Breaking News
Home / ਕੈਨੇਡਾ / ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ ਡੇਅ’ ਮਨਾਇਆ

ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ ਡੇਅ’ ਮਨਾਇਆ

ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਤੇ ਹਰਜੀਤ ਬੇਦੀ ਨੂੰ ਕੀਤਾ ਸਨਮਾਨਿਤ
ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 3 ਜੁਲਾਈ ਨੂੰ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ ਮਿਲ ਕੇ ਸਥਾਨਕ ‘ਸਲੈਡ ਡੌਗ’ ਵਿਚ ‘ਕੈਨੇਡਾ ਡੇਅ’ ਦੀ 150ਵੀਂ ਵਰ੍ਹੇ-ਗੰਢ ਚਾਵਾਂ ਤੇ ਖ਼ੁਸ਼ੀਆਂ ਨਾਲ ਮਨਾਈ। ਇਸ ਮੌਕੇ ਹੋਏ ਸਮਾਗ਼ਮ ਵਿਚ ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਪੰਜਾਬੀ ਕਮਿਊਨਿਟੀ ਦੇ ਸੈਂਕੜੇ ਮੈਂਬਰਾਂ ਤੋਂ ਇਲਾਵਾ ਪੱਛਮੀ ਪੰਜਾਬ (ਪਾਕਿਸਤਾਨ) ਲਾਹੌਰ ਤੋਂ ਜਨਾਬ ਜ਼ਾਕਰ ਅਲੀ ਸਾਹਿਬ ਨੇ ਵੀ ਸ਼ਿਰਕਤ ਕੀਤੀ ਅਤੇ ਸਮਾਗ਼ਮ ਦੌਰਾਨ ਤਰੰਨਮ ਵਿਚ ਆਪਣੇ ਦੋ ਗੀਤ ਸੁਣਾਏ।
ਸਮਾਗ਼ਮ ਦੇ ਮੁੱਖ-ਬੁਲਾਰੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਨੇ ਹਾਜ਼ਰੀਨ ਕੈਨੇਡਾ ਦੇ 150ਵੇਂ ਜਨਮ-ਦਿਵਸ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਹੋਇਆਂ ਇੱਥੋਂ ਦੇ ਵਧੀਆ ਸਿਸਟਮ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਅਸੀਂ ਸਾਰੇ ਖ਼ੁਸ਼-ਕਿਸਮਤ ਹਾਂ ਕਿ ਸਾਨੂੰ ਇਹੋ ਜਿਹੇ ਵਧੀਆ ਮੁਲਕ ਵਿਚ ਰਹਿਣ ਦਾ ਅਵਸਰ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਗੁਰਬਾਣੀ ਦੀਆਂ ਕਈ ਤੁਕਾਂ ਦੇ ਹਵਾਲੇ ਦੇ ਕੇ ਗੁਰਮਤਿ ਅਨੁਸਾਰ ‘ਜੀਵਨ-ਜਾਚ’ ਦੀ ਗੱਲ ਬੜੇ ਭਾਵ-ਪੂਰਤ ਸ਼ਬਦਾਂ ਵਿਚ ਕੀਤੀ।
ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਨੇਡਾ ਸਾਰੇ ਧਰਮਾਂ, ਫ਼ਿਰਕਿਆਂ, ਰੰਗਾਂ, ਨਸਲਾਂ ਤੇ ਦੇਸ਼ਾਂ ਦੇ ਵਿਅਕਤੀਆਂ ਨੂੰ ਇੱਕੋ ਜਿਹਾ ਮਾਣ-ਸਤਿਕਾਰ ਦਿੰਦਾ ਹੈ। ਕਈ ਲੋਕ ਇੱਥੇ ਆ ਕੇ ਆਪਣੇ ਧਰਮ ਜਾਂ ਦੇਸ਼ ਦੀ ਪਹਿਚਾਣ ਗੁਆ ਕੇ ਇੱਥੋਂ ਦੀਆਂ ਕਮਿਊਨਿਟੀਆਂ ਨਾਲ ਵਿਚਰਨਾ ਚਾਹੁੰਦੇ ਹਨ ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੇ ਧਰਮ ਵਿਚ ਪ੍ਰਪੱਕ ਰਹਿ ਕੇ ਵੀ ਇੱਥੇ ਓਨੀ ਹੀ ਵਧੀਆ ਸੇਵਾ ਕੀਤੀ ਜਾ ਸਕਦੀ ਹੈ ਜਿਵੇਂ ਸਾਡੇ ਕਈ ਐੱਮ.ਪੀ., ਐੱਮ.ਪੀ.ਪੀ. ਅਤੇ ਕਈ ਹੋਰ ਕਰ ਰਹੇ ਹਨ।  ਰਿਜਨਲ ਕਾਊਂਸਲਰ ਜੌਹਨ ਸਪਰੌਵਰੀ ਨੇ ‘ਕੈਨੇਡਾ ਡੇਅ’ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਬੜੀ ਚੰਗੀ ਗੱਲ ਹੈ ਕਿ ਇੱਥੇ ਸਾਰੀਆਂ ਕਮਿਊਨਿਟੀਆਂ ਦੇ ਲੋਕ ਮਿਲ ਕੇ ਕੈਨੇਡਾ ਤੇ ਭਾਰਤ ਦਾ ਆਜ਼ਾਦੀ-ਦਿਵਸ, ‘ਫ਼ਾਦਰਜ਼ ਡੇਅ’, ‘ਮਦਰਜ਼ ਡੇਅ’, ਆਦਿ ਸਾਂਝੇ ਤੌਰ ‘ਤੇ ਮਨਾਉਂਦੇ ਹਨ। ਉਨ੍ਹਾਂ ਬਰੈਮਲੀ ਰੋਡ ‘ਤੇ ਬਣ ਰਹੇ ‘ਕਾਮਾਗਾਟਾ-ਮਾਰੂ ਪਾਰਕ ਤੇ ਪਬਲਿਕ ਲਾਇਬ੍ਰੇਰੀ’ ਅਤੇ ਬਰੈਂਪਟਨ ਵਿਚ ਚੱਲ ਰਹੇ ਹੋਰ ਪ੍ਰਾਜੈਕਟਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।  ਸਕੂਲ-ਟਰੱਸਟੀ ਹਰਕੀਰਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਨਵੀਂ ਪੀੜ੍ਹੀ ਨੂੰ ਕੈਨੇਡਾ ਦੀ ਮੁੱਖ-ਧਾਰਾ ਨਾਲ ਜੋੜਨ ਦੀ ਗੱਲ ਕੀਤੀ। ਉਨ੍ਹਾਂ ਵੱਲੋਂ ਸਕੂਲ ਬੋਰਡ ਵਿਚ ਨੌਜੁਆਨਾਂ ਦੀ ਨੁਮਾਇੰਦਗੀ ਤੇ ‘ਸੇਵਾ ਫ਼ੂਡ ਸੋਸਾਇਟੀ’ ਵੱਲੋਂ ਕਮਿਊਨਿਟੀ ਲਈ ਕੀਤੇ ਜਾ ਰਹੇ ਵਧੀਆ ਕੰਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਆਜ਼ਾਦੀ ਦੇ ਇਹ 150 ਸਾਲ ਵਧੇਰੇ ਕਰਕੇ ਫ਼ਰੈਂਚ ਅਤੇ ਬ੍ਰਿਟਿਸ਼ ਲੋਕਾਂ ਦੇ ਨਾਮ ਹੀ ਰਹੇ ਹਨ ਅਤੇ ਆਉਣ ਵਾਲਾ ਸਮਾਂ ਇੱਥੇ ‘ਮਲਟੀ-ਕਲਚਰਿਜ਼ਮ’ ਦੇ ਨਾਮ ਹੋਵੇਗਾ ਜਿੱਥੇ ਸਾਰੀਆਂ ਕਮਿਊਨਿਟੀਆਂ ਆਪਣਾ ਯੋਗਦਾਨ ਪਾਉਣਗੀਆਂ।  ਡਾ. ਬਲਬੀਰ ਕੌਰ ਸੋਹੀ ਵੱਲੋਂ ਸਿਹਤ ਸੰਭਾਲ, ਖ਼ਾਸ ਤੌਰ ‘ਤੇ ਦੰਦਾਂ ਦੀ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਨੇ ‘ਕੈਨੇਡਾ ਡੇਅ’ ਦੀ ਵਧਾਈ ਦਿੰਦਿਆਂ ਸਾਰਿਆਂ ਨੂੰ ਇਸ ਖ਼ੂਬਸੂਰਤ ਦੇਸ਼ ਵਿਚ ਸੁਚੱਜਾ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ।
ਸਮਾਗ਼ਮ ਦੌਰਾਨ ਡਾ. ਸੁਖਦੇਵ ਸਿੰਘ ਝੰਡ ਤੇ ਹਰਜੀਤ ਬੇਦੀ ਵੱਲੋਂ ਪੱਤਰਕਾਰੀ ਦੇ ਖ਼ੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਸ਼ਾਨਦਾਰ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਕੈਨੇਡਾ ਡੇਅ’ ਦੀ ਮਹੱਤਤਾ ਬਾਰੇ ਬੋਲਦਿਆਂ ਉਨ੍ਹਾਂ ਕਲੱਬ ਵੱਲੋਂ ਸਨਮਾਨਿਤ ਕੀਤੇ ਜਾਣ ‘ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਤਾਜ਼ਾ ਕਵਿਤਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਏਸੇ ਦੌਰਾਨ ਨਾਲ ਲੱਗਦੀ ਸਕੂਲ ਗਰਾਊਂਡ ਵਿਚ 6 ਤੋਂ 7 ਅਤੇ 8 ਤੋਂ 9 ਸਾਲ ਉਮਰ ਵਰਗ ਦੇ ਲੜਕੇ ਤੇ ਲੜਕੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਬੀਬੀਆਂ ਦੀ ‘ਮਿਊਜ਼ੀਕਲ ਰੇਸ’ ਨੇ ਵਾਹਵਾ ਰੰਗ ਬੰਨ੍ਹਿਆਂ। ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਗੁਰਦੇਵ ਸਿੰਘ ਹੰਸਰਾ ਅਤੇ ਸੰਪੂਰਨ ਸਿੰਘ ਚਾਨੀਆ ਵੱਲੋਂ ਬਾਖ਼ੂਬੀ ਨਿਭਾਈ ਗਈ।
ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਨੇ ਆਏ ਮਹਿਮਾਨਾਂ ਅਤੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਅਗੱਸਤ ਮਹੀਨੇ ਵਿਚ ਇੰਜ ਹੀ ਭਾਰਤ ਦਾ ਆਜ਼ਾਦੀ-ਦਿਵਸ ਮਨਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਲੱਬ ਵੱਲੋਂ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …