Breaking News
Home / ਸੰਪਾਦਕੀ / ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਦਾ ਸਵਾਲ

ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਦਾ ਸਵਾਲ

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੋਸ਼ਲ ਮੀਡੀਆ ਅੱਜ ਦੇ ਦੌਰ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਦੀ ਅਹਿਮੀਅਤ ਦਾ ਅਨੁਮਾਨ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਵੱਡੇ-ਵੱਡੇ ਅਖ਼ਬਾਰ ਅਤੇ ਟੀ.ਵੀ. ਚੈਨਲ ਵੀ ਆਪਣੇ ਪ੍ਰਚਾਰ ਤੇ ਪ੍ਰਸਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਜਨ-ਸਾਧਾਰਨ ਤੋਂ ਲੈ ਕੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੱਕ ਸਾਰੇ ਫ਼ੇਸਬੁਕ ਅਤੇ ਟਵਿੱਟਰ ਉੱਤੇ ਹਨ, ਜੋ ਹਰ ਪਲ ਕਿਸੇ ਨਾ ਕਿਸੇ ਰੂਪ ‘ਚ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਮਨ ਦੀ ਗੱਲ ਦੂਜਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਅੱਜ ਹਰ ਵਿਅਕਤੀ ਲਈ ਆਪਣੇ ਵਿਚਾਰ ਪ੍ਰਗਟ ਕਰਨ ਦਾ ਇਕ ਮਾਧਿਅਮ ਬਣ ਗਿਆ ਹੈ। ਇਸ ਨੂੰ ਵਿਅਕਤੀਗਤ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਆਮ ਆਦਮੀ ਦੇ ਸਸ਼ਕਤੀਕਰਨ ਦਾ ਪ੍ਰਤੀਕ ਵੀ ਬਣਦਾ ਜਾ ਰਿਹਾ ਹੈ। ਜਿਥੋਂ ਤੱਕ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਵੱਖ-ਵੱਖ ਮੁੱਦਿਆਂ ਦੇ ਸੰਵਾਦ ਦੀ ਗੱਲ ਹੈ, ਉਥੋਂ ਤੱਕ ਸੋਸ਼ਲ ਮੀਡੀਆ ਇਕ ਬਹੁਤ ਹੀ ਸਾਕਾਰਾਤਮਕ ਰੁਝਾਨ ਕਿਹਾ ਜਾ ਸਕਦਾ ਹੈ। ਪਰ ਜਦੋਂ ਸੋਸ਼ਲ ਮੀਡੀਆ ‘ਤੇ ਸ਼ਰਾਰਤੀ ਕਿਸਮ ਦੇ ਲੋਕ ਬਿਨਾਂ ਤੱਥਾਂ ਦੀ ਜਾਂਚ-ਪੜਤਾਲ ਕੀਤਿਆਂ, ਬਿਨ੍ਹਾਂ ਦੂਜਿਆਂ ਦੇ ਮਾਨ-ਸਨਮਾਨ ਦਾ ਧਿਆਨ ਰੱਖੇ ਸੋਸ਼ਲ ਮੀਡੀਆ ‘ਤੇ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਕੇ ਕਿਸੇ ਦੇ ਖ਼ਿਲਾਫ਼ ਝੂਠਾ ਪ੍ਰਚਾਰ ਕਰਨ ਲੱਗੇ ਤਾਂ ਇਸ ਨਾਲ ਸੋਸ਼ਲ ਮੀਡੀਆ ਦੀ ਆਜ਼ਾਦੀ ਦੀ ਲਛਮਣ ਰੇਖਾ ਨੂੰ ਲੈ ਕੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਹੋ ਜਾਂਦੇ ਹਨ।
ਸੋਸ਼ਲ ਕਾਰਕੁੰਨ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ, ਜੋ ਸਮਾਜ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਦਾ ਕੰਮ ਕਰਦਾ ਹੈ ਪਰ ਅੱਜ-ਕਲ੍ਹ ਸੋਸ਼ਲ ਮੀਡੀਆ ‘ਤੇ ਇਕ ਨਵੀਂ ਕਲਾਸ ਪੈਦਾ ਹੋ ਗਈ ਹੈ, ਜਿਹੜੀ ਸਵੇਰ ਹੁੰਦਿਆਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਉਦੋਂ ਤੱਕ ਊਲ-ਜਲੂਲ ਲਿਖਦੀ ਰਹਿੰਦੀ ਹੈ ਜਦੋਂ ਤੱਕ ਰਾਤ ਨਹੀਂ ਹੋ ਜਾਂਦੀ। ਉਹ ਖੇਤੀ ਤੋਂ ਲੈ ਕੇ ਪੁਲਾੜੀ ਵਿਗਿਆਨ ਤੱਕ, ਸਾਰੇ ਕਿਸਮ ਦੇ ਮੁੱਦਿਆਂ ‘ਤੇ ਟਿੱਪਣੀਆਂ ਕਰਦੇ ਹਨ ਅਤੇ ਸਰਕਾਰਾਂ ਦੇ ਕੰਮ-ਕਾਜ ‘ਤੇ ਐਕਸਪਰਟ ਰਾਇ ਦਿੰਦੇ ਹਨ। ਨਾ ਇਨ੍ਹਾਂ ਦੀ ਕੋਈ ਮਰਿਯਾਦਾ ਹੈ ਅਤੇ ਨਾ ਹੀ ਨਿਯਮ-ਕਾਨੂੰਨ। ਨਿੱਜੀ-ਨਾਪਸੰਦਗੀ ਅਤੇ ਲੜਾਈ-ਝਗੜੇ ਇਨ੍ਹਾਂ ਦੇ ਗੁੱਸੇ ਦੇ ਰੂਪ ‘ਚ ਸੋਸ਼ਲ ਮੀਡੀਆ ਦੇ ਜ਼ਰੀਏ ਨਿਕਲਦੇ ਹਨ। ਕੀ ਸਿਆਸਤ ਕਰਨ ਵਾਲੇ, ਕੀ ਵਪਾਰ ਅਤੇ ਦੂਜੇ ਧੰਦਿਆਂ ਵਿਚ ਹੱਥ ਅਜ਼ਮਾਉਣ ਵਾਲੇ ਹਰ ਕੋਈ ਸੋਸ਼ਲ ਮੀਡੀਆ ਕਾਰਕੁੰਨ ਬਣਿਆ ਬੈਠਾ ਹੈ ਅਤੇ ਮੁੱਖ ਧਾਰਾ ਦੇ ਮੀਡੀਆ ਦੇ ਵਿਕੇ ਹੋਣ ਦਾ ਫ਼ਰਮਾਨ ਜਾਰੀ ਕਰਕੇ ਆਪਣੀਆਂ ਗੱਲਾਂ ਕਹਿੰਦਾ ਰਹਿੰਦਾ ਹੈ, ਭਾਵੇਂ ਉਸ ਵਿਚ ਕੋਈ ਤੱਥ ਹੋਵੇ ਜਾਂ ਨਾ।
ਅੱਜ ਬਹੁਤ ਸਾਰੇ ਮੀਡੀਆ ਕਰਮੀ ਵੀ ਸੋਸ਼ਲ ਮੀਡੀਆ ਕਰਮੀ ਬਣ ਚੁੱਕੇ ਹਨ। ਪਰ ਮੀਡੀਆ ਤੋਂ ਸੋਸ਼ਲ ਮੀਡੀਆ ਤੱਕ ਪਹੁੰਚਦੇ-ਪਹੁੰਚਦੇ ਉਹ ਮੀਡੀਆ ਦੀਆਂ ਉਨ੍ਹਾਂ ਮਰਿਯਾਦਾਵਾਂ ਅਤੇ ਕਦਰਾਂ-ਕੀਮਤਾਂ ਨੂੰ ਭੁੱਲ ਜਾਂਦੇ ਹਨ, ਜਿਨ੍ਹਾਂ ਦਾ ਮੀਡੀਆ ਕਰਮੀਆਂ ਨੂੰ ਇਕ ਲਛਮਣ ਰੇਖਾ ਵਾਂਗ ਸਨਮਾਨ ਕਰਨਾ ਚਾਹੀਦਾ ਹੈ। ਮੀਡੀਆ ਸਮਾਜ ਦਾ ਲੀਡਰ ਨਹੀਂ, ਬਲਕਿ ਸਾਧਨ ਹੈ। ਇਸ ਨੂੰ ਸਾਧਨ ਹੀ ਬਣਿਆ ਰਹਿਣਾ ਚਾਹੀਦਾ ਹੈ।
ਪੱਤਰਕਾਰੀ ਸੱਚਾਈ ਦੀ ਸਾਧਨਾ ਦਾ ਉਪਦੇਸ਼ ਹੈ, ਪਰ ਇਸ ਦੇ ਨਾਲ-ਨਾਲ ਆਪਣੇ ਸੰਸਕਾਰੀ ਨਿੱਜਤਵ ਅਤੇ ਪੇਸ਼ੇਵਰ ਕਦਰਾਂ-ਕੀਮਤਾਂ ‘ਚ ਸੰਤੁਲਨ ਬਣਾਉਣ ਦੀ ਕਲਾ ਹੋਣੀ ਲਾਜ਼ਮੀ ਹੈ। ਇਸ ਦੇ ਲਈ ਬਹੁਜਨ ਹਿੱਤਕਾਰੀ, ਪੂਰਨ ਜ਼ਿੰਮੇਵਾਰੀ, ਨਿਸ਼ਚੇ ਭਾਵਨਾ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਨਾਕਾਰਾਤਮਕ ਸੋਚ ਛੱਡਣ ਵਰਗਾ ਮੂਲ ਮੰਤਰ ਅਪਨਾਉਣਾ ਹੋਵੇਗਾ। ਉਂਜ ਤਾਂ ਕਦਰਾਂ-ਕੀਮਤਾਂ ਦਾ ਸੰਕਟ ਕੇਵਲ ਮੀਡੀਆ ਨਾਲ ਹੀ ਨਹੀਂ ਜੁੜਿਆ ਹੋਇਆ ਸਗੋਂ ਇਹ ਪੂਰੇ ਸਮਾਜ ਦਾ ਮੁੱਦਾ ਹੈ, ਇਸ ਲਈ ਜੋ ਮੀਡੀਆ ਆਪਣੇ ਆਪ ਨੂੰ ਸੋਸ਼ਲ ਮੀਡੀਆ ਕਹਿੰਦਾ ਹੈ, ਉਸ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦੀ ਮਰਿਯਾਦਾ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸੋਸ਼ਲ ਮੀਡੀਆ ‘ਤੇ ਕੰਮ ਕਰਨ ਵਾਲੇ ਲੋਕਾਂ ‘ਚ ਸੱਚਾ ਨਿਸ਼ਚਾ ਨਹੀਂ ਹੈ ਅਤੇ ਉਹ ਤੱਥਾਂ ‘ਤੇ ਆਧਾਰਿਤ ਕੰਮ ਨਹੀਂ ਕਰਦੇ ਪਰ ਅਜਿਹੇ ਲੋਕਾਂ ਦੀ ਗਿਣਤੀ ਇਕ-ਅੱਧਾ ਪ੍ਰਤੀਸ਼ਤ ਤੋਂ ਜ਼ਿਆਦਾ ਨਹੀਂ ਹੈ। ਜ਼ਿਆਦਾਤਰ ਲੋਕ ਪੂਰਾ ਦਿਨ ਅਜਿਹੀਆਂ ਸ਼ੋਭਾਹੀਣ ਟਿੱਪਣੀਆਂ ਕਰਨ ਵਿਚ ਲੱਗੇ ਰਹਿੰਦੇ ਹਨ, ਜਿਨ੍ਹਾਂ ਦਾ ਕੋਈ ਠੋਸ ਆਧਾਰ ਅਤੇ ਤੱਥ ਨਹੀਂ ਹੁੰਦਾ। ਅਜਿਹੇ ਲੋਕਾਂ ਨੂੰ ਜਦੋਂ ਸਰਕਾਰ ਜਾਂ ਕਾਨੂੰਨ ਦਾ ਸ਼ਿਕੰਜਾ ਦਿਖਾਈ ਦਿੰਦਾ ਹੈ ਤਾਂ ਉਹ ਇਸ ਨੂੰ ਮੀਡੀਆ ਨੂੰ ਦਬਾਉਣ ਦੀ ਕਾਰਵਾਈ ਦੱਸ ਕੇ ਹੋ-ਹੱਲਾ ਕਰਦੇ ਹਨ। ਜੇਕਰ ਕੋਈ ਪੱਤਰਕਾਰ ਖੋਜ ਰਿਪੋਰਟ ਦੇ ਜ਼ਰੀਏ ਜਾਂ ਕੋਈ ਅਜਿਹੇ ਤੱਥਾਂ ਦੇ ਆਧਾਰ ‘ਤੇ ਕਿਸੇ ਜਾਂ ਸਰਕਾਰ ਦੇ ਖਿਲਾਫ਼ ਕੋਈ ਖੁਲਾਸਾ ਕਰਦਾ ਹੈ ਅਤੇ ਉਸ ਦੇ ਖਿਲਾਫ਼ ਕੋਈ ਝੂਠਾ ਕੇਸ ਬਣਦਾ ਹੈ ਤਦ ਤਾਂ ਗੱਲ ਸਮਝ ਵਿਚ ਆਉਂਦੀ ਹੈ ਕਿ ਸਰਕਾਰ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੱਜ-ਕਲ੍ਹ ਹਰ ਕੋਈ ਸੋਸ਼ਲ ਮੀਡੀਆ ਕਾਰਕੁੰਨ ਬਣਿਆ ਹੋਇਆ ਹੈ ਅਤੇ ਉਹ ਆਪਣੇ ਸਾਰੇ ਕੰਮਾਂ ਅਤੇ ਆਚਰਣ ਦੇ ਇਸ ਦੇ ਪਿੱਛੇ ਲੱਗਾ ਰਹਿੰਦਾ ਹੈ। ਸੋਸ਼ਲ ਮੀਡੀਆ ‘ਤੇ ਸਰਗਰਮ ਅਜਿਹੇ ਲੋਕਾਂ ਨੇ ਇਕ ਵੱਡੀ ਫ਼ੌਜ ਤਿਆਰ ਕੀਤੀ ਹੋਈ ਹੈ ਜੋ ਜਦੋਂ ਚਾਹੇ ਕਿਸੇ ਦੇ ਖਿਲਾਫ਼ ਵੀ ਬਿਨਾਂ ਤੱਥਾਂ ਦੀ ਜਾਂਚ-ਪੜਤਾਲ ਕੀਤਿਆਂ ਹੱਲਾ ਬੋਲ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਲਿਖਣ ਵਾਲੇ ਇਹ ਸਾਰੇ ਲੋਕ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਦੇ ਹਨ ਅਤੇ ਆਪਣੇ ਖਿਲਾਫ਼ ਹੋਈ ਕਾਰਵਾਈ ਨੂੰ ਮੀਡੀਆ ‘ਤੇ ਹਮਲੇ ਦੇ ਰੂਪ ਵਿਚ ਪੇਸ਼ ਕਰਦੇ ਹਨ। ਸੋਸ਼ਲ ਮੀਡੀਆ ਅਤੇ ਮੀਡੀਆ ਕਰਮੀ ਹੋਣ ਦਾ ਭਾਵ ਕੀ ਹੈ ਕਿ ਸਾਡੇ ਕੋਲ ਕਿਸੇ ਦੇ ਵੀ ਬੈੱਡਰੂਮ ਵਿਚ ਵੜਨ ਦਾ ਲਾਇਸੰਸ ਹੈ?
ਬੇਸ਼ੱਕ ਅੱਜ ਸੋਸ਼ਲ ਮੀਡੀਆ ਹਰ ਕਿਸੇ ਤਰ੍ਹਾਂ ਦੇ ਅੰਕੁਸ਼ ਤੋਂ ਪੂਰੀ ਤਰ੍ਹਾਂ ਆਜ਼ਾਦ ਹੈ, ਪਰ ਇਸ ਆਜ਼ਾਦੀ ਦੀ ਆੜ ‘ਚ ਸੱਭਿਅਕ ਮਰਿਯਾਦਾਵਾਂ, ਸ਼ਿਸ਼ਟਾਚਾਰ, ਨੈਤਿਕਤਾ ਤੇ ਜਾਣਕਾਰੀ ਦੀ ਪ੍ਰਮਾਣਿਕਤਾ ‘ਤੇ ਅੰਕੁਸ਼ ਜ਼ਰੂਰ ਲੱਗ ਗਿਆ ਹੈ। ਮੁੱਖ ਧਾਰਾ ਦੇ ਮੀਡੀਆ ‘ਤੇ ਕਾਰਪੋਰੇਟਸ ਜਾਂ ਸਿਆਸੀ ਪਾਰਟੀਆਂ ਦਾ ਪਿੱਛਲੱਗ ਹੋਣ ਦੇ ਭਾਵੇਂ ਦੋਸ਼ ਲੱਗਦੇ ਹਨ ਪਰ ਸੋਸ਼ਲ ਮੀਡੀਆ ਆਜ਼ਾਦ ਹੋ ਕੇ ਵੀ ਹਾਲੇ ਤੱਕ ਮੁੱਖ ਧਾਰਾ ਦੇ ਮੀਡੀਆ ਜਿੰਨਾ ਜ਼ਿੰਮੇਵਾਰ, ਪ੍ਰਮਾਣਿਕ ਤੇ ਪ੍ਰਤੀਬੱਧ ਨਹੀਂ ਹੋ ਸਕਿਆ। ਮੀਡੀਆ ਦਾ ਭਾਵ ਆਜ਼ਾਦੀ ਤਾਂ ਹੈ, ਪਰ ਹਰ ਕਿਸੇ ਤਰ੍ਹਾਂ ਦੀ ਲਛਮਣ ਰੇਖਾ ਤੋਂ ਬਾਹਰ ਮੀਡੀਆ ਵੀ ਨਹੀਂ ਹੈ। ਜਦੋਂ ਸੋਸ਼ਲ ਮੀਡੀਆ ‘ਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਜਾਂ ਕਿਸੇ ਪ੍ਰਸਿੱਧ ਵਿਅਕਤੀ ਦੇ ਖਿਲਾਫ਼ ਇਲਜ਼ਾਮ-ਤਰਾਸ਼ੀ ਹੁੰਦੀ ਹੈ ਤਾਂ ਇਸ ਦੀ ਪ੍ਰਮਾਣਿਕਤਾ ਦੀ ਜ਼ਿੰਮੇਵਾਰੀ ਕਿਸੇ ਦੇ ਸਿਰ ਨਹੀਂ ਹੁੰਦੀ। ਮੀਡੀਆ ਸੱਚਾਈ ਦੀ ਸਾਧਨਾ ਦਾ ਉਪਦੇਸ਼ ਹੈ, ਪਰ ਇਸ ਦੇ ਨਾਲ-ਨਾਲ ਆਪਣੇ ਸੰਸਕਾਰੀ ਨਿੱਜਤਵ ਅਤੇ ਪੇਸ਼ੇਵਰ ਕਦਰਾਂ-ਕੀਮਤਾਂ ‘ਚ ਸੰਤੁਲਨ ਬਣਾਉਣ ਦੀ ਕਲਾ ਹੋਣੀ ਲਾਜ਼ਮੀ ਹੈ। ਇਸ ਦੇ ਲਈ ਬਹੁਜਨ ਹਿੱਤਕਾਰੀ, ਪੂਰਨ ਜ਼ਿੰਮੇਵਾਰੀ, ਨਿਸ਼ਚੇ ਭਾਵਨਾ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਨਾਕਾਰਾਤਮਕ ਸੋਚ ਛੱਡਣ ਵਰਗਾ ਮੂਲ ਮੰਤਰ ਅਪਨਾਉਣਾ ਵੀ ਮੀਡੀਆ ਦਾ ਮੂਲ ਮੰਤਰ ਹੈ। ਇਸ ਕਰਕੇ ਡਿਜ਼ੀਟਲ ਯੁੱਗ ਵਿਚ ਭਾਵੇਂ ਸੋਸ਼ਲ ਮੀਡੀਆ ਮੁੱਖ ਧਾਰਾ ਦੇ ਮੀਡੀਆ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਰਿਹਾ ਹੈ, ਪਰ ਹਾਲੇ ਤੱਕ ਇਹ ਮੁੱਖ ਧਾਰਾ ਦੇ ਮੀਡੀਆ ਜਿੰਨੀ ਭਰੋਸੇਯੋਗਤਾ, ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀ ਸਥਾਪਿਤ ਨਹੀਂ ਕਰ ਸਕਿਆ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …