Breaking News
Home / ਦੁਨੀਆ / ਅਮਰੀਕਾ ਦੇ ਸੂਬੇ ਕਨੈਕਟੀਕੱਟ ਵਿੱਚ ‘ਨਿਸ਼ਾਨ ਸਾਹਿਬ’ ਨੂੰ ਮਾਨਤਾ ਮਿਲਣ ਤੋਂ ਬਾਅਦ ਸਿੱਖ ਭਾਈਚਾਰਾ ਖੁਸ਼

ਅਮਰੀਕਾ ਦੇ ਸੂਬੇ ਕਨੈਕਟੀਕੱਟ ਵਿੱਚ ‘ਨਿਸ਼ਾਨ ਸਾਹਿਬ’ ਨੂੰ ਮਾਨਤਾ ਮਿਲਣ ਤੋਂ ਬਾਅਦ ਸਿੱਖ ਭਾਈਚਾਰਾ ਖੁਸ਼

11 ਮਾਰਚ ਨੂੰ ‘ਸਿੱਖ ਝੰਡਾ ਦਿਵਸ’ ਐਲਾਨਿਆ
ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਕਨੈਕਟੀਕੱਟ ਵਿੱਚ ਸਿੱਖ ਧਰਮ ਦੇ ਝੰਡੇ ‘ਨਿਸ਼ਾਨ ਸਾਹਿਬ’ ਅਤੇ ਸਿੱਖ ਇਤਿਹਾਸਕ ਦਿਵਸ 11 ਮਾਰਚ ਨੂੰ ‘ਸਿੱਖ ਝੰਡਾ ਦਿਵਸ’ ਵਜੋਂ ਮਾਨਤਾ ਮਿਲੀ ਹੈ। ਇਸ ਤੋਂ ਪਹਿਲਾਂ ਸੂਬੇ ਵੱਲੋਂ ਨਵੰਬਰ, 1984 ਸਿੱਖ ਨਸਲਕੁਸ਼ੀ ਨੂੰ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ। ਇਸ ਦਾ ਖੁਲਾਸਾ ਵਰਲਡ ਸਿੱਖ ਪਾਰਲੀਮੈਂਟ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸਿੱਖ ਆਗੂਆਂ ਨੇ ਕੀਤਾ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਬੁਲਾਰੇ ਅਮਰਜੀਤ ਸਿੰਘ ਵਾਸ਼ਿੰਗਟਨ ਤੇ ਹੋਰਨਾਂ ਨੇ ਦੱਸਿਆ ਕਿ ਕਨੈਕਟੀਕੱਟ ਸੂਬੇ ਦੀ ਸਰਕਾਰ ਵੱਲੋਂ ‘ਨਿਸ਼ਾਨ ਸਾਹਿਬ’ ਨੂੰ ਮਾਨਤਾ ਦਿੱਤੀ ਗਈ ਹੈ, ਜਿਸ ਨਾਲ ਅਮਰੀਕਾ ਵਿੱਚ ਵਸਦਾ ਸਮੁੱਚਾ ਸਿੱਖ ਭਾਈਚਾਰਾ ਖੁਸ਼ ਹੈ। ਉਨ੍ਹਾਂ ਦੱਸਿਆ ਕਿ 11 ਮਾਰਚ, 1783, ਜਦੋਂ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖ ਫ਼ੌਜ ਵਲੋਂ ਦਿੱਲੀ ਫ਼ਤਹਿ ਕਰਦਿਆਂ ਲਾਲ ਕਿਲੇ ‘ਤੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ ਸੀ, ਨੂੰ ਵੀ ਸਿੱਖ ਝੰਡਾ ਦਿਵਸ (ਨਿਸ਼ਾਨ ਸਾਹਿਬ) ਵਜੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਮੈਂਬਰ ਅਤੇ ਸੂਬੇ ਦੇ ਚੁਣੇ ਹੋਏ ਨੁਮਾਇੰਦੇ ਸਵਰਨਜੀਤ ਸਿੰਘ ਖਾਲਸਾ ਅਤੇ ਮਨਮੋਹਨ ਸਿੰਘ ਭਰਾਰਾ ਨੇ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਅਹਿਮ ਭੂਮਿਕਾ ਨਿਭਾਈ ਹੈ। ਹੈਮਡੇਨ ਦੇ ਗੁਰਦੁਆਰੇ ਵਿੱਚ ਨੌਰਵਿਚ ਸ਼ਹਿਰ ਦੇ ਮੇਅਰ ਪੀਟਰ ਨਾਈਸਟਰੋਮ, ਅਸੈਂਬਲੀ ਮੈਂਬਰ ਕੇਵਿਨ ਰਿਆਨ ਤੇ ਹੋਰਨਾਂ ਨੇ ਇਸ ਸਬੰਧੀ ਮਾਨਤਾ ਪੱਤਰ ਪੜ੍ਹਿਆ। ਉਨ੍ਹਾਂ ਨੇ ਸਿੱਖ ਨਿਸ਼ਾਨ ਸਾਹਿਬ ਵੀ ਚੜ੍ਹਾਇਆ ਅਤੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ। ਸੂਬੇ ਦੇ ਗਵਰਨਰ ਨੇ ਵੀਡੀਓ ਕਾਨਫਰੰਸ ਰਾਹੀਂ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …