Breaking News
Home / ਕੈਨੇਡਾ / ਪੰਜਾਬੀ ਪਾਰਲੀਮੈਂਟ ਮੈਂਬਰਾਂ ਵੱਲੋਂ ਬਰੈਂਪਟਨ ਵਿਚ ਨਵਾਂ ਸਾਈਬਰ ਸਕਿਓਰਿਟੀ ਹੱਬ ਬਨਾਉਣ ਲਈ ਫ਼ੈੱਡਰਲ ਸਹਾਇਤਾ ਦਾ ਐਲਾਨ

ਪੰਜਾਬੀ ਪਾਰਲੀਮੈਂਟ ਮੈਂਬਰਾਂ ਵੱਲੋਂ ਬਰੈਂਪਟਨ ਵਿਚ ਨਵਾਂ ਸਾਈਬਰ ਸਕਿਓਰਿਟੀ ਹੱਬ ਬਨਾਉਣ ਲਈ ਫ਼ੈੱਡਰਲ ਸਹਾਇਤਾ ਦਾ ਐਲਾਨ

ਬਰੈਂਪਟਨ : ਕੈਨੇਡਾ ਦੀਆਂ ਪੋਸਟ ਸੈਕੰਡਰੀ ਸੰਸਥਾਵਾਂ ਉੱਚ-ਪੱਧਰ ਦੇ ਸਿੱਖਿਅਤ ਵਰਕਰ ਤਿਆਰ ਕਰਦੀਆਂ ਹਨ ਜੋ ਅੱਗੋਂ ਵੱਖ-ਵੱਖ ਖ਼ੇਤਰਾਂ ਵਿਚ ਸੰਸਾਰ-ਪੱਧਰ ਦੀ ਖੋਜ ਕਰਦਿਆਂ ਹੋਇਆਂ ਨਵੇ-ਨਵੇਂ ਅਹਿਮ ਵਿਚਾਰ ਪੇਸ਼ ਕਰਦੇ ਹਨ। ਜਿਉਂ-ਜਿਉਂ ਅਸੀਂ ਡਿਜੀਟਲ-ਦੁਨੀਆਂ ਵਿਚ ਪ੍ਰਵੇਸ਼ ਹੋ ਕੇ ਇਕ ਦੂਸਰੇ ਨਾਲ ਹੋਰ ਨਜ਼ਦੀਕ ਹੋਈ ਜਾਂਦੇ ਹਾਂ, ਵਰਤਮਾਨ ਸਮੇਂ ਵਿਚ ਅਤੇ ਭਵਿੱਖ ਦੀਆਂ ਨੌਕਰੀਆਂ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਲੋੜੀਦੇ ਸਕਿੱਲ ਪ੍ਰਦਾਨ ਕਰਨ ਲਈ ਇਹ ਸੰਸਥਾਵਾਂ ਹੋਰ ਵੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਮਾਣਯੋਗ ਖੋਜ, ਵਿਗਿਆਨ ਅਤੇ ਵਿਕਾਸ ਮੰਤਰੀ ਨਵਦੀਪ ਬੈਂਸ ਜੋ ਕਿ ‘ਫ਼ੈੱਡਡੇਵ ਓਨਟਾਰੀਓ’ ਨਾਲ ਵੀ ਸਬੰਧਿਤ ਹਨ ਨੇ ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ, ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ, ਬਰੈਂਪਟਨ ਵੈੱਸਟ ਦੀ ਐੱਮ.ਪੀ. ਕਮਲ ਖੈਹਰਾ ਅਤੇ ਬਰੈਂਪਟਨ ਸੈਂਟਰ ਦੇ ਐੱਮ.ਪੀ. ਰਮੇਸ਼ ਸੰਘਾ ਨੇ ਮਿਲ ਕੇ ਐਲਾਨ ਕੀਤਾ ਕਿ ਫ਼ੈੱਡਰਲ ਸਰਕਾਰ ਰਾਇਰਸਨ ਯੂਨੀਵਰਸਿਟੀ ਦੇ ਰੌਜਰਜ਼ ਸਾਈਬਰ ਸਕਿਉਰਿਟੀ ਕੈਟਾਲਿਸਟ ਲਈ 10 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕਰ ਰਹੀ ਹੈ। ਇਸ ਐਲਾਨ ਨਾਲ ਰਾਇਰਸਨ ਯੂਨੀਵਰਸਿਟੀ ਦੀ ਸਹਾਇਤਾ ਨਾਲ ਬਰੈਂਪਟਨ ਡਾਊਨਟਾਊਨ ਵਿਚ ਸਥਾਪਿਤ ਕੀਤੇ ਜਾ ਰਹੇ ਨਵੇਂ ਨੈਸ਼ਨਲ ਸੈਂਟਰ ਫ਼ਾਰ ਆਈਨੋਵੇਸ਼ਨ ਐਂਡ ਕੋਲੈਬੋਰੇਸ਼ਨ ਇਨ ਸਾਈਬਰਸਕਿਓਰਿਟੀ ਨੂੰ ਸਹਾਇਤਾ ਮਿਲੇਗੀ। ਸਰਕਾਰ ਅਤੇ ਇੰਡਸਟਰੀ ਦੇ ਭਾਈਵਾਲਾਂ ਦੇ ਨੇੜਲੇ ਸਹਿਯੋਗ ਨਾਲ ਇਸ ਕੈਟਾਲਿਸਟ ਸਾਈਬਰ ਸਕਿਉਰਿਟੀ ਖ਼ੇਤਰ ਵਿਚ ਲੋੜੀਂਦੇ ਸਕਿੱਲਡ ਵਰਕਰਾਂ ਦੀ ਮੰਗ ਪੂਰੀ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ। ਇਸ ਦੇ ਨਾਲ ਹੀ ਇਹ ਪ੍ਰੋਗਰਾਮ 40 ਸਾਂਝੇਦਾਰੀਆਂ ਕਾਇਮ ਕਰੇਗਾ ਅਤੇ ਸਾਈਬਰ ਕਰਾਈਮਜ਼ ਦੀਆਂ ਧਮਕੀਆਂ ਦੇ ਹੱਲ ਲਈ ਖੋਜ-ਕਰਤਾਵਾਂ ਤੇ ਇੰਡਸਟਰੀ ਨਾਲ ਜੁੜੇ ਵਿਅਕਤੀਆਂ ਵਿਚਕਾਰ ਨੇੜਤਾ ਪੈਦਾ ਕਰੇਗਾ। ਇਹ ਪੂੰਜੀ-ਨਿਵੇਸ਼ ਕੈਨੇਡੀਅਨ ਸਾਈਬਰ ਸਕਿਉਰਿਟੀ ਫ਼ਰਮਾਂ ਦੇ ਵਿਕਾਸ ਲਈ ਨਵੇਂ ਕਾਰੋਬਾਰੀ ਅਦਾਰਿਆਂ ਨੂੰ ਉਤਸ਼ਾਹਿਤ ਕਰੇਗਾ ਅਤੇ 60 ਕੰਪਨੀਆਂ ਨੂੰ ਉਨ੍ਹਾਂ ਦੇ ਨਵੇਂ ਪ੍ਰੋਡਕਟ ਵੇਚਣ ਲਈ ਨਵੀਆਂ ਮੰਡੀਆਂ ਵਿਚ ਦਾਖ਼ਲ ਹੋਣ ਵਿਚ ਸਹਾਈ ਹੋਵੇਗਾ।
ਇਸ ਦੇ ਨਾਲ 790 ਸਕਿੱਲਡ ਨੌਕਰੀਆਂ ਪੈਦਾ ਹੋਣਗੀਆਂ ਜਿਨ੍ਹਾਂ ਵਿਚੋਂ 600 ਇੰਡਸਟਰੀ ਖ਼ੇਤਰ ਵਿਚ ਹੋਣਗੀਆਂ ਅਤੇ ਉਨ੍ਹਾਂ ਦੇ ਲਈ ਲੋੜੀਂਦੀ ਟ੍ਰੇਨਿੰਗ ਅਤੇ ਸਰਟੀਫ਼ੀਕੇਸ਼ਨ ਦੀ ਜ਼ਰੂਰਤ ਹੋਵੇਗੀ। 180 ਹੋਰ ਨੌਕਰੀਆਂ ਕਮੱਰਸ਼ੀਅਲ ਬਿਜ਼ਨੈੱਸ ਵਿਚ ਹੋਣ ਵਾਲੇ ਵਾਧੇ ਨਾਲ ਬਣਨਗੀਆਂ ਅਤੇ ਹੋਰ 13 ਪ੍ਰੋਜੈੱਕਟ ਮੈਨੇਜਮੈਂਟ ਤੇ ਕੈਟਲਿਸਟ ਦੀ ਡਿਲਿਵਰੀ ਨਾਲ ਪੈਦਾ ਹੋਣਗੀਆਂ। ‘ਫ਼ੈੱਡਡੇਵ ਓਨਟਾਰੀਓ’ ਤੋਂ ਇਲਾਵਾ ਰੌਜਰਜ਼ ਕਮਿਊਨੀਕੇਸ਼ਨ ਇੰਕ., ਰਾਇਲ ਬੈਂਕ ਆਫ਼ ਕੈਨੇਡਾ ਅਤੇ ਬਰੈਂਪਟਨ ਸਿਟੀ ਵੀ ਇਸ ਨਵੀਂ ਹੱਬ ਦੇ ਲਈ ਪੂੰਜੀ ਨਿਵੇਸ਼ ਕਰ ਰਹੇ ਹਨ ਜਿਸ ਨਾਲ ਇਹ ਰਾਸ਼ੀ 20 ਮਿਲੀਅਨ ਡਾਲਰ ਹੋ ਜਾਏਗੀ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ,”2015 ਵਿਚ ਫ਼ੈੱਡਰਲ ਲਿਬਰਲ ਸਰਕਾਰ ਦੇ ਬਣਨ ‘ਤੇ ਇਸ ਦਾ ਅਤੇ ਬਰੈਂਪਟਨ ਪਾਰਲੀਮੈਂਟ ਮੈਂਬਰਾਂ ਦਾ ਧਿਆਨ ਦੇਸ਼ ਦੇ ਅਰਥਚਾਰੇ ਨੂੰ ਵਧਾਊਣ ਅਤੇ ਮਿਡਲ ਕਲਾਸ ਦੀ ਸਹਾਇਤਾ ਕਰਨ ਤੇ ਇਸ ਵਿਚ ਹੋਰ ਵਾਧਾ ਕਰਨ ਉੱਪਰ ਕੇਂਦ੍ਰਿਤ ਰਿਹਾ ਹੈ। ਇਸ ਖ਼ੇਤਰ ਵਿਚ ਇਹ ਪੂੰਜੀ-ਨਿਵੇਸ਼ ਇਸ ਪੱਕੇ ਵਾਅਦੇ ਦੀ ਇਕ ਹੋਰ ਉਦਾਹਰਣ ਹੈ। ਇਸ ਕੈਟਾਲਿਸਟ ਰਾਹੀਂ ਇੱਥੇ ਬਰੈਂਪਟਨ ਡਾਊਨਟਾਊਨ ਵਿਚ ਨੈਸ਼ਨਲ ਸੈਂਟਰ ਫ਼ਾਰ ਆਈਨੋਵੇਸ਼ਨ ਐਂਡ ਕੋਲੈਬੋਰੇਸ਼ਨ ਇਨ ਸਾਈਬਰਸਕਿਓਰਿਟੀ ਦੀ ਸਥਾਪਨਾ ਹੋ ਰਹੀ ਹੈ ਜਿਸ ਨਾਲ ਸੈਂਕੜੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਅਰਥਚਾਰੇ ਵਿਚ ਵਾਧਾ ਹੋਵੇਗਾ ਜਿਸ ਦੀ ਬਰੈਂਪਟਨ ਨੂੰ ਲੋੜ ਹੈ।
ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦਾ ਕਹਿਣਾ ਸੀ ਕਿ ਸਾਈਬਰ ਸਕਿਉਰ ਕੈਟਾਲਿਸਟ ਨੂੰ ਸਾਡੀ ਸਰਕਾਰ ਦੀ ਇਹ ਸਪੋਰਟ ਦਰਸਾ ਰਹੀ ਹੈ ਕਿ ਬਰੈਂਪਟਨ ਦੇ ਵਿਕਾਸ ਲਈ ਉਸ ਨੂੰ ਟੇਲੈਂਟ ਪ੍ਰਦਾਨ ਕਰਨ ਲਈ ਉਹ ਕਿੰਨੀ ਸੁਹਿਰਦ ਹੈ। ਰਾਇਰਸਨ ਯੂਨੀਵਰਸਿਟੀ ਇਸ ਅਹਿਮ ਖ਼ੇਤਰ ਵਿਚ ਅਗਵਾਈ ਵਾਲਾ ਰੋਲ ਨਿਭਾ ਰਹੀ ਹੈ। ਉਹ ਲੋੜੀਂਦੀ ਟ੍ਰੇਨਿੰਗ ਅਤੇ ਸਾਧਨ ਮੁਹੱਈਆ ਕਰ ਰਹੀ ਹੈ ਜਿਸ ਦੀ ਕੈਨੇਡਾ-ਵਾਸੀਆਂ ਨੂੰ ਸਾਈਬਰ ਸਕਿਉਰਿਟੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਭਵਿੱਖ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਅਤਿਅੰਤ ਜ਼ਰੂਰਤ ਹੈ। ਮੈਂ ਇਸ ਪ੍ਰੋਜੈੱਕਟ ਲਈ ਬੜੀ ਉਤਸ਼ਾਹਿਤ ਹਾਂ ਅਤੇ ਇਹ ਪ੍ਰਾਜੈੱਕਟ ਰਾਇਰਸਨ ਯੂਨੀਵਰਸਿਟੀ, ਬਰੈਂਪਟਨ-ਵਾਸੀਆਂ ਅਤੇ ਸਾਰੇ ਦੇਸ਼ ਲਈ ਲਾਭਦਾਇਕ ਸਾਬਤ ਹੋਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …