Breaking News
Home / ਦੁਨੀਆ / ਲੰਡਨ ਵਿਚ ਸਿੱਖ ਰੈਫ਼ਰੈਂਡਮ ਦੇ ਨਾਮ ‘ਤੇ ਹੋਈ ਰੈਲੀ

ਲੰਡਨ ਵਿਚ ਸਿੱਖ ਰੈਫ਼ਰੈਂਡਮ ਦੇ ਨਾਮ ‘ਤੇ ਹੋਈ ਰੈਲੀ

ਲੰਡਨ/ਬਿਊਰੋ ਨਿਊਜ਼

ਲੰਘੇ ਐਤਵਾਰ ਨੂੰ ਲੰਡਨ ਦੇ ਟਰੈਫਲਗਰ ਸੁਕੇਅਰ ਵਿਖੇ ‘ਪੰਜਾਬ ਰੈਫ਼ਰੈਂਡਮ 2020’ ਦੇ ਸਬੰਧ ਵਿਚ ਲੰਡਨ ਐਲਾਨਨਾਮਾ ਰੈਲੀ ਦਾ ਸਿੱਖਸ ਫ਼ਾਰ ਜਸਟਿਸ ਦੀ ਅਗਵਾਈ ਵਿਚ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਸ਼ਾਮਿਲ ਹੋਇਆ। ਇਸ ਮੌਕੇ ਨਵੰਬਰ 2020 ਵਿਚ ਗੈਰ-ਸਰਕਾਰੀ ਰੈਫ਼ਰੈਂਡਮ ਕਰਵਾਉਣ ਦਾ ਐਲਾਨ ਕੀਤਾ ਗਿਆ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਇਸ ਮੌਕੇ ਤਿੰਨ ਮਤੇ ਪੜ੍ਹੇ ਗਏ ਅਤੇ ਖੁੱਲ੍ਹੇਆਮ ਖ਼ਾਲਿਸਤਾਨ ਬਣਾਉਣ ਲਈ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਵੰਬਰ 2020 ਵਿਚ ਪੰਜਾਬ ਸਮੇਤ ਵਿਸ਼ਵ ਭਰ ਵਿਚ ਗੈਰ ਸਰਕਾਰੀ ਰੈਫ਼ਰੈਂਡਮ ਕਰਵਾਇਆ ਜਾਵੇਗਾ। ਦੂਜੇ ਮਤੇ ਵਿਚ ਕਿਹਾ ਗਿਆ ਕਿ 1950 ਵਿਚ ਜੋ ਸੰਵਿਧਾਨ ਲਾਗੂ ਕੀਤਾ ਗਿਆ ਸੀ।

ਉਸ ਵਿਚ ਸਿੱਖਾਂ ਨੂੰ ਮਾਨਤਾ ਨਹੀਂ ਦਿੱਤੀ ਅਤੇ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਹੈ। ਜਿਸ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਤੁਹਾਡੀ ਅਲੱਗ ਬੋਲੀ, ਧਰਮ ਗ੍ਰੰਥ ਅਤੇ ਖਿੱਤਾ ਹੋਵੇ ਤਾਂ ਅਧਿਕਾਰ ਹਨ ਕਿ ਅਜ਼ਾਦੀ ਲਈ ਜਾਵੇ।

ਜਿਸ ਕਰਕੇ ਰੈਫ਼ਰੈਂਡਮ ਤੋਂ ਬਾਅਦ ਪੰਜਾਬ ਦੀ ਅਜ਼ਾਦੀ ਦਾ ਮਾਮਲਾ ਯੂ.ਐਨ.ਓ.ਕੋਲ ਉਠਾਇਆ ਜਾਵੇਗਾ। ਤੀਜੇ ਮਤੇ ਵਿਚ ਕਿਹਾ ਗਿਆ ਕਿ ਯੂ.ਐਨ.ਓ. ਵਿਚ ਪੰਜਾਬ ਦੀ ਅਜ਼ਾਦੀ ਖ਼ਾਲਿਸਤਾਨ ਲਈ ਦਾਅਵਾ ਪੇਸ਼ ਕਰਨ ਤੋਂ ਬਾਅਦ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਨ੍ਹਾਂ ਮਤਿਆਂ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਖ਼ਾਲਿਸਤਾਨ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਪਾਸ ਕੀਤੇ ਗਏ। ਇਸ ਮੌਕੇ ਬੋਲਦਿਆਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਵਕੀਲ ਮਿ. ਰਿਚਰਡ ਨੇ ਕਿਹਾ ਕਿ 1947 ਵਿਚ ਜੋ ਵਾਅਦੇ ਸਿੱਖਾਂ ਨਾਲ ਜਵਾਹਰ ਲਾਲ ਨਹਿਰੂ ਨੇ ਕੀਤੇ ਸਨ, ਉਹ ਨਿਭਾਏ ਨਹੀਂ ਗਏ। ਪਾਣੀਆਂ ਲਈ ਵਿਤਕਰਾ, 1984 ਵਿਚ ਸਿੱਖ ਨਸਲਕੁਸ਼ੀ ਕੀਤੀ ਗਈ। ਜਿਨ੍ਹਾਂ ਨੂੰ ਆਧਾਰ ਬਣਾ ਕੇ ਕੇਸ ਕੀਤਾ ਜਾ ਸਕਦਾ ਹੈ। ਗੁਰਪ੍ਰੀਤ ਸਿੰਘ ਢਿੱਲੋਂ ਨੇ ਮਿ. ਰਿਚਰਡ ਦੇ ਬਿਆਨ ਦਾ ਪੰਜਾਬੀ ਤਜਰਮਾ ਕੀਤਾ ਅਤੇ ਕਿਹਾ ਕਿ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਖੋਹਿਆ।

ਵਕੀਲ ਜੈਰਮੀ ਬਰਟਨ ਨੇ ਕਿਹਾ ਕਿ ਸਿੱਖਾਂ ਨੇ ਇਤਿਹਾਸ ਰਚਿਆ ਹੈ ਜਿਸ ਨੂੰ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਨਾਲ ਚੇਤੇ ਰੱਖਣਗੀਆਂ।  ਡਾ: ਬਖਸ਼ੀਸ਼ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਲਾਰਡ ਨਜ਼ੀਰ ਅਹਿਮਦ ਨੇ ਸਟੇਜ ਤੋਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਅਤੇ ਪੰਜਾਬੀ ਵਿਚ ਭਾਸ਼ਣ ਦਿੰਦਿਆਂ ਖ਼ਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਸਮਰਥਨ ਦਾ ਐਲਾਨ ਕੀਤਾ।

ਉਨ੍ਹਾਂ ਭਾਰਤ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬੁਰਾ ਭਲਾ ਕਿਹਾ। ਇਸ ਮੌਕੇ ਭਾਈ ਪਰਮਜੀਤ ਸਿੰਘ ਪੰਮਾ, ਜਸਬੀਰ ਸਿੰਘ ਘੁੰਮਣ, ਅਮਰੀਕ ਸਿੰਘ ਸਹੋਤਾ, ਜੋਗਾ ਸਿੰਘ, ਬਲਵਿੰਦਰ ਸਿੰਘ ਚੱਠਾ ਯੂ.ਐਸ.ਏ., ਸ਼ਵਿੰਦਰ ਸਿੰਘ ਰੰਧਾਵਾ, ਗੁਰਚਰਨ ਸਿੰਘ ਗੁਰਾਇਆ ਫਰੈਂਕਫ਼ਰਟ, ਅਵਤਾਰ ਸਿੰਘ ਸੰਘੇੜਾ, ਜਾਰਜ ਗੈਲੋਵ ਯੂ.ਕੇ. ਤੋਂ, ਸੁਖਵਿੰਦਰ ਸਿੰਘ ਠਾਣਾ, ਅਵਤਾਰ ਸਿੰਘ ਪੰਨੂੰ, ਜਸਬੀਰ ਸਿੰਘ ਦਿੱਲੀ ਆਦਿ ਹਾਜ਼ਰ ਸਨ।

ਰੈਫ਼ਰੈਂਡਮ ਦੇ ਮੁਕਾਬਲੇ ਵਿਚ ਭਾਰਤ ਹਮਾਇਤੀਆਂ ਵਲੋਂ ਵੀ ਰੈਲੀ

ਲੰਡਨ : ਪੰਜਾਬ ਰੈਫ਼ਰੈਂਡਮ 2020 ਦੇ ਮੁਕਾਬਲੇ ਭਾਰਤ ਪੱਖੀ ਭਾਈਚਾਰੇ ਵਲੋਂ ਲੰਡਨ ਦੇ ਟਰੈਫ਼ਲਗਰ ਸੁਕਏਅਰ ਵਿਖੇ ਭਾਰਤ ਦੇ ਹੱਕ ਵਿਚ ਕਰਵਾਈ ਗਈ ਰੈਲੀ ‘ਚ ਸ਼ਾਮਿਲ ਹੋਏ ਸੈਂਕੜੇ ਵਿਅਕਤੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅਸੀਂ ਭਾਰਤ ਨਾਲ ਹਾਂ। ਭਾਰਤ ਪੱਖੀ ਇਸ ਰੈਲੀ ‘ਚ ਗਿਣਤੀ ਪੱਖੋਂ ਭਾਵੇਂ ਬਹੁਤੇ ਲੋਕ ਸ਼ਾਮਿਲ ਨਹੀਂ ਸਨ ਪਰ ਪੁਲਿਸ ਨੇ ਦੋਹਾਂ ਰੈਲੀਆਂ ਵਿਚਕਾਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਇਸ ਰੈਲੀ ਵਿਚ ਸ਼ਾਮਿਲ ਪ੍ਰਦਰਸ਼ਨਕਾਰੀਆਂ ਵਲੋਂ ਭਾਰਤ ਨੂੰ ਨਾ ਤੋੜਨ ਦੇ ਨਾਅਰੇ ਲਗਾਉਂਦਿਆਂ ਭਾਰਤ ਮਹਾਨ ਦੇ ਗੀਤ ਗਾਏ ਗਏ। ਇਹ ਵਿਅਕਤੀ ਕਹਿ ਰਹੇ ਸਨ ‘ਅਸੀਂ ਭਾਰਤ ਨਾਲ ਹਾਂ’ ਇਹ ਵਿਅਕਤੀ ਢੋਲ ਵਜਾ ਕੇ ‘ਲਵ ਮਾਈ ਇੰਡੀਆ’, ‘ਵੰਦੇ ਮਾਤਰਮ’ ਅਤੇ ‘ਇੰਡੀਆ ਜੈ ਹੋ’ ਦੇ ਗੀਤ ਗਾ ਰਹੇ ਸਨ। ਇਸ ਰੈਲੀ ਦੇ ਪ੍ਰਬੰਧਕਾਂ ‘ਚੋਂ ਇਕ ਨਵਦੀਪ ਸਿੰਘ ਨੇ ਕਿਹਾ ਕਿ ਭਾਰਤੀ ਸਿੱਖ ਰੈਫ਼ਰੈਂਡਮ 2020 ਨਹੀਂ ਚਾਹੁੰਦੇ ਅਤੇ ਉਹ ਇਹ ਵੀ ਨਹੀਂ ਜਾਣਦੇ ਕਿ ਇਹ ਰੈਫ਼ਰੈਂਡਮ ਹੋ ਕਿਸ ਲਈ ਰਿਹਾ ਹੈ।  ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਯੂ. ਕੇ. ਸਰਕਾਰ ਵਲੋਂ ਰੈਫ਼ਰੈਂਡਮ 2020 ਰੈਲੀ ਲਈ ਦਿੱਤੀ ਇਜਾਜ਼ਤ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਅਸੀਂ ਵੱਖਵਾਦੀ ਹਿੰਸਾ ਤੇ ਨਫ਼ਰਤ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਦੇਣ ਦੇ ਖ਼ਿਲਾਫ਼ ਹਾਂ। ਇਸ ਮੌਕੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਮੀ ਰੇਂਜਰ ਨੇ ‘ਸਿੱਖ ਫ਼ਾਰ ਜਸਟਿਸ’ ਦੀ ਅਗਵਾਈ ਵਿਚ ਕਰਵਾਈ ਗਈ ਰੈਲੀ ਨੂੰ ‘ਮੁੱਠੀ ਭਰ ਅਣਚੁਣੇ ਤੇ ਸਵੈ ਨਾਮਜ਼ਦ ਸਿੱਖਾਂ’ ਦੀ ਰੈਲੀ ਕਰਾਰ ਦਿੰਦਿਆਂ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਇਸ ਅਖੰਡਤਾ ਵਿਰੋਧੀ ਰੈਲੀ ਦੇ ਖ਼ਿਲਾਫ਼ ਹੈ।

Check Also

ਰਾਹੁਲ ਗਾਂਧੀ ਜਾਰਜਟਾਊਨ ਯੂਨੀਵਰਸਿਟੀ  ’ਚ ਵਿਦਿਆਰਥੀਆਂ ਦੇ ਸਮਾਗਮ ਵਿਚ ਹੋਏ ਸ਼ਾਮਲ

ਕਿਹਾ : ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਡਰ ਨਹੀਂ ਲੱਗਦਾ ਵਾਸ਼ਿੰਗਟਨ/ਬਿਊਰੋ ਨਿਊਜ਼ ਕਾਂਗਰਸ ਪਾਰਟੀ …