ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀਂ ਸੀਨੀਅਰਜ਼ ਬੀਬੀਆਂ ਵਲੋਂ ਰੈਡ ਵਿੱਲੋ ਪਾਰਕ ਬਰੈਂਪਟਨ ਵਿੱਚ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ। ਇਸਦੀ ਅਗਵਾਈ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀ ਡਾਇਰੈਕਟਰ ਮਹਿੰਦਰ ਕੌਰ ਪੱਡਾ, ਬੇਅੰਤ ਕੌਰ, ਪਰਕਾਸ਼ ਕੌਰ, ਚਰਨਜੀਤ ਕੌਰ ਰਾਏ ਤੇ ਹੋਰ ਸਰਗਰਮ ਬੀਬੀਆਂ ਨੇ ਕੀਤੀ। ਤੀਆਂ ਦਾ ਇਹ ਮੇਲਾ ਦੁਪਿਹਰ ਬਾਰਾਂ ਵਜੇ ਤੋਂ ਸ਼ਾਮ ਤੱਕ ਨਿਰਵਿਘਨ ਜਾਰੀ ਰਿਹਾ। ਪ੍ਰਬੰਧਕਾਂ ਵਲੋਂ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਬੱਚੀਆਂ, ਮੁਟਿਆਰਾਂ ਅਤੇ ਬਜ਼ੁਰਗ ਔਰਤਾਂ ਲਈ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਸੀ। ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਜਲੇਬੀਆਂ, ਪਕੌੜੇ, ਢੋਕਲਾਂ, ਸਮੋਸੇ, ਗੁਲਾਬ ਜਾਮਣਾਂ ਸਮੇਤ ਬਹੁਤ ਸਾਰੀਆਂ ਚੀਜ਼ਾਂ ਤੋਂ ਬਿਨਾਂ ਠੰਡੇ ਅਤੇ ਚਾਹ ਲਗਾਤਾਰ ਵਰਤਾਏ ਗਏ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਸੀ ਜਿਸ ਦਾ ਆਨੰਦ ਸਭ ਨੇ ਮਿਲ ਕੇ ਮਾਣਿਆ। ਫਿਰ ਵਾਰੀ ਆਈ ਤੀਆਂ ਦੇ ਅਸਲੀ ਰੰਗ ਦੀ। ਅੱਠ ਸਾਲ ਦੀਆਂ ਬੱਚੀਆਂ ਤੋਂ ਲੈ ਕੇ ਅੱਸੀ ਸਾਲ ਤੱਕ ਦੀਆਂ ਬਜ਼ੁਰਗ ਔਰਤਾਂ ਨੇ ਆਪਣੀ ਆਪਣੀ ਸਮਰੱਥਾ ਅਨੁਸਾਰ ਬੋਲੀਆਂ ਅਤੇ ਗਿੱਧੇ ਨਾਲ ਐਸਾ ਪਿੜ ਬੰਨ੍ਹਿਆਂ ਕਿ ਇਹ ਪ੍ਰੋਗਰਾਮ ਸ਼ਾਮ ਤੱਕ ਚਲਦਾ ਰਿਹਾ। ਗਿੱਧੇ ਅਤੇ ਬੋਲੀਆਂ ਵਿੱਚ ਮਲਵਈ, ਮਾਝਾ ਅਤੇ ਦੁਆਬਾ ਰੰਗ ਝਲਕਦਾ ਸੀ। ਹਰ ਉਮਰ ਤੇ ਹਰ ਇਲਾਕੇ ਦੀਆਂ ਔਰਤਾਂ ਦਾ ਬੇਮਿਸਾਲ ਇਕੱਠ ਸੀ। ਲੱਗਦਾ ਸੀ ਕਿ ਕੈਨੇਡਾ ਦੀ ਧਰਤੀ ਤੇ ਸੱਚਮੁਚ ਹੀ ਪੰਜਾਬ ਦੀਆਂ ਤੀਆਂ ਆ ਉੱਤਰੀਆਂ ਹੋਣ। ਦੁਪਿਹਰ ਤੋਂ ਲੈ ਕੇ ਸ਼ਾਮ ਤੱਕ ਸਭ ਨੇ ਤੀਆਂ ਦੇ ਇਸ ਮੇਲੇ ਦਾ ਰੰਗ ਮਾਣ ਕੇ ਮਾਨਸਿਕ ਤ੍ਰਿਪਤੀ ਹਾਸਲ ਕੀਤੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …