ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਰੈਜ਼ੀਡੈਂਸ਼ੀਅਲ ਸਕੂਲਾਂ ਦੁਆਲੇ ਵੱਡੀ ਗਿਣਤੀ ਵਿਚ ਮਿਲੀਆਂ ਮੂਲ ਨਿਵਾਸੀ ਬੱਚਿਆਂ ਦੀਆਂ ਕਬਰਾਂ ਦੇ ਦੁਖਾਂਤ ਬਾਰੇ ਹੋਰ ਵਿਚਾਰ ਵਟਾਂਦਰਾ ਕਰਨ ਲਈ ਲੰਘੇ ਐਤਵਾਰ ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਇੱਕ ਵੈਬ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਬ੍ਰਿਟਿਸ਼ ਕੋਲੰਬੀਆ ਦੀ ਕੈਮਲੂਪਸ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਿੰਦਰ ਧੰਜਲ ਨੇ ਬੜੇ ਵਿਸਥਾਰ ਵਿਚ, 7 ਕਰੋੜ ਡਾਲਰ ਤੋਂ ਵੱਧ ਖਰਚੇ ਕਰਕੇ 8 ਸਾਲਾਂ ਵਿਚ ਸਰਕਾਰ ਦੁਆਰਾ ਬਣਾਏ ਕਮਿਸ਼ਨ ਵਲੋਂ ਇਕੱਠੀ ਕੀਤੀ ਜਾਣਕਾਰੀ ‘ਤੇ ਅਧਾਰਤ ਰਿਪੋਰਟ ”ਸੱਚ ਅਤੇ ਪੁਨਰਮਿਲਣ” ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।
ਕਮਿਸ਼ਨ ਨੇ 6500 ਤੋਂ ਵੱਧ ਗਵਾਹਾਂ ਦੇ ਬਿਆਨ ਰਿਕਾਰਡ ਕੀਤੇ, ਰੈਜ਼ੀਡੈਂਸ਼ੀਅਲ ਸਕੂਲਾਂ ਦਾ ਇਤਿਹਾਸ ਅੰਕਿਤ ਕੀਤਾ, ਸਰਕਾਰ ਦੁਆਰਾ 50 ਲੱਖ ਤੋਂ ਵੱਧ ਦਿੱਤੇ ਦਸਤਾਵੇਜ਼ ਹੰਗਾਲੇ, ਰਿਪੋਰਟ ਨੂੰ 6 ਕਿਤਾਬਾਂ ਦਾ ਰੂਪ ਦਿੱਤਾ ਅਤੇ ਉੇਸ ਵਿਚ ਸਰਕਾਰ ਨੂੰ ਮੂਲ ਨਿਵਾਸੀਆਂ ਨਾਲ ਨਿਆਂ ਕਰਨ ਹਿੱਤ 94 ਨੁਕਤਿਆਂ ‘ਤੇ ਅਮਲ ਕਰਨ ਲਈ ਕਿਹਾ।
ਪ੍ਰੋਫੈਸਰ ਧੰਜਲ ਨੇ ਇਸ ਰਿਪੋਰਟ ਵਿਚੋਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਨਤੀਜਾ ਕੱਢਿਆ ਕਿ ਵਿਕਾਸਸ਼ੀਲ ਦੇਸ਼ਾਂ ਦੀਆਂ ਸਰਕਾਰਾਂ ਵਾਂਗ, ਕੈਨੇਡਾ ਦੀ ਸਰਕਾਰ ਨੇ ਵੀ ਇਸ ਰਿਪੋਰਟ ਦੀਆਂ ਕੁਝ ਕੁ ਸਿਫਾਰਸ਼ਾਂ ਨੂੰ ਹੀ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਨਾਮ ਕਬਰਾਂ ਦੇ ਮਿਲਣ ਨੇ ਲੋਕਾਂ ਦਾ ਇਸ ਰਿਪੋਰਟ ਵੱਲ ਧਿਆਨ ਖਿਚਿਆ ਹੈ, ਨਹੀਂ ਤਾਂ 2015 ਵਿਚ ਇਸਦੇ ਮੁਕੰਮਲ ਹੋਣ ਤੋਂ ਬਾਅਦ ਕਿਸੇ ਧਿਰ ਵਲੋਂ ਇਸ ਦੀ ਕੋਈ ਵਿਸ਼ੇਸ਼ ਪਰਖ ਪੜਤਾਲ ਨਹੀਂ ਕੀਤੀ ਗਈ। ਵੈਬ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਕੈਨੇਡਾ ਭਰ ਵਿਚੋਂ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਬਸਤੀਵਾਦੀ ਅੰਗਰੇਜ਼ ਹਕੂਮਤ ਵਲੋਂ ਮੂਲ ਨਿਵਾਸੀਆਂ ਦੇ ਕੁਦਰਤੀ ਸ੍ਰੋਤ, ਜਲ, ਜੰਗਲ, ਜ਼ਮੀਨ, ਧਾਤਾਂ, ਖਣਿੱਜ ਆਦਿ ਖੋਂਹਦਿਆਂ, ਉਨ੍ਹਾਂ ਨੂੰ ਸੱਭਿਅਕ ਬਣਾਉਣ ਦੇ ਨਾਮ ਤੇ, ਰੈਜ਼ੀਡੈਂਸ਼ੀਅਲ (ਰਿਹਾਇਸ਼ੀ) ਸਕੂਲਾਂ ਵਿਚ ਪੜ੍ਹਾਉਣ ਦੀ ਗੱਲ ਕਹਿੰਦਿਆਂ, ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਕੋਲੋ, ਜਬਰੀ, ਬੜੀ ਛੋਟੀ ਉਮਰ ਵਿਚ ਖੋਹ ਕੇ ਲਿਆਂਦਾ ਜਾਂਦਾ ਰਿਹਾ, ਮਾੜੀਆਂ ਹਾਲਤਾਂ ਵਿਚ ਰੱਖਿਆ ਗਿਆ ਅਤੇ ਉਨ੍ਹਾਂ ‘ਤੇ ਅਣਮਨੁੱਖੀ ਅਤਿਆਚਾਰ ਕੀਤੇ ਗਏ, ਜਿਸ ਦੌਰਾਨ ਕਈਆਂ ਦੀ ਮੌਤ ਹੋ ਗਈ।
ਮੌਤ ਉਪਰੰਤ ਬਿਨਾ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਿਆਂ ਬੱਚਿਆਂ ਨੂੰ ਦਫਨਾ ਦਿੱਤਾ ਜਾਂਦਾ ਰਿਹਾ। ਵੱਡੀ ਗਿਣਤੀ ਵਿਚ ਇਨ੍ਹਾਂ ਸਕੂਲਾਂ ਵਿਚ ਮਿਲ ਰਹੀਆਂ ਬੇਨਾਮ ਕਬਰਾਂ ਕਾਰਨ, ਕੈਨੇਡਾ ਦੇ ਇਤਿਹਾਸ ਦਾ ਇਹ ਦੌਰ ਚਰਚਾ ਵਿਚ ਹੈ।
ਸੈਮੀਨਾਰ ਨੂੰ ਸ਼ੁਰੂ ਕਰਦਿਆਂ, ਬਲਦੇਵ ਰਹਿਪਾ ਨੇ ਕਿਹਾ ਕਿ ਕਰੋਨਾ ਦੀਆਂ ਰੋਕਾਂ ਘਟਣ ਤੇ ਮੂਲ ਨਿਵਾਸੀਆਂ ਨਾਲ ਮਿਲ ਕੇ ਕੋਈ ਸਾਂਝਾ ਪ੍ਰੋਗਰਾਮ ਕਰਨ ਬਾਰੇ ਉੱਦਮ ਕਰਨੇ ਚਾਹੀਦੇ ਹਨ। ਪ੍ਰਧਾਨਗੀ ਕਰ ਰਹੇ ਬਾਈ ਅਵਤਾਰ ਨੇ ਪ੍ਰੋਫੈਸਰ ਧੰਜਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਕੰਮਾਂ ਦੇ ਨਾਲ ਨਾਲ ਉਹ ਸਮਾਜਿਕ ਜਥੇਬੰਦੀਆਂ ਵਿਚ ਵੀ ਬੜੇ ਸਰਗਰਮ ਹਨ ਅਤੇ ਪੰਜਾਬੀ ਭਾਈਚਾਰੇ, ਪੰਜਾਬੀ ਬੋਲੀ ਲਈ ਖਾਸ ਤੌਰ ‘ਤੇ ਯਤਨਸ਼ੀਲ ਰਹਿੰਦੇ ਹਨ।
ਬਲਵਿੰਦਰ ਬਰਨਾਲਾ ਨੇ ਪ੍ਰੋਗਰਾਮ ਦੇ ਆਖੀਰ ਵਿਚ ਸਭ ਦਾ ਧੰਨਵਾਦ ਕੀਤਾ। ਸੈਮੀਨਾਰ ਦਾ ਤਕਨੀਕੀ ਪ੍ਰਬੰਧ ਨਵਕਿਰਨ ਅਤੇ ਨਿਰਮਲ ਸੰਧੂ ਨੇ ਬਾਖੂਬੀ ਸੰਭਾਲਿਆ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲੈਣ ਲਈ ਬਰੈਂਪਟਨ ਵਿਚ ਬਲਦੇਵ ਰਹਿਪਾ (416 881 7202) ਜਾਂ ਵੈਨਕੂਵਰ ਵਿਚ ਬਾਈ ਅਵਤਾਰ ਗਿੱਲ (604 728 7011) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …