ਰਾਏਕੋਟ ਦਾ ਅਰਪਨ ਖੰਨਾ ਕੈਨੇਡਾ ‘ਚ ਸੰਸਦ ਮੈਂਬਰ ਬਣਿਆ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਤਿੰਨ ਪ੍ਰਾਂਤਾਂ ਵਿਚ ਚਾਰ ਸੰਸਦੀ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਈਆਂ। ਜਿਸ ‘ਚ ਦੋ ਸੀਟਾਂ ਸੱਤਾਧਾਰੀ ਲਿਬਰਲ ਪਾਰਟੀ ਤੇ ਦੋ ਸੀਟਾਂ ਮੁੱਖ ਵਿਰੋਧੀ, ਕੰਸਰਵੇਟਿਵ ਪਾਰਟੀ ਨੂੰ ਮਿਲੀਆਂ। ਫਸਵਾਂ ਮੁਕਾਬਲਾ ਦੱਖਣੀ ਉਨਟਾਰੀਓ ਵਿਚ ਆਕਸਫੋਰਡ ਹਲਕੇ ਤੋਂ ਲਿਬਰਲ ਉਮੀਦਵਾਰ ਡੇਵਿਡ ਹਿਲਡਰਲੀ ਤੇ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਵਿਚਕਾਰ ਸੀ। ਇਸ ਮੁਕਾਬਲੇ ਵਿਚ 16144 ਵੋਟਾਂ ਪ੍ਰਾਪਤ ਕਰਕੇ ਅਰਪਨ ਖੰਨਾ ਨਿਕਟ ਵਿਰੋਧੀ ਹਿਲਡਰਲੀ ਤੋਂ 2570 ਵੋਟਾਂ ਦੇ ਫਰਕ ਨਾਲ਼ ਜੇਤੂ ਰਹੇ ਹਨ। ਜ਼ਿਕਰਯੋਗ ਹੈ ਕਿ ਅਰਪਨ ਖੰਨਾ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਰਾਏਕੋਟ ਨਾਲ ਸਬੰਧਤ ਹਨ। ਕਿਊਬਕ ਵਿਚ ਨੋਟਰ ਡੇਮ ਗਰੇਸ ਵੈਸਟਮਾਊਂਟ ਤੋਂ ਲਿਬਰਲ ਆਨਾ ਗੇਨੀ ਤੇ ਮੈਨੀਟੋਬਾ ਵਿਚ ਵਿਨੀਪੈੱਗ ਦੱਖਣੀ ਕੇਂਦਰੀ ਹਲਕੇ ਤੋਂ ਲਿਬਰਲ ਬੈੱਨ ਕਾਰ ਨੇ ਚੋਣ ਜਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਬੈਨ ਕਾਰ ਦਾ ਮੁਕਾਬਲਾ 46 ਹੋਰ ਉਮੀਦਵਾਰਾਂ ਨਾਲ਼ ਸੀ। ਜ਼ਿਮਨੀ ਚੋਣਾਂ ਵਿਚ ਆਪਣੀਆਂ ਦੋਵੇਂ ਸੀਟਾਂ (ਕਿਊਬਕ ਤੇ ਮੈਨੀਟੋਬਾ) ਉਪਰ ਦੁਬਾਰਾ ਜਿੱਤ ਹੋਣ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।