Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮੀਟਿੰਗ ਗੁਰਸ਼ਰਨ ਭਾਜੀ ਨੂੰ ਸਮਰਪਿਤ ਰਹੀ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮੀਟਿੰਗ ਗੁਰਸ਼ਰਨ ਭਾਜੀ ਨੂੰ ਸਮਰਪਿਤ ਰਹੀ

ਸੱਤ ਸਤੰਬਰ ਨੂੰ ਹੋਣ ਵਾਲੇ 20ਵੇਂ ਸਲਾਨਾ ਸਮਾਗਮ ਦਾ ਪੋਸਟਰ ਰਿਲੀਜ਼
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮੀਟਿੰਗ ਦਾ ਆਗਾਜ਼ ਬਹੁਤ ਨਿਵੇਕਲੇ ਢੰਗ ਨਾਲ ਹੋਇਆ। ਸਾਹਿਤਕ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਵਿੱਚ ਗੁਰਸ਼ਰਨ ਭਾਜੀ ਦੀ ਅਨੀਤਾ ਸ਼ਬਦੀਸ਼ ਵਲੋਂ ਬਣਾਈ ਡਾਕੁਮੈਟਰੀ ‘ਸਿਰੜ ਨੂੰ ਸਲਾਮ’ ਅਤੇ ‘ਕ੍ਰਾਂਤੀ ਦਾ ਕਲਾਕਾਰ ਗੁਰਸ਼ਰਨ ਸਿੰਘ’ ਟੀ ਵੀ ‘ਤੇ ਦਿਖਾਈ ਗਈ। ਜਿਸ ਵਿੱਚ ਉਹਨਾਂ ਦੇ ਸੰਪੂਰਨ ਜੀਵਨ ਦਾ ਸੰਘਰਸ਼, ਪਰਿਵਾਰ, ਪ੍ਰਾਪਤੀਆਂ ਤੇ ਸਮਾਜ ਵਿੱਚ ਪਾਏ ਵੱਡਮੁੱਲੇ ਯੋਗਦਾਨ ਦਾ ਬੜੇ ਵਧੀਆ ਢੰਗ ਨਾਲ ਜ਼ਿਕਰ ਕੀਤਾ ਗਿਆ। ਸਾਰੇ ਹਾਜ਼ਰੀਨ ਵਲੋਂ ਇਸ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ।
ਇਸ ਤੋਂ ਬਾਅਦ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਵਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਮੁੱਖ ਮਹਿਮਾਨ ਰੰਗ ਕਰਮੀ ਕਲਾ ਤਟ ਥੀਏਟਰ ਦੀ ਪ੍ਰਸਿੱਧ ਹਸਤੀ ਅਨੀਤਾ ਸ਼ਬਦੀਸ਼, ਰੰਗ ਮੰਚ ਦੇ ਨਾਲ ਨਾਲ ਤਿੰਨ ਕਿਤਾਬਾਂ ਦੇ ਲੇਖਕ ਹਰਕੰਵਲਜੀਤ ਸਾਹਿਲ , ਰੰਗ ਕਰਮੀ ਤੇ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਤੋਂ ਕਮਲਪ੍ਰੀਤ ਪੰਧੇਰ ਨੂੰ ਸੱਦਾ ਦਿੱਤਾ। ਸ਼ੌਕ ਮਤਿਆਂ ਵਿੱਚ ਉਹਨਾਂ ਮੋਰੀਸਨ, ਨਰਿੰਜਨ ਤਸਲੀਮ, ਹਰਮਹਿੰਦਰ ਸਿੰਘ ਪਲਾਹਾ ਅਤੇ ਮਾਤਾ ਮਹਿੰਦਰ ਕੌਰ ਦੇ ਸਦੀਵੀ ਵਿਛੋੜੇ ‘ਤੇ ਸਭਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਰੰਗ ਮੰਚ ਦੀ ਗੱਲ ਕਰਦਿਆਂ ਹਰਕੰਵਲਜੀਤ ਸਾਹਿਲ ਨੇ ਦੱਸਿਆ ਕਿ ਗੁਰਸ਼ਰਨ ਭਾਜੀ ਨੇ ਸ਼ਹਿਰੀ ਥੀਏਟਰ ਨੂੰ ਪਿੰਡਾਂ ਤੱਕ ਲਿਆਂਦਾ ਤੇ ਆਪਣੀ ਨਾਟ ਸ਼ੈਲੀ ਦੀ ਪੇਸ਼ਕਾਰੀ ਵਿੱਚ ਮਾਨਵਤਾ, ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ। ਉਹਨਾਂ ਕੈਲਗਰੀ ਵਿੱਚ ਆਪਣੇ ਰੰਗ ਮੰਚ ਸਫਰ ਬਾਰੇ ਵੀ ਚਾਨਣਾ ਪਾਇਆ ਤੇ ਸੁਖਦੇਵ ਸਿੰਘ ਕਾਹਲੋਂ ਦੀ ਗੁਰਸ਼ਰਨ ਭਾਜੀ ਬਾਰੇ ਲਿਖੀ ਨਜ਼ਮ ਵੀ ਪੜ੍ਹੀ। ਫਿਰ ਮੁੱਖ ਮਹਿਮਾਨ ਬਹੁ-ਪੱਖੀ ਸਖਸ਼ੀਅਤ ਅਨੀਤਾ ਸਬਦੀਸ਼ ਨੇ ਗੁਰਸ਼ਰਨ ਭਾਜੀ ਨਾਲ ਬਿਤਾਏ ਪਲਾਂ ਦੀ ਗੱਲ ਕਰਦਿਆਂ ਕਿਹਾ ਕਿ ਗੁਰਸ਼ਰਨ ਸਿੰਘ ਇੱਕ ਸੰਸਥਾ ਦਾ ਨਾਮ ਹੈ। ਜਿਨ੍ਹਾ ਸਾਰੀ ਜਿੰਦਗੀ ਰੰਗ ਮੰਚ ਦੀ ਨਿਸ਼ਕਾਮ ਸੇਵਾ ਕੀਤੀ। ਜਿਸ ਵਿੱਚ ਉਹਨਾਂ ਦੀ ਪਤਨੀ ਕੈਲਾਸ਼ ਕੌਰ ਤੇ ਦੋ ਬੇਟੀਆਂ ਨੇ ਪੂਰਾ ਸਾਥ ਦਿੱਤਾ।
ਮਾਸਟਰ ਬਚਿੱਤਰ ਗਿੱਲ ਨੇ ਗੁਰਸ਼ਰਨ ਭਾਜੀ ਤੇ ਅਨੀਤਾ ਸਬਦੀਸ਼ ਦੇ ਪਿਤਾ ਧਰਮਪਾਲ ਉਪਾਸ਼ਕ ਨਾਲ ਬਿਤਾਏ ਪਲਾਂ ਦਾ ਜਿਕਰ ਕੀਤਾ ਤੇ ‘ਅਸੀਂ ਲੀਡਰ’ ਵਿਅੰਗਮਈ ਕਵਿਤਾ ਸੁਣਾਈ। ਗੁਰਚਰਨ ਕੌਰ ਥਿੰਦ ਨੇ ਵੀ ਰੰਗ ਮੰਚ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਕਮਲਪ੍ਰੀਤ ਪੰਧੇਰ ਨੇ ਅਨੀਤਾ ਸਬਦੀਸ਼, ਮੁਲਾਂਪੁਰ ਦੇ ਰੰਗ ਮੰਚ ਤੇ ਕੈਲਗਰੀ ਵਿੱਚ ਆਪਣੇ ਨਾਟਕਾਂ ਬਾਰੇ ਸਾਂਝ ਪਾਈ। ਸਭਾ ਦੀ ਕਾਰਜਕਾਰੀ ਕਮੇਟੀ ਵਲੋਂ ਅਨੀਤਾ ਸਬਦੀਸ਼ ਨੂੰ ਸਨਮਾਨ ਚਿੰਨ੍ਹ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ। ਇਸ ਮੌਕੇ 7 ਸਤੰਬਰ ਨੂੰ ਸਭਾ ਦੇ ਹੋਣ ਵਾਲੇ 20ਵੇਂ ਸਲਾਨਾ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਸਮਾਗਮ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 1 ਤੋਂ 4 ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਹੋਏਗਾ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …