ਬਰੈਂਪਟਨ ਸਾਊਥ ਦੇ ਵਸਨੀਕਾਂ ਨੇ ਲਿਬਰਲ ਪਾਰਟੀ ਦੀਆਂ ਲੋਕ-ਪੱਖੀ ਪਾਲਿਸੀਆਂ ਨੂੰ ਮੁੜ ਤੋਂ ਚੁਣਿਆ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਤੋਂ ਲਗਾਤਾਰ ਤੀਸਰੀ ਵਾਰ ਵੱਡੀ ਲੀਡ ਨਾਲ ਫੈਡਰਲ ਚੋਣਾਂ ਵਿਚ ਜਿੱਤ ਹਾਸਲ ਕੀਤੀ ਗਈ ਹੈ। ਇਸ ਮੌਕੇ ਜਿੱਥੇ ਉਹਨਾਂ ਨੇ ਬਰੈਂਪਟਨ ਸਾਊਥ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੁੜ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਉਥੇ ਹੀ ਨਾਲ ਹੀ ਉਹਨਾਂ ਨੇ ਆਪਣੇ ਸਾਰੇ ਹੀ ਵੋਟਰਾਂ, ਸਪੋਰਟਰਾਂ ਅਤੇ ਵਾਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਉਹਨਾਂ ਦੇ ਕੰਪੇਨ ਵਿਚ ਸਹਿਯੋਗ ਦਿੱਤਾ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਮਿਹਨਤ ਕੀਤੀ।
ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ-ਵਾਸੀਆਂ ਨੇ ਦੁਬਾਰਾ ਬਰੈਂਪਟਨ ਸਾਊਥ ਤੋਂ ਉਹਨਾਂ ਨੂੰ ਜਿਤਾ ਕੇ ਉਨ੍ਹਾਂ ਨੂੰ ਫਿਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਲਿਬਰਲ ਪਾਰਟੀ ਦੀ ਸਰਕਾਰ ਸਾਰਿਆਂ ਦੀਆਂ ਆਸਾਂ ਅਤੇ ਉਮੀਦਾਂ ‘ਤੇ ਖਰੀ ਉੱਤਰੇਗੀ। ਸੋਨੀਆ ਨੇ ਕਿਹਾ ਕਿ ਜਿਵੇਂ ਪਿਛਲੀ ਵਾਰ ਉਹਨਾਂ ਨੇ ਰਿਵਰਵਾਲਕ ਪ੍ਰਾਜੈਕਟ, ਇਲੈਕਟ੍ਰਿਕ ਬੱਸਾਂ, ਸਾਊਥ ਫਲੈਚਰ ਯੂਥ ਹੱਬ, ਅਤੇ ਰਾਇਸਨ ਯੂਨੀਵਰਸਟਿੀ ਵਰਗੇ ਪ੍ਰਾਜੈਕਟਾਂ ਲਈ ਫੈਡਰਲ ਫੰਡਿੰਗ ਲਿਆਉਣ ਦਾ ਵਾਅਦਾ ਪੂਰਾ ਕਰਕੇ ਦਿਖਾਇਆ ਸੀ, ਇਸ ਵਾਰ ਵੀ ਉਹ ਬਰੈਂਪਟਨ ਸ਼ਹਿਰ ਦੇ ਹਰ ਉਹ ਤਿਆਰ ਪ੍ਰਾਜੈਕਟ , ਜਿਸ ਲਈ ਫੈਡਰਲ ਫੰਡਿੰਗ ਲੋੜੀਂਦੀ ਹੋਵੇਗੀ ਅਤੇ ਸ਼ਹਿਰ ਦਾ ਵਿਕਾਸ ਹੋਵੇਗਾ, ਲਈ ਫੰਡਿੰਗ ਲਿਆਉਣ ਲਈ ਵਚਨਬੱਧ ਹਨ। ਕੰਪੇਨ ਬਾਰੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਸ਼ੁਰੂ ਤੋਂ ਹੀ ਸਾਫ ਅਤੇ ਸਾਰਥਕ ਕੰਪੇਨ ਵਿਚ ਯਕੀਨ ਰੱਖਿਆ ਹੈ ਅਤੇ ਪਾਲਿਸੀਆਂ ਦੀ ਗੱਲ ਕੀਤੀ ਹੈ। ਇਹੀ ਕਾਰਨ ਹੈ ਕਿ ਬਰੈਂਪਟਨ ਸਾਊਥ ਦੇ ਵਸਨੀਕਾਂ ਨੇ ਇਸ ਵਾਰ ਮੁੜ ਤੋਂ ਚਾਈਲਡ ਕੇਅਰ, ਪਬਲਿਕ ਹੈਲਥਕੇਅਰ, ਸੀਨੀਅਰਜ਼ ਲਈ ਪੈਨਸ਼ਨ ਅਤੇ ਵਾਤਾਵਰਨ ਤਬਦੀਲੀ ਨੂੰ ਨਜਿੱਠਣ ਲਈ ਮਜ਼ਬੂਤ ਪਲਾਨ ਨੂੰ ਚੁਣਿਆ ਅਤੇ ਉਹਨਾਂ ਨੂੰ ਇਸ ਹਲਕੇ ਦੀ ਨੁਮਾਇੰਦਗੀ ਸੌਂਪੀ ਹੈ ।
ਉਹਨਾਂ ਨੇ ਕਿਹਾ ਕਿ ਚਾਹੇ ਬੱਚਿਆਂ ਲਈ ਚਾਈਲਡ ਕੇਅਰ ਹੋਵੇ, ਸੀਨੀਅਰਜ਼ ਦੀ ਪੈਨਸ਼ਨ ਜਾਂ ਫਿਰ ਨੌਜਵਾਨਾਂ ਲਈ ਵਧੀਆ ਨੌਕਰੀਆਂ ਅਤੇ ਸ਼ੀਹਰ ਦੇ ਇਨਫ੍ਰਾਸਟ੍ਰਕਚਰ ਲਈ ਫੰਡਿੰਗ, ਉਹ ਇਹਨਾਂ ਅਹਿਮ ਮੁੱਦਿਆਂ ‘ਤੇ ਕੰਮ ਕਰਨਾ ਜਾਰੀ ਰੱਖਣਗੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਜਾਣਕਾਰੀ ਜਾਂ ਮਦਦ ਲਈ ਉਹਨਾਂ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।