22 ਵਿਅਕਤੀ ਝੁਲਸੇ ਜਾਣ ਕਾਰਨ ਹੋਏ ਗੰਭੀਰ ਰੂਪ ਵਿਚ ਜ਼ਖਮੀ
ਢਾਕਾ/ਬਿਊਰੋ ਨਿਊਜ਼ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਲੰਘੀ ਦੇਰ ਰਾਤ ਇਕ ਸੱਤ ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 44 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 22 ਵਿਅਕਤੀ ਝੁਲਸੇ ਜਾਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗ੍ਰੀਨ ਕੋਜੀ ਕਾਟੇਜ ਨਾਮੀ ਬਿਲਡਿੰਗ ਵਿਚੋਂ 75 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿਚੋਂ 42 ਵਿਅਕਤੀ ਬੇਹੋਸ਼ ਸਨ। ਇਨ੍ਹਾਂ ਸਾਰਿਆਂ ਨੂੰ ਢਾਕਾ ਮੈਡੀਕਲ ਕਾਲਜ ਅਤੇ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ 44 ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਜਾਣਕਾਰੀ ਬੰਗਲਾਦੇਸ਼ ਦੇ ਸਿਹਤ ਮੰਤਰੀ ਡਾ. ਸਾਮੰਤ ਲਾਲ ਸੇਨ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿਚੋਂ ਕਈ ਵਿਅਕਤੀਆਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਵੀ ਉਨ੍ਹਾਂ ਵੱਲੋਂ ਪ੍ਰਗਟਾਇਆ ਗਿਆ।