1.7 C
Toronto
Saturday, November 15, 2025
spot_img
Homeਦੁਨੀਆਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ

ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ

ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਮਾਲਦੀਵ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਕਰੰਸੀ ਅਦਲਾ-ਬਦਲੀ ਨੂੰ ਲੈ ਕੇ ਸਮਝੌਤਾ ਕੀਤਾ ਅਤੇ ਵਿੱਤੀ ਸੰਕਟ ਨਾਲ ਜੂਝ ਰਹੇ ਮਾਲਦੀਵ ‘ਚ ਬੰਦਰਗਾਹਾਂ, ਸੜਕ ਨੈੱਟਵਰਕ, ਸਕੂਲ ਅਤੇ ਹਾਊਸਿੰਗ ਪ੍ਰਾਜੈਕਟ ‘ਚ ਸਹਿਯੋਗ ਦੇਣ ‘ਤੇ ਭਾਰਤ ਨੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਵਰਚੁਅਲੀ ਮਾਲਦੀਵ ‘ਚ ਰੁਪੈ ਕਾਰਡ ਦਾ ਉਦਘਾਟਨ ਕੀਤਾ। ਕਰੰਸੀ ਅਦਲਾ-ਬਦਲੀ ਦੇ ਸਮਝੌਤੇ ਨਾਲ ਮਾਲਦੀਵ ਨੂੰ ਵਿਦੇਸ਼ੀ ਮੁਦਰਾ ਭੰਡਾਰ ਨਾਲ ਜੁੜੇ ਮੁੱਦਿਆਂ ਦੇ ਨਿਬੇੜੇ ‘ਚ ਸਹਾਇਤਾ ਮਿਲੇਗੀ।
ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਲਦੀਵ ਨੂੰ ਯੂਪੀਆਈ ਨਾਲ ਜੋੜਨ ‘ਤੇ ਵੀ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਨੀਮਾਧੂ ਕੌਮਾਂਤਰੀ ਹਵਾਈ ਅੱਡੇ ‘ਤੇ ਨਵੇਂ ਰਨਵੇਅ ਦਾ ਉਦਘਾਟਨ ਕੀਤਾ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਸਹਿਮਤੀ ਜਤਾਈ। ਚਾਰ ਰੋਜ਼ਾ ਸਰਕਾਰੀ ਦੌਰੇ ‘ਤੇ ਆਏ ਮੁਇਜ਼ੂ ਨੇ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ। ਗੱਲਬਾਤ ਦੌਰਾਨ ਭਾਰਤ ਨੇ ਮਾਲਦੀਵ ਨੂੰ 700 ਰਿਹਾਇਸ਼ੀ ਇਕਾਈਆਂ ਵੀ ਸੌਂਪੀਆਂ। ਮੁਇਜ਼ੂ ਨਾਲ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ, ‘ਅੱਜ ਅਸੀਂ ਨਵੇਂ ਸਿਰੇ ਤੋਂ ਹਨੀਮਾਧੂ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹੁਣ ਗਰੇਟਰ ਮਾਲੇ ਸੰਪਰਕ ਪ੍ਰਾਜੈਕਟ ‘ਚ ਵੀ ਤੇਜ਼ੀ ਲਿਆਂਦੀ ਜਾਵੇਗੀ। ਅਸੀਂ ਥਿਲਾਫੂਸ਼ੀ ‘ਚ ਇਕ ਨਵੀਂ ਕਮਰਸ਼ੀਅਲ ਬੰਦਰਗਾਹ ਦੇ ਵਿਕਾਸ ‘ਚ ਸਹਾਇਤਾ ਕਰਾਂਗੇ।’ ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੁਇਜ਼ੂ ਦਾ ਰਾਸ਼ਟਰਪਤੀ ਭਵਨ ‘ਚ ਰਸਮੀ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਸਾਜਿਦਾ ਮੁਹੰਮਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਬਾਅਦ ‘ਚ ਮੁਇਜ਼ੂ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

 

RELATED ARTICLES
POPULAR POSTS