸਨਾਲ ਪਰਿਵਾਰਾਂ ਅਤੇ ਕਮਿਊਨਿਟੀਆਂ ਨੂੰ ਹੋਰ ਰਾਹਤ ਮਿਲ ਸਕੇਗੀ।
ਸੋਨੀਆ ਸਿੱਧੂ ਨੇ ਕਿਹਾ, ”ਅਫੋਰਡੇਬਿਲਟੀ ਦਾ ਇੱਥੇ ਭਾਵ ਹੈ, ਐਕਸ਼ਨ ਲੈਣਾ ਜਿੱਥੇ ਇਸਦੀ ਬਹੁਤ ਲੋੜ ਹੈ। ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ ਦੇ ਖ਼ਰਚਿਆਂ ਨੂੰ ਘੱਟ ਕਰਨਾ ਅਤੇ ਆਮਦਨੀ ਦੇ ਵਸੀਲੇ ਮਜ਼ਬੂਤ ਕਰਨ ਨਾਲ ਅਸੀਂ ਕੈਨੇਡਾ-ਵਾਸੀਆਂ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਉਂਦੇ ਹਾਂ, ਜਿੱਥੇ ਉਨ੍ਹਾਂ ਨੂੰ ਇਸਦੀ ਬਹੁਤ ਜ਼ਰੂਰਤ ਹੈ।”
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ canada.ca ‘ਤੇ ਜਾਇਆ ਜਾ ਸਕਦਾ ਹੈ।

 

 

RELATED ARTICLES
POPULAR POSTS