ਟੋਰਾਂਟੋ/ਬਿਊਰੋ ਨਿਊਜ਼
ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਬੀਤੇ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ, ਬਰੈਂਪਟਨ ਦੇ ਸੀਰਿਲ ਕਲਾਰਕ ਥੀਏਟਰ ਹਾਲ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਡਾ ਗੁਰਦਿਆਲ ਸਿੰਘ ਫੁੱਲ ਦੇ ਲਿਖੇ ਤੇ ਹੀਰਾ ਰੰਧਾਵਾ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤੇ ਨਾਟਕ ‘ਇਹ ਲਹੂ ਕਿਸਦਾ ਹੈ?’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਤੇ ਮਲਿਕ ਭਾਗੋ ਦੇ ਮਾਲ ਪੂੜਿਆਂ ਵਿੱਚੋਂ ਲਹੂ ਕੱਢਣ ਵਾਲੀ ਘਟਨਾ ਨੂੰ ਦਰਸਾਉਂਦਾ ਹੈ। ਸਾਰੇ ਨਾਟਕ ਦੀ ਪੇਸ਼ਕਾਰੀ ਦੌਰਾਨ ਦਰਸ਼ਕ ਨਾਟਕ ਨਾਲ ਇੱਕ ਮਿੱਕ ਹੋਏ ਰਹੇ। ਇਸ ਨਾਟਕ ਵਿੱਚ ਮਲਿਕ ਭਾਗੋ ਵੱਲੋਂ ਰਚਾਏ ਬਰਾਹਮਭੋਜ ਮੌਕੇ ਮੰਗਣ ਆਏ ਡੂਮਾਂ ਦੇ ਟੋਟਕਿਆਂ ਨੇ ਹਸਾ ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਵਾ ਦਿੱਤੀਆਂ। ਇਸ ਤਰਾਂ ਇਹ ਨਾਟਕ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨ ਦੇ ਨਾਲ ਨਾਲ ਕਿਰਤ ਦੀ ਮਹੱਤਤਾ ਦਾ ਸੁਨੇਹਾ ਦਰਸ਼ਕਾਂ ਨੂੰ ਦੇਣ ਵਿੱਚ ਵੀ ਸਫ਼ਲ ਰਿਹਾ। ਇਸ ਨਾਟਕ ਵਿੱਚ ਸ਼ਿੰਗਾਰਾ ਸਮਰਾ ਨੇ ਡੂਮ ਪਿਓ, ਅਜਾਇਬ ਟੱਲੇਵਾਲੀਆ ਨੇ ਡੂਮ ਪੁੱਤ ਦੇ ਕਿਰਦਾਰ ਬਾਖ਼ੂਬੀ ਸਜੀਵਿਤ ਕੀਤੇ। ਪਰਮਿੰਦਰ ਸਿੱਧ ਨੇ ਸਿਪਾਹੀ ਰਾਮ ਚੰਦ, ਕਰਮਜੀਤ ਗਿੱਲ ਨੇ ਢੰਡੋਰਚੀ ਤੇ ਗਰੀਬ ਕਿਸਾਨ ਦੇ ਕਿਰਦਾਰਾਂ ਨਾਲ ਇਨਸਾਫ਼ ਕੀਤਾ, ਜਦ ਕਿ ਨਿਰਦੇਸ਼ਕ ਹੀਰਾ ਰੰਧਾਵਾ ਨੇ ਖ਼ੁਦ ਜ਼ਾਲਿਮ ਮਲਿਕ ਭਾਗੋ ਦੀ ਭੁਮਿਕਾ ਨਿਭਾਈ।
ਨਾਟਕ ਪੇਸ਼ਕਾਰੀ ਪਿਛੋਂ ਸਥਾਨਕ ਰੰਗਕਰਮੀ/ਨਿਰਦੇਸ਼ਕ ਜਸਪਾਲ ਢਿਲੋਂ ਤੇ ਰੇਡੀਓ ਜਰਨਾਲਿਸਟ/ਤਰਕਸ਼ੀਲ ਆਗੂ ਡਾ ਬਲਜਿੰਦਰ ਸੇਖੋਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਦੋਹਾਂ ਦਾ ਇਹ ਵੀਚਾਰ ਸੀ ਕਿ ਥੀਏਟਰ ਲੋਕਾਂ ਦੀ ਜ਼ਿੰਦਗੀ ਵਿੱਚ ਪੈਰ ਪੈਰ ਤੇ ਆਉਂਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਿਆਂ ਉਹਨਾਂ ਨੂੰ ਵਿਗਿਆਨਕ ਢੰਗ ਨਾਲ ਜ਼ਿੰਦਗੀ ਜੀਓਣ ਲਈ ਪ੍ਰੇਰਣਾ ਦੇਣ ਵਾਲਾ ਹੋਣਾ ਚਾਹੀਦਾ ਹੈ। ਇਸ ਮੌਕੇ ਬਹੁਤ ਹੀ ਖ਼ੂਬਸੂਰਤ ਆਵਾਜ਼ ਵਿੱਚ ਸਿਮਰਜੀਤ ਨੇ ਸ਼ਹੀਦ ਭਗਤ ਸਿੰਘ ਤੇ ਹਿੰਦ-ਪਾਕਿ ਲੋਕਾਂ ਦੀਆਂ ਸਾਂਝਾਂ ਦੇ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਦ ਕਰ ਦਿੱਤਾ। ਇਸ ਮਗਰੋਂ ਹੈਟਸ-ਅੱਪ ਦੇ ਕਲਾਕਾਰ ਅਮਤੋਜ਼ ਸਿੱਧੂ ਸੁਚੇਤਕ ਕਲਾ ਮੰਚ ਮੁਹਾਲੀ ਵੱਲੋਂ ਬਣਾਈ ਮਰਹੂਮ ਲੋਕ ਨਾਟਕਕਾਰ ਭਾਅਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾਂ ਸਿੰਘ ਹੋਰਾਂ ਦੀ ਜ਼ਿੰਦਗੀ ‘ਤੇ ਅਧਾਰਿਤ ਇੱਕ ਡਾਕੂਮੈਂਟਰੀ ਫਿਲਮ ‘ਕਰਾਂਤੀ ਦਾ ਕਲਾਕਾਰ’ ਵਿਖਾਈ ਜਿਸ ਤੋਂ ਦਰਸ਼ਕਾਂ ਨੇ ਭਾਅਜੀ ਦੀ ਰੰਗਮੰਚ ਨੂੰ ਪ੍ਰਣਾਈ ਜ਼ਿਦਗੀ ਨੂੰ ਨੇੜਿਓਂ ਤੱਕਿਆ। ਇਸ ਸਾਲ ਸ੍ਰ. ਗੁਰਸ਼ਰਨ ਸਿੰਘ ਯਾਦਗਾਰੀ ਐਵਾਰਡ ਜਗਵਿੰਦਰ ਜੱਜ ਨੂੰ ਪੇਸ਼ ਕੀਤਾ ਗਿਆ ਜਦ ਕਿ ਰੰਗਮੰਚ ਖ਼ੇਤਰ ਵਿੱਚ ਜ਼ਿਕਰਯੋਗ ਕੰਮ ਕਰਨ ਵਾਲੇ ਰੰਗਕਰਮੀ, ਨਾਟਕਕਾਰ ਸ੍ਰੀ ਹਰਜੀਤ ਬੇਦੀ ਦਾ ਵੀ ਇਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਸ਼ਖ਼ਸ਼ੀਅਤਾਂ ਦੇ ਰੰਗਮੰਚ ਖ਼ੇਤਰ ਵਿੱਚ ਕੀਤੇ ਕੰਮਾਂ ਬਾਰੇ ਚਾਨਣਾਂ ਸਟੇਜ ਸਕੱਤਰ ਸ੍ਰੀ ਕੁਲਵਿੰਦਰ ਖ਼ਹਿਰਾ ਨੇ ਪਾਇਆ ਜਿੰਨਾਂ ਨੇ ਸਾਰੇ ਪ੍ਰੋਗਰਾਮ ਨੂੰ ਇੱਕ ਸੂਤਰ ਵਿੱਚ ਪਰੋਈ ਰੱਖਿਆ। ਇਸ ਤਰਾਂ ਇਹ ਸਮਾਗਮ ਵਲੰਟੀਅਰਜ਼ ਤੀਰਥ ਦਿਓਲ, ਸਿਮਰਜੀਤ, ਮੰਨੂ ਦਿਓਲ, ਮਨਪ੍ਰੀਤ ਸਿੱਧੂ, ਤੇ ਰਾਬੀਆ ਰੰਧਾਵਾ ਆਦਿ ਦੀ ਸਰਗਰਮ ਭੂਮਿਕਾ ਨਾਲ ਪੂਰੀ ਸਫ਼ਲਤਾ ਨਾਲ ਸਿਰੇ ਚੜਿਆ। ਇਸ ਸਮਾਗਮ ਨੂੰ ਮਾਨਣ ਲਈ ਭਾਈਚਾਰੇ ਦੀਆਂ ਨਾਮਵਰ ਸ਼ਖ਼ਸ਼ੀਅਤਾਂ ਦੇ ਨਾਲ ਨਾਲ ਹੋਰਾਂ ਤੋਂ ਬਿਨਾਂ ਰੇਡੀਓ ਹੋਸਟ ਗੁਰਤੀਰਥ ਪਾਸਲਾ, ਸੰਪਾਦਕ ਸੁਖਿੰਦਰ, ਮੈਗਜ਼ੀਨ ਵਾਹਗਾ ਦੇ ਸੰਪਾਦਕ ਪ੍ਰਿੰਸੀਪਲ ਸੁਖਚੈਣ ਸਿੰਘ ਢਿਲੋਂ, ਅੰਮ੍ਰਿਤ ਢਿਲੋਂ, ਪ੍ਰਿੰਸੀਪਲ ਰਮਨੀ ਬਤਰਾ, ਸਾਥੀ ਮੱਲ੍ਹੀ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਹੈਟਸ-ਅੱਪ ਦੇ ਭਵਿੱਖ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲਈ ਡਾ ਹੀਰਾ ਰੰਧਾਵਾ ਨੂੰ 416-319-0551, ਸ਼ਿੰਗਾਰਾ ਸਮਰਾ ਨੂੰ 416-710-2615 ਜਾਂ ਪਰਮਿੰਦਰ ਸੰਧੂ ਨਾਲ 416-302-9944 ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …