ਗੋਆ ’ਚ ਜ਼ਮੀਨ ਲੀਜ਼ ’ਤੇ ਦੇਣ ਦੇ ਮਾਮਲੇ ’ਚ ਵਿਜੀਲੈਂਸ ਕਰੇਗੀ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੁਣ ਸ਼ਿਕੰਜਾ ਕਸਣ ਦੀ ਤਿਆਰੀ ਵਿਚ ਹੈ। ਗੋਆ ’ਚ ਪੰਜਾਬ ਸਰਕਾਰ ਦੀ ਲਗਭਗ 9 ਏਕੜ ਜ਼ਮੀਨ ਇਕ ਨਿੱਜੀ ਕੰਪਨੀ ਨੂੰ ਲੀਜ਼ ’ਤੇ ਦੇਣ ਦੇ ਮਾਮਲੇ ’ਚ ਵਿਜੀਲੈਂਸ ਚਰਨਜੀਤ ਚੰਨੀ ਨੂੰ ਪੁੱਛਗਿੱਛ ਲਈ ਜਲਦੀ ਹੀ ਤਲਬ ਕਰੇਗੀ। ਇਸ ਸਬੰਧੀ ਸੰਕੇਤ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਜਿਸ ਨੇ ਵੀ ਨੁਕਸਾਨ ਪਹੁੰਚਾਇਆ, ਉਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਧਿਆਨ ਰਹੇ ਕਿ ਮੁੱਖ ਮੰਤਰੀ ਮਾਨ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾ ਵਿਚ ਕਈ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ, ਜਿਸ ਨਾਲ ਪਤਾ ਚਲੇਗਾ ਕਿ ਪੰਜਾਬ ਦੇ ਰਾਜਨੀਤਿਕ ਆਗੂਆਂ ਨੇ ਕਿਸ ਤਰ੍ਹਾਂ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਰਹਿੰਦੇ ਹੋਏ ਗੋਆ ’ਚ ਪੰਜਾਬ ਸਰਕਾਰ ਦੀ ਲਗਭਗ 9 ਏਕੜ ਜ਼ਮੀਨ ਨੂੰ 1 ਲੱਖ 13 ਹਜ਼ਾਰ ਪ੍ਰਤੀ ਮਹੀਨੇ ਦੀ ਦਰ ਨਾਲ ਲੀਜ਼ ਦਿੱਤਾ ਸੀ। ਪੰਜਾਬ ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੰਨੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਜਾ ਸਕਦਾ ਹੈ।