Breaking News
Home / ਕੈਨੇਡਾ / ਰੈਡ ਵਿੱਲੋ ਕਲੱਬ ਵੱਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ

ਰੈਡ ਵਿੱਲੋ ਕਲੱਬ ਵੱਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ

ਬਰੈਂਪਟਨ/ਹਰਜੀਤ ਬੇਦੀ
ਪਿਛਲੇ ਐਤਵਾਰ ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਬੱਫਰਜ਼ ਪਾਰਕ ਅਤੇ ਬੀਚ ਸਕਾਰਬਰੋਅ ਦਾ ਟੂਰ ਕਲੱਬ ਦੇ ਵਾਈਸ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ। ਸਵੇਰੇ 9:30 ਦੇ ਕਰੀਬ ਰੈੱਡ ਵਿੱਲੋ ਪਾਰਕ ਤੋਂ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਰੀਜ਼ਨਲ ਕੌਂਸਲਰ ਪੈਟ ਫੋਰਟੀਨੀ ਨੇ ਦੋ ਬੱਸਾਂ ਵਿੱਚ ਸਵਾਰ ਪੰਜਾਹ ਦੇ ਕਰੀਬ ਕਲੱਬ ਦੇ ਸੀਨੀਅਰਜ਼ ਮਰਦ ਅਤੇ ਔਰਤਾਂ ਨੂੰ ਟੂਰ ਲਈ ਰਵਾਨਾ ਕੀਤਾ। ਕੋਵਿਡ ਕਾਰਣ ਲੰਬਾ ਸਮਾਂ ਕੋਈ ਸਾਂਝੀ ਸਰਗਰਮੀ ਨਾ ਹੋਣ ਕਾਰਣ ਟੂਰ ‘ਤੇ ਜਾ ਰਹੇ ਮੈਂਬਰਾਂ ਵਿੱਚ ਬਹੁਤ ਹੀ ਉਤਸ਼ਾਹ ਸੀ।
ਬੱਸਾਂ ਚੱਲਣ ਸਮੇਂ ਵਿੱਚ ਟੂਰ ‘ਤੇ ਜਾ ਰਹੇ ਮੈਂਬਰਾਂ ਨੇ ਜੈਕਾਰੇ ਛੱਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੀਨੀਅਰਜ਼ ਦਾ ਇਹ ਗਰੁੱਪ ਤਕਰੀਬਨ ਇੱਕ ਘੰਟੇ ਵਿੱਚ ਬੱਫਰਜ਼ ਪਾਰਕ ਵਿੱਚ ਪਹੁੰਚ ਗਿਆ। ਕਲੱਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਮਿਲਣ ‘ਤੇ ਇਹ ਪਹਿਲਾ ਟੂਰ ਸੀ। ਲੰਬੇ ਸਮੇਂ ਬਾਅਦ ਗਰੁੱਪ ਵਿੱਚ ਘੁੰਮਣ ਦਾ ਮੌਕਾ ਮਿਲਣ ਤੇ ਮੈਂਬਰਾਂ ਨੇ ਸਭ ਤੋਂ ਪਹਿਲਾਂ ਪਾਰਕ ਵਿੱਚ ਘੁੰਮ ਫਿਰ ਕੇ ਕੁਦਰਤੀ ਨਜਾਰਿਆਂ ਦਾ ਆਨੰਦ ਮਾਣਿਆ। ਬਹੁਤ ਸਾਰੇ ਸੀਨੀਅਰਜ਼ ਨੇ ਇੱਕ ਦੂਜੇ ਨੂੰ ਚਿਰ ਬਾਅਦ ਮਿਲਣ ਕਰਕੇ ਆਪਸ ਵਿੱਚ ਦੁੱਖ ਸੁੱਖ ਸਾਂਝੇ ਕੀਤੇ। ਕਈ ਮੈਂਬਰ ਤਾਸ਼ ਖੇਡ ਕੇ ਵੀ ਦਿਲ ਪਰਚਾਵਾ ਕਰ ਰਹੇ ਸਨ।
ਸੁੰਦਰ ਪਾਰਕ ਦੇ ਖੁੱਲ੍ਹੇ ਮਾਹੌਲ ਵਿੱਚ ਬੀਬੀਆਂ ਨੇ ਆਪਣੇ ਸੱਭਿਆਚਾਰ ਤੇ ਬਚਪਨ ਨੂੰ ਯਾਦ ਕਰਦੇ ਹੋਏ ਗਿੱਧਾ ਤੇ ਬੋਲੀਆਂ ਪਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਸੋਲਾਂ ਸਾਲ ਦੀ ਉਮਰ ਵਿੱਚ ਮਿਸ ਕੈਨੇਡਾ ਬਣੀ ਅੰਸ਼ਪ੍ਰੀਤ ਦੀ ਆਪਣੀ ਮਾਤਾ ਨਾਲ ਇਸ ਰੰਗਾ ਰੰਗ ਪ੍ਰੋਗਰਾਮ ਵਿੱਚ ਸ਼ਮੂਲੀਅਤ ਨੇ ਇਸ ਨੂੰ ਚਾਰ ਚੰਦ ਲਾ ਕੇ ਹੋਰ ਵੀ ਆਨੰਦਮਈ ਬਣਾ ਦਿੱਤਾ। ਦੋ ਵਜੇ ਦੇ ਕਰੀਬ ਸਾਰੇ ਮੈਂਬਰਾਂ ਨੇ ਇੱਕ ਥਾਂ ਇਕੱਠੇ ਹੋ ਕੇ ਆਪੋ ਆਪਣੇ ਘਰਾਂ ਤੋਂ ਲਿਆਂਦੇ ਭੋਜਨ ਦਾ ਆਨੰਦ ਮਾਣਿਆਂ। ਇਸ ਉਪਰੰਤ ਸਾਰੇ ਬੱਸਾਂ ਵਿੱਚ ਸਵਾਰ ਹੋ ਕੇ ਪੰਜ ਕੁ ਮਿੰਟ ਵਿੱਚ ਬੱਫਰਜ਼ ਬੀਚ ‘ਤੇ ਪਹੁੰਚ ਗਏ। ਬੀਚ ਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਪਹੁੰਚੇ ਹੋਏ ਸਨ। ਉਹਨਾਂ ਦੇ ਵੱਖ-ਵੱਖ ਪਹਿਰਾਵੇ, ਰੰਗ, ਨਸਲ ਆਦਿ ਕੈਨੇਡਾ ਦੇ ਬਹੁ-ਸਭਿੱਆਚਾਰਕ ਸਮਾਜ ਦਾ ਪ੍ਰਤੱਖ ਸਬੂਤ ਸੀ। ਕਲੱਬ ਮੈਂਬਰਾਂ ਨੇ ਕਾਫੀ ਸਮਾਂ ਨੀਲੇ ਪਾਣੀਆਂ ਦੇ ਕਿਨਾਰੇ ਘੁੰਮ ਕੇ ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣਿਆ। ਲੇਕ ਦੇ ਸਾਹਮਣੇ ਉਚੇ ਉੱਚੇ ਪਹਾੜ ਬਹੁਤ ਹੀ ਰਮਣੀਕ ਨਜ਼ਾਰਾ ਪੇਸ਼ ਕਰ ਰਹੇ ਸਨ। ਅਜਿਹੇ ਸੁੰਦਰ ਦ੍ਰਿਸ਼ ਦੇਖ ਕੇ ਸਾਰੇ ਮਾਨਸਿਕ ਤੌਰ ‘ਤੇ ਤ੍ਰਿਪਤ ਦਿਖਾਈ ਦੇ ਰਹੇ ਸਨ। ਅਖੀਰ ਸ਼ਾਮ ਛੇ ਕੁ ਵਜੇ ਵਾਪਸੀ ਲਈ ਚਾਲੇ ਪਾ ਦਿੱਤੇ। ਰਸਤੇ ਵਿੱਚ ਟਿੱਮ ਹੌਰਟਨ ਤੋਂ ਸਾਰੇ ਮੈਂਬਰਾਂ ਨੂੰ ਕੌਫੀ ਪਿਆਈ ਗਈ। ਰਸਤੇ ਵਿੱਚ ਬੀਚ ਅਤੇ ਪਾਰਕ ਦੀ ਸੁੰਦਰਤਾ ਬਾਰੇ ਗੱਲਾਂ ਕਰਦੇ ਹੋਏ ਸਫਰ ਮੁੱਕਣ ਦਾ ਪਤਾ ਹੀ ਨਾ ਲੱਗਾ। ਬੱਸਾਂ ਤੋਂ ਉੱਤਰ ਕੇ ਕੁਦਰਤ ਦੇ ਸੁੰਦਰ ਨਜ਼ਾਰਿਆਂ ਨੂੰ ਮਨਾਂ ਵਿੱਚ ਸਮੇਟਦੇ ਹੋਏ ਅਤੇ ਅਜਿਹਾ ਹੀ ਹੋਰ ਟੂਰ ਲਾਉਣ ਦੀ ਇੱਛਾ ਰਖਦੇ ਹੋਏ ਆਪੋ ਆਪਣੇ ਆਲ੍ਹਣਿਆ ਵਿੱਚ ਜਾ ਪਹੁੰਚੇ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …